(ਕੈਲਗਰੀ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਸਤੰਬਰ 2010 ਦਿਨ ਸਨਿਚਰਵਾਰ ਦੋ ਵਜੇ ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਮਸ਼ੇਰ ਸਿੰਘ ਸੰਧੂ, ਕਸ਼ਮੀਰਾ ਸਿੰਘ ਚਮਨ ਤੇ ਗੁਰਬਚਨ ਸਿੰਘ ਬ੍ਰਾੜ ਦੀ ਪ੍ਰਧਾਨਗੀ ਵਿਚ ਹੋਈ। ਸਟੇਜ ਸਕੱਤਰ ਦੀ ਜਿੰਮੇਂਵਾਰੀ ਜੱਸ ਚਾਹਲ ਹੋਰਾਂ ਨਿਭਾਈ। ਪਿਛਲੇ ਮਹੀਨੇ ਦੀ ਰੀਪੋਰਟ ਸੁਣਾਈ ਤੇ ਪਰਵਾਨ ਕੀਤੀ ਗਈ।
31 ਅਗਸਤ ਨੂੰ ਅਮ੍ਰਿਤਾ ਪ੍ਰੀਤਮ ਦਾ ਜਨਮ ਦਿਨ ਸੀ। ਸ਼ਮਸ਼ੇਰ ਸਿੰਘ ਸੰਧੂ ਨੇ ਉਸਦੇ ਜੀਵਨ ਤੇ ਰਚਨਾਵਾਂ ਤੇ ਇਕ ਸੰਖੇਪ ਝਾਤ ਪੁਆਈ ਤੇ ਅਮ੍ਰਿਤਾ ਪ੍ਰੀਤਮ ਦੀ ਲਿਖੀ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ-
ਆ ਕਿ ਤੈਨੂੰ ਨਜ਼ਰ ਭਰਕੇ ਅੱਜ ਦੋ ਪਲ ਵੇਖ ਲਾਂ
ਮੌਤ ਹੈ ਮਨਸੂਰ ਦੀ ਕਿਤਨੀ ਕੁ ਮੁਸ਼ਕਿਲ ਵੇਖ ਲਾਂ।
ਆ ਕਿ ਥੋੜੀ ਦੇਰ ਤੋਂ ਅੱਖੀਆਂ ਦਾ ਘਰ ਵੀਰਾਨ ਹੈ
ਆਕਿ ਫਿਰ ਲਗਦੀ ਕਿਵੇਂ ਹੰਝੂਆਂਦੀ ਮਹਿਫਲ ਵੇਖਲਾਂ।
ਜ਼ਿੰਦਗੀ ਦੀ ਪ੍ਰਾਹੁਣਚਾਰੀ ਵੇਖ ਬੈਠੇ ਹਾਂ ਅਸੀਂ
ਮੌਤ ਵੀ ਸਦਦੀ ਬੜਾ ਹੁਣ ਜਾਕੇ ਉਸ ਵਲ ਵੇਖ ਲਾਂ।
ਸੁਰਜੀਤ ਸਿੰਘ ਪੰਨੂ ਨੇ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ-
ਘਨਘੋਰ ਘਟਾ ਛਾਏਗੀ ਮੀਂਹ ਬਰਸੇਗਾ
ਇਕ ਬਰਕ ਸੀ ਲਹਿਰਾਏਗੀ ਮੀਂਹ ਬਰਸੇਗਾ।
ਜਬ ਚਾਂਦਨੀ ਕੇ ਸਾਏ ਮੇਂ ਵੁਹ ਜ਼ੁਲਫਿ ਸਿਆਹ
ਸ਼ਾਨੋਂ ਪੇ ਬਿਖਰ ਜਾਏਗੀ ਮੀਂਹ ਬਰਸੇਗਾ।
ਹਰਚਰਨ ਕੌਰ ਬਾਸੀ ਨੇ ਇਕ ਕਵੀਤਾ ਸੁਣਾਈ-
ਕਿਹੋ ਜਿਹਾ ਦਿਨ ਚੜ੍ਹਿਆ ਮਾਂ
ਰਾਮ ਸਰੂਪ ਸੈਣੀ ਹੋਰਾਂ ਨੇ ਪਹਿਲੇ ਇਕ ਭਜਨ ਤੇ ਫਿਰ ਇਕ ਗੀਤ ਬੜੇ ਖੂਬਸੂਰਤ ਤਰੰਨਮ ਵਿੱਚ ਸੁਣਾਇਆ-
1-ਮਾਧੋ ਹਮ ਐਸੇ ਤੂ ਐਸਾ, ਮਾਧੋ ਹਮ ਐਸੇ ਤੂ ਐਸਾ
ਹਮ ਮੈਲੇ ਤੁਮ ਉੱਜਲ ਕਰਤੇ ਹਮ ਨਿਰਗੁਣ ਤੁ ਦਾਤਾ।
2-ਖਾਲੀ ਹੈ ਅਭੀ ਜਾਮ ਮੈਂ ਕੁਛ ਸੋਚ ਰਹਾ ਹੂੰ
ਵੋ ਲਰਜ਼ਸ਼ੇ ਅਯਾਮ ਮੈਂ ਕੁਛ ਸੋਚ ਰਹਾ ਹੂੰ।
ਹਰਕੰਵਲਜੀਤ ਸਾਹਿਲ ਨੇ ਤਰੰਨਮ ਵਿਚ ਆਪਣੀ ਰਚਨਾ ਸੁਣਾਈ-
ਆਪਣੇ ਹੀ ਅੰਦਰੋਂ ਉਧਲ ਗਈ ਰੇਸ਼ਮਾਂ
ਦੇ ਮਗਰ ਭਜਦਾ ਰਿਹਾ ਉਮਰ ਭਰ ।
ਕਸ਼ਮੀਰਾ ਸਿੰਘ ਚਮਨ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ।
1-ਦੋ ਨੈਣ ਮਤਵਾਲੇ ਮੇਰੇ ਨਿਤ ਰਹਿਣ ਤਕਦੇ ਰਾਹ ਤੇਰਾ
ਹਿਰਦੇ ‘ਚ ਤੇਰਾ ਵਾਸ ਹੈ ਯਾਦਾਂ ’ਚ ਹੈ ਜਲਵਾ ਤੇਰਾ।
ਸੁਹਣੇ ਦਿਲਾਂ ਦੇ ਮਾਲਕਾ ਤੁੰ ਮਹਿਕਦਾ ਰੱਖੀਂ ਚਮਨ
ਬੱਦਲਾਂ ਦੀ ਨੂਰੀ ਲਿਸ਼ਕ ‘ਚ ਨਜ਼ਰੀਂ ਪਵੇ ਚਿਹਰਾ ਤੇਰਾ।
2-ਦਿੱਤਾ ਸੀ ਰਿਜ਼ਕ ਰੱਬਾ ਕੋਈ ਨਹੀਂ ਸੀ ਤੰਗੀ
ਜਿੰਦ ਯਾਰ ਦੀ ਕਿਓਂ ਤੈਂ ਸੂਲੀ ਤੇ ਫੇਰ ਟੰਗੀ।
ਜੀਵਣ ਦੇ ਤਾਰ ਸਾਰੇ ਅਜ ਤਾਰ ਤਾਰ ਹੋਏ
ਕਰ ਮਿਹਰ ਤੂੰ ਚਮਨ ਤੇ ਸੁਰ ਵਿਚ ਰਹੇ ਸਰੰਗੀ।
ਤਾਰਿਕ ਮਲਿਕ ਨੇ ਇਬਾਲ ਸੂਫੀ ਪੂਰੀ ਦੀ ਇਕ ਖੂਬਸੂਰਤ ਉਰਦੂ ਗ਼ਜ਼ਲ ਸੁਣਾਈ।
1-ਹਰ ਮੋੜ ਨਈ ਇਕ ਉਲਝਣ ਹੈ ਕਦਮੋਂ ਕਾ ਸੰਭਲਨਾ ਮੁਸ਼ਕਿਲ ਹੈ
ਵੋ ਸਾਥ ਨ ਦੇਂ ਫਿਰ ਧੂਪ ਤੋ ਕਯਾ, ਸਾਏ ਮੇਂ ਭੀ ਚਲਨਾ ਮੁਸ਼ਕਿਲ ਹੈ।
ਅਬ ਹਮ ਪੇ ਖੁਲਾ ਯੇ ਰਾਜ਼ੇ ਚਮਨ ਉਲਝਾਕੇ ਬਹਾਰੋਂ ਮੇਂ ਦਾਮਨ
ਕਾਂਟੋਂ ਸੇ ਨਿਕਲਨਾ ਆਸਾਂ ਥਾ, ਫੂਲੋਂ ਸੇ ਨਿਕਲਨਾ ਮੁਸ਼ਕਿਲ ਹੈ।
ਗੁਰਬਚਨ ਸਿੰਘ ਬ੍ਰਾੜ (ਪ੍ਰਧਾਨ ਲਿਖਾਰੀ ਸਭਾ) ਨੇ ਆਪਣੇ ਮਿੱਤਰ ਮਹਿੰਦਰਦੀਪ ਸਿੰਘ ਗਰੇਵਾਲ ਦਾ ਭੇਜਿਆ ਗ਼ਜ਼ਲ- ਸੰਗ੍ਰਹਿ ‘ਦਿਲ ਦੀ ਪਰਵਾਜ਼’ ਸ਼ਮਸ਼ੇਰ ਸਿੰਘ ਸੰਧੂ ਨੂੰ ਭੇਂਟ ਕੀਤਾ ਅਤੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਪਸਰਦੇ ਜਾਂਦੇ ਹਨੇਰੇ ਦੇਰ ਹੀ ਨਾ ਕਰ ਦਿਆਂ
ਸੂਰਜਾਂ ਦੇ ਬਾਲ ਦੀਵੇ ਹਰ ਬਨੇਰੇ ਧਰ ਦਿਆਂ।
ਫੈਸਲੇ ਦੇਖੋ ਅਜਬ ਹਰ ਧਰਮ ਦਾ ਰਹਿਬਰ ਕਰੇ,
ਕਿਸ ਸ਼ਖ਼ਸ ਨੂੰ ਤੀਰ ਤੇ ਕਿਸ ਸ਼ਖ਼ਸ ਨੂੰ ਖੰਜਰ ਦਿਆਂ।
ਬੇਪਤੀ ਬੇਗਾਨਿਆਂ ਕੀਤੀ ਬੜੀ ਜਰਦੇ ਰਹੇ,
ਜਿਸਮ ਸਾਡਾ ਚੂੰਡਿਆ ਹੁਣ ਆਪਣੇ ਹੀ ਘਰਦਿਆਂ।
ਗੁਰਚਰਨ ਕੌਰ ਥਿੰਦ ਨੇ ਆਪਣੀ ਇਕ ਨਵੀਂ ਤੇ ਭਾਵਪੂਰਤ ਖ਼ੂਬਸੂਰਤ ਕਹਾਣੀ ‘ਕਨੇਡੀਅਨ ਕੂੰਜਾਂ’ ਸੁਣਾਈ।
ਜੱਸ ਚਾਹਲ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ-
ਇਨਹੀਂ ਕੋ ਦੇਖਕਰ ਹਮ ਆਜ ਇਸ ਮਕਾਮ ਪੇ ਹੈਂ
ਕੈਸੇ ਕਹਿ ਦੇਂ ਨਾ ਦਿਨ ਕੋ ਦੇਖਾ ਕਰੋ ਸਪਨੋਂ ਕੋ।
ਤਰਸੇਮ ਸਿੰਘ ਪਰਮਾਰ ਨੇ ਰਿਆਜ਼ ਖਾਲਿਦ ਦੀ ਇਕ ਗ਼ਜ਼ਲ ਸੁਣਾਈ-
ਤਹਿਜ਼ੀਬ ਕੀ ਜੋ ਗੋਦ ਕਾ ਪਾਲਾ ਹੈ ਦੋਸਤੋ
ਅੰਦਾਜ਼ ਉਸਕਾ ਕਿਤਨਾ ਨਿਰਾਲਾ ਹੈ ਦੋਸਤੋ।
ਜਸਬੀਰ ਸਿੰਘ ਸਹੋਤਾ ਨੇ ਆਪਣੀ ਇਕ ਕਵਿਤਾ ਸੁਣਾਈ-
ਗ਼ਮ ਤੂੰ ਨਾ ਕਰਿਆ ਕਰ, ਖਾਧੀ ਰੁਖੀ ਸੁਕੀ ਦਾ
ਮਾਨ ਬੇਲੀਆ ਕਰਿਆ ਕਰ ਜ਼ਿੰਦਗੀ ਲੜਲੜ ਮੁੱਕੀ ਦਾ।
ਮੋਹਨ ਸਿੰਘ ਮਿਨਹਾਸ ਨੇ ਪਰਸਿੱਧ ਲੇਖਕਾਂ ਦੇ ਕੁਛ ਖ਼ੂਬਸੂਰਤ ਸ਼ਿਅਰ ਸੁਣਾਏ।
ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ।
1- ਇੱਕੋ ਹੈ ਵਾਰ ਜੀਣਾ ਇਸ ਨੂੰ ਸਵਾਰ ਯਾਰਾ
ਭਟਕਣ ਮਿਟਾਕੇ ਬਹਿ ਜਾ ਉਸਦੇ ਦਵਾਰ ਯਾਰਾ।
ਧਰਮਾਂ ਦਾ ਕੰਮ ਨਾਹੀਂ ਬੰਦੇ ‘ਚ ਪਾੜ ਪਾਉਣਾ
ਇੱਕੋ ਹੈ ਇਸ਼ਟ ਸਭ ਦਾ ਇਸਨੂੰ ਵਿਚਾਰ ਯਾਰਾ।
ਐਂਵੇਂ ਕਰੋਧ ਕਰਦੈਂ ਦੂਜੇ ਦੀ ਵੇਖ ਗ਼ਲਤੀ
ਅਪਣੇ ਗੁਨਾਹ ਦਾ ਬਹਿਕੇ ਕਰ ਤੂੰ ਸ਼ੁਮਾਰ ਯਾਰਾ।
ਗੁਜ਼ਰੇ ਇਹ ਪਲ ਜੋ ਤੇਰੇ ਮੁੜਕੇ ਨਾ ਫੇਰ ਆਉਣੇ
ਲੇਖੇ ਲਗਾ ਕਿਸੇ ਤੂੰ ਜੀਵਣ ਗੁਜ਼ਾਰ ਯਾਰਾ।
ਘੜੀਆਂ ਪਿਆਰ ਕਰਕੇ ਜੋ ਵੀ ਗੁਜ਼ਾਰ ਹੋਈਆਂ
ਜੀਵਣ ‘ਚ ਉਹ ਹੀ ਤੇਰੇ ਸਮਝੀਂ ਸ਼ੁਮਾਰ ਯਾਰਾ।
ਮਲਕੀਅਤ ਸਿੰਘ ਨੇ ਵਾਰਸ ਸ਼ਾਹ ਦੀਆਂ ਕੁਛ ਲਾਈਨਾ ਸੁਣਾਈਆਂ
ਭਾਈਆਂ ਬਾਝ ਨਾ ਮਜਲਸਾਂ ਸੁਹੰਦੀਆਂ ਨੇ
ਬਿਨਾ ਭਾਈਆਂ ਦੇ ਮੌਜ ਬਹਾਰ ਨਾਹੀਂ।
ਅਜਾਬਿ ਸਿੰਘ ਸੇਖੋਂ ਨੇ ਆਪਣੀ ਇਕ ਕਵਿਤਾ ਪੇਸ਼ ਕੀਤੀ-
ਕੀ ਕਹਿ ਸਕਦੈਂ ਕਿ ਤੂੰ ਮੇਰੇ ਦਿਲ ਵਿਚ ਵਸਦਾ ਨਹੀਂ
ਮੇਰ ਤਨ ਨੂੰ ਛੋਹਕੇ ਤਾਂ ਵੇਖ ਕਿਤੇ ਤਪਦਾ ਨਹੀਂ।
ਡਾ. ਸੁਖਵਿੰਦਰ ਸਿੰਘ ਥਿੰਦ ਨੇ ਸ਼ਾਨਦਾਰ ਮਹਿਫਲ ਸਜਾਉਣ ਲਈ ਸਾਰਿਆ ਦਾ ਧੰਨਵਾਦ ਕੀਤਾ। ਖੁਸ਼ਮੀਤ ਸਿੰਘ ਥਿੰਦ ਨੇ ਚੁਟਲੇ ਸੁਣਾਏ।
ਕੇ. ਐਨ. ਮਹਿਰੋਤਰਾ ਨੇ ਪ੍ਰਸਿੱਧ ਹਿੰਦੀ ਸ਼ਾਇਰ ਮੈਥਲੀ ਸ਼ਰਨ ਗੁਪਤਾ ਦੀ ਰਚਨਾ ਸੁਣਾਈ-
ਜਿਨ ਕੋ ਨਾ ਨਿਜ ਦੇਸ਼ ਧਰਮ ਕੌਮ ਪਰ ਅਭਿਮਾਨ ਹੋ
ਵੋ ਨਰ ਨਹੀਂ ਨਰ ਨਿਰਾ ਪਸ਼ੂ ਸਮਾਨ ਹੈ।
ਉਕਤ ਤੋਂ ਇਲਾਵਾ ਬਖ਼ਸ਼ੀਸ਼ ਸਿੰਘ ਗੋਸਲ, ਮਿਸਟਰ ਗੋਸਲ, ਮਿਸਟਰ ਉਸਤਤ ਸਿੰਘ, ਜਸਬੀਰ ਸਿੰਘ ਚਾਹਲ, ਸੁਖਵਿੰਦਰ ਸਿੰਘ ਥਿੰਦ, ਅਵਨੀਤ ਕੌਰ, ਵਰਦੀਪ ਕੌਰ ਥਿੰਦ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨ। ਸਾਰਿਆਂ ਲਈ ਚਾਹ ਪਾਣੀ ਦਾ ਯੋਗ ਪ੍ਰਬੰਧ ਸੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸਨਿਚਰਵਾਰ, 2 ਅਕਤੂਬਰ, 2010 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102 3208 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕਾਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ 403-285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 285-3539 ਅਤੇ ਪੈਰੀ ਮਾਹਲ (ਖਜ਼ਾਨਚੀ) ਨਾਲ 616-0402 ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨੂੰ 681-8281 ਤੇ ਸੰਪਰਕ ਕਰੋ।
No comments:
Post a Comment