ਪੰਜਾਬੀ ਵਿਭਾਗ ਨੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ.......... ਰੂ ਬ ਰੂ / ਨਿਸ਼ਾਨ ਸਿੰਘ ਰਾਠੌਰ


ਕੁਰੂਕਸ਼ੇਤਰ ਯੁਨੀਵਰਸਿਟੀ ਪੰਜਾਬੀ ਵਿਭਾਗ ਵੱਲੋਂ ਅੱਜ 6 ਸਤੰਬਰ 2010 ਨੂੰ ਦਿਨੇ 11 ਵਜੇ ਸੀਨੇਟ ਹਾਲ ਵਿਖੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਡੀ.ਡੀ. ਐੱਸ ਸੰਧੂ ਨੇ ਕੀਤੀ।
ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਭੱਟੀ ਨੇ ਇੰਦਰਜੀਤ ਇਮਰੋਜ਼, ਪ੍ਰਸਿੱਧ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਅਤੇ ਬਾਹਰੋਂ ਆਏ ਸਾਰੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਭਾਗ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

ਇਸ ਤੋਂ ਬਾਅਦ ਡੀਨ ਆਫ਼ ਅਕੈਡਮਿਕ ਅਫ਼ੇਸਰ ਅਤੇ ਪ੍ਰਸਿੱਧ ਪੰਜਾਬੀ ਅਲੋਚਕ ਡਾ. ਅਮਰਜੀਤ ਸਿੰਘ ਕਾਂਗ ਨੇ ਇੰਦਰਜੀਤ ਇਮਰੋਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਕਾਂਗ ਨੇ ਕਿਹਾ ਕਿ ਇੰਦਰਜੀਤ ਇਮਰੋਜ਼ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਆਉਣ ਨਾਲ ਸਾਡਾ ਸਾਰਿਆਂ ਦਾ ਮਾਣ ਵਧਿਆ ਹੈ।
ਉਨ੍ਹਾਂ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵੀ.ਸੀ. ਸਾਹਬ ਯੂਨੀਵਰਸਿਟੀ ਵਿਚ ਅਜਿਹੇ ਪ੍ਰੋਗਰਾਮ ਕਰਵਾਉਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਇਸ ਉੱਦਮ ਸਦਕਾ ਹੀ ਅੱਜ ਇਕ ਮਹਾਨ ਸ਼ਾਇਰ/ਚਿੱਤਰਕਾਰ ਸਾਡੇ ਵਿਚ ਆਇਆ ਹੈ।
ਇਸ ਤੋਂ ਬਾਅਦ ਇੰਦਰਜੀਤ ਇਮਰੋਜ਼ ਨੇ ਅਮ੍ਰਿਤਾ ਪ੍ਰੀਤਮ ਨਾਲ ਬਿਤਾਏ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਆਪਣੀ ਜਿ਼ੰਦਗੀ ਦੇ ਨਿਜੀ ਤਜ਼ਰਬਿਆਂ ਬਾਰੇ, ਚਿੱਤਰਕਲਾ ਬਾਰੇ ਅਤੇ ਸ਼ਾਇਰੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਅਮ੍ਰਿਤਾ ਪ੍ਰੀਤਮ ਅਤੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ।
ਇੰਦਰਜੀਤ ਇਮਰੋਜ਼ ਨਾਲ ਵਿਸ਼ੇਸ਼ ਤੌਰ ਤੇ ਆਈ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਨੇ ਆਪਣੀਆਂ ਨਜ਼ਮਾਂ ਰਾਹੀਂ ਹਾਜਰ ਸਰੋਤਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।
ਪੰਜਾਬੀ ਵਿਭਾਗ ਅਤੇ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਇੰਦਰਜੀਤ ਇਮਰੋਜ਼ ਅਤੇ ਸਫ਼ੀਨਾ ਬਿੱਟੂ ਸੰਧੂ ਤੋਂ ਉਹਨਾਂ ਦੀ ਕਲਾ ਬਾਰੇ ਜਾਣਕਾਰੀ ਲੈਣ ਹਿੱਤ ਕਈ ਸਵਾਲ ਵੀ ਪੁੱਛੇ ਜਿਹਨਾਂ ਦਾ ਉਹਨਾਂ ਨੇ ਵਧੀਆ ਢੰਗ ਨਾਲ ਜਵਾਬ ਦਿੱਤਾ।
ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਹਾਨ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਸਾਡੇ ਵਿਚ ਆਏ ਹਨ। ਉਹਨਾਂ ਪੰਜਾਬੀ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਇਕ ਵਧੀਆ ਉਪਰਾਲਾ ਹੈ ਅਤੇ ਯੂਨੀਵਰਸਿਟੀ ਦੇ ਦੂਜੇ ਵਿਭਾਗਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਖੇਤਰ ਵਿਚ ਸਥਾਪਤ ਲੋਕਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਤਸ਼ਾਹਤ ਕੀਤਾ ਜਾ ਸਕੇ।
ਅੰਤ ਵਿਚ ਡਾ. ਅਮਰਜੀਤ ਸਿੰਘ ਕਾਂਗ ਨੇ ਆਏ ਸਾਰੇ ਮਹਿਮਾਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਨਿਭਾਈ। 
ਇਸ ਮੌਕੇ ਤੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਡੀਨ, ਚੇਅਰਮੈਨ, ਪ੍ਰੋਫ਼ੈਸਰ, ਕਵੀ, ਸ਼ਾਇਰ ਅਤੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀ ਵੀ ਹਾਜਰ ਸਨ।
****



No comments:

Post a Comment