ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਾਹਿਤਕ ਭੁੱਖ ਪੂਰੀ ਕਰਨ ਲਈ ਪੂਰੇ ਕੈਨੇਡਾ ਭਰ ਵਿੱਚ ਵੱਖ-ਵੱਖ ਸਭਾ ਸੁਸਾਇਟੀਆਂ ਆਪਣੇ-ਆਪਣੇ ਪੱਧਰ ਤੇ ਪੂਰਾ ਯੋਗਦਾਨ ਪਾ ਰਹੀਆਂ ਹਨ । ਉੱਤਰੀ ਅਮਰੀਕਾ ਦੀਆਂ ਇੰਨਾ ਸਭਾਵਾਂ ਵਿੱਚ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਨਾਂ ਪੂਰੇ ਜਲੌਅ ਨਾਲ ਚਮਕ ਰਿਹਾ ਹੈ । ਪੰਜਾਬੀ ਲਿਖਾਰੀ ਸਭਾ ਉਭਰਦੇ ਪੰਜਾਬੀ ਲੇਖਕਾਂ ਦਾ ਮਾਰਗ ਦਰਸ਼ਨ ਕਰਦੀ ਹੈ ਅਤੇ ਸਥਾਪਿਤ ਲੇਖਕਾਂ ਦਾ ਬਣਦਾ ਸਨਮਾਨ ਕਰਦੀ ਹੈ । ਇਸ ਲੜੀ ਵਿੱਚ ਹਰ ਮਹੀਨੇ ਦੇ ਤੀਸਰੇ ਐਤਵਾਰ ਮੀਟਿਂਗ ਕੀਤੀ ਜਾਂਦੀ ਹੈ , ਅਤੇ ਸਤੰਬਰ ਮਹੀਨੇ ਦੀ ਮੀਟਿੰਗ 19 ਤਾਰੀਕ ਦਿਨ ਐਤਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਕੋਸੋ ਦੇ ਦਫਤਰ ਵਿੱਚ ਸ਼ੁਰੂ ਹੋਈ । ਹਲਕੀ-ਹਲਕੀ ਬਰਸਾਤ ਦੀ ਰਿਮ-ਝਿਮ ਵਿੱਚ ਵੀ ਮੈਂਬਰਾਂ ਦੀ ਭਰਪੂਰ ਹਾਜ਼ਰੀ ਰਹੀ । ਜਨਰਲ ਸਕੱਤਰ ਤਰਲੋਚਨ ਸੈਂਬੀ ਨੇ ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਪ੍ਰਧਾਨ ਗੁਰਬਚਨ ਸਿੰਘ ਬਰਾੜ ਅਤੇ ਪ੍ਰਸਿੱਧ ਚਿੱਤਰਕਾਰ ਜਨਾਬ ਹਰਪ੍ਰਕਾਸ਼ ਸਿੰਘ ਜਨਾਗਲ ਹੋਰਾਂ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ । ਰਚਨਾਂਵਾਂ ਦੀ ਛਹਿਬਰ ਵਿੱਚ ਸਭ ਤੋਂ ਪਹਿਲਾਂ ਬਲਵੀਰ ‘ਗੋਰਾ ਰਕਬੇ ਵਾਲਾ’ ਨੇ ਆਪਣੀ ਪੰਜਾਬ ਫੇਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਆਪਣੀ ਆਉਣ ਵਾਲੀ ਗੀਤਾਂ ਦੀ ਸੀ ਡੀ ‘ ਖਰੀਆਂ-ਖਰੀਆਂ’ ਜੋ ਕਿ ਬਹੁਤ ਜਲਦੀ ਰੀਲੀਜ਼ ਹੋਣ ਜਾ ਰਹੀ ਹੈ, ਵਿੱਚੋਂ ਦੋ ਗੀਤ ਸਾਂਝੇ ਕੀਤੇ । ਬੁਲੰਦ ਅਵਾਜ ਅਤੇ ਕਲਮ ਦੇ ਜਾਦੂ ਨੇ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਉਤਸ਼ਾਹਿਤ ਕੀਤਾ । ਹਰਮਿੰਦਰ ਕੌਰ ਢਿੱਲੋਂ ਨੇ ਆਪਣੀ ਮਧੁਰ ਅਤੇ ਸੁਰੀਲੀ ਅਵਾਜ ਵਿੱਚ ‘ਸਾਨੂੰ ਵੀ ਲੈ ਚੱਲ ਨਾਲ ਢੋਲ ਸਿਪਾਹੀਆ ਵੇ’ ਵਰਗੇ ਟੱਪੇ ਸੁਣਾਕੇ ਵਾਹ-ਵਾਹ ਖੱਟੀ । ਹਰਬੰਸ ਬੁੱਟਰ ਨੇ ਆਪਣੀ ਨਵੀ ਲਿਖੀ ਕਵਿਤਾ ‘ਖੁੱਦਗਰਜੀ ਵਿੱਚ ਬਣਦੇ ਰਿਸਤੇ,ਜਾਂਦੇ ਬਦਲ ਸਮੇ ਦੇ ਨਾਲ’ਸੁਣਾਕੇ ਤਾੜੀਆ ਹਾਸਲ ਕੀਤੀਆਂ । ਸਭਾ ਦੇ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਆਪਣੀ ਨਵੀ ਗ਼ਜ਼ਲ ਪੇਸ਼ ਕੀਤੀ । ਉਪਰੰਤ ਮੈਡੀਸਨਹੈਟ ਤੋਂ ਵਿਸੇਸ ਤੌਰ ਤੇ ਹਰ ਮਹੀਨੇ ਪਹੁੰਚਣ ਵਾਲੇ ਪ੍ਰਸਿੱਧ ਕਹਾਣੀਕਾਰ ਅਤੇ ਕਵੀ ਜ਼ੋਰਾਵਰ ਸਿੰਘ ਬਾਂਸਲ ਨੇ ਆਪਣੀਆਂ ਦੋ ਨਜ਼ਮਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ । ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਪ੍ਰੋੜ ਕਿਰਤਾਂ ਨਾਲ ਵੱਖਰੀ ਪਛਾਣ ਬਣਾ ਚੁੱਕੀ ਲੇਖਿਕਾ ਗੁਰਚਰਨ ਕੌਰ ਥਿੰਦ ਨੇ ‘ਭਗਤ ਸਿੰਘ ਦੇ ਵਾਰਸੋ’ ਨਜ਼ਮ ਸੁਣਾਕੇ ਸਰੋਤਿਆਂ ਦੀ ਸੋਚ ਨੂੰ ਹਲੂਣਿਆਂ । ਸਭਾ ਦੇ ਸਭ ਤੋਂ ਛੋਟੀ ਉਮਰ ਅਤੇ ਵੱਡੀ ਸੋਚ ਦੇ ਮਾਲਿਕ ਦੇ ਅਵਨਿੰਦਰ ਨੂਰ ਨੇ ਆਪਣੀ ਕਵਿਤਾ ਸੁਣਾਕੇ ਸਰੋਤਿਆਂ ਤੋਂ ਸ਼ਾਬਾਸ਼ ਲਈ । ਚਾਹ ਅਤੇ ਮਠਿਆਈ ਦੀ ਬਰੇਕ ਤੋਂ ਬਾਅਦ ਤਰਲੋਚਨ ਸੈਂਬੀ ਨੇ ਭੋਲਾ ਸਿੰਘ ਚੌਹਾਨ ਦੇ ਸਾਥ ਨਾਲ ਆਪਣੀ ਕੜਕਵੀਂ ਅਵਾਜ਼ ਵਿੱਚ ‘ਸਿੱਖਾਂ ਦੇ ਸਿਦਕ ਦੀਆਂ , ਲਿਖੀਆਂ ਨਾਲ ਖੂਨ ਦੇ ਲੜੀਆਂ’ਕਵੀਸ਼ਰੀ ਗਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਸੁਰਜੀਤ ਸਿੰਘ ਸ਼ੀਤਲ ‘ਪੰਨੂੰ’ ਜੋ ਕਿ ਸਵਰਗਵਾਸੀ ਸੋਹਣ ਸਿੰਘ ‘ਸ਼ੀਤਲ’ ਦੇ ਸਪੁੱਤਰ ਹਨ ਨੇ ਆਪਣੀਆਂ ਰੁਬਾਈਆਂ ਅਤੇ ਗ਼ਜ਼ਲ ਬੜੇ ਭਾਵਪੂਰਤ ਅੰਦਾਜ਼ ਵਿੱਚ ਪੇਸ਼ ਕੀਤੇ । ਉਹਨਾਂ ਨੇ ਆਪਣੀਆਂ ਦੋ ਕਿਤਾਬਾਂ ‘ਦਿਲ ਦੀ ਮੌਜ਼’ ਅਤੇ ‘ਦਿਲ ਦੇ ਵਹਿਣ’ ਕਰਮਵਾਰ ਗੁਰਬਚਨ ਬਰਾੜ,ਹਰਬੰਸ ਬੁੱਟਰ, ਤਰਲੋਚਨ ਸੈਂਬੀ, ਅਤੇ ਭੋਲਾ ਸਿੰਘ ਚੌਹਾਨ ਨੂੰ ਭੇ਼ਟ ਕਰਕੇ ਇਹਨਾਂ ਦਾ ਮਾਣ ਵਧਾਇਆ ਅਤੇ ਹਾਰਦਿਕ ਧੰਨਵਾਦ ਹਾਸਿਲ ਕੀਤਾ । ਇਸ ਤੋਂ ਬਾਅਦ ਰੇਡੀਓ ਸਬਰੰਗ ਨਾਲ ਕੁੱਲਵਕਤੀ ਅਨਾਉਂਸਰ ਦੇ ਤੌਰ ਤੇ ਕੰਮ ਕਰਦੇ ਨੋਜਵਾਨ ਅਮਨ ‘ਪਰਿਹਾਰ’ ਨੇ ਕੁਝ ਸ਼ਬਦਾਂ ਨਾਲ ਆਪਣੀ ਹਾਜ਼ਰੀ ਲਵਾਈ । ‘ ਸੰਦਲ ਪ੍ਰੋਡਕਸ਼ਨ’ ਦੇ ਮਾਲਕ ਅਤੇ ਨਿਰਮਾਤਾ ਪਰਮਜੀਤ ‘ਸੰਦਲ’ ਨੇ ਵਧੀਆ ਚੁਟਕਲੇ ਸੁਣਾ ਕੇ ਹਾਜ਼ਰੀਨ ਦੇ ਢਿੱਡੀਂ ਪੀੜਾਂ ਪੁਆ ਦਿੱਤੀਆਂ । ਪੰਜਾਬੀ ਲਿਖਾਰੀ ਸਭਾ ਦੇ ਖਜਾਨਚੀ ਬਲਜਿੰਦਰ ‘ਸੰਘਾ’ ਬਿੱਟੂ ਨੇ ਸੰਦਲ ਪ੍ਰੋਡਕਸ਼ਨ ਦੀ ਨਵੀਂ ਫਿਲਮ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਜੋ ਕਿ ਆਉਣ ਵਾਲੇ ਦਿਨਾਂ ਵਿੱਚ ਰੀਲੀਜ਼ ਕੀਤੀ ਜਾਵੇਗੀ ਵਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਇਹ ਫਿਲਮ ਦੇਖਣ ਦੀ ਬੇਨਤੀ ਵੀ ਕੀਤੀ । ਗੁਰਬਚਨ ਬਰਾੜ ਨੇ ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ 16 ਅਕਤੂਬਰ 2010 ਨੂੰ ਹੋ ਰਹੇ ਨਾਟਕਾਂ ਵਾਰੇ ਜਾਣਕਾਰੀ ਦਿੱਤੀ ਜਿਹੜੇ ਸੇਅਟ ਦੇ ਔਰਫੀਅਸ ਥੀਏਟਰ ਵਿੱਚ ਹੋ ਰਹੇ ਹਨ । ਨਾਲ ਹੀ ਆਪਣੀ ਖੁਬਸੂਰਤ ਗ਼ਜ਼ਲ ‘ਮੁਹੱਬਤ ਦੇ ਪਲਾਂ ਨੂੰ ਯਾਦ ਕਰਕੇ , ਕਦੇ ਨਾਂ ਬੈਠਿਆ ਕਰ ਅੱਖ ਭਰਕੇ’ ਸੁਣਾਈ । ਉਪਰੋਕਤ ਮੈਬਰਾਂ ਤੋਂ ਇਲਾਵਾ ਮੀਟਿੰਗ ਵਿੱਚ ਜਸਵੀਰ ਸਿੰਘ ਸਹੋਤਾ,ਮਾ: ਭਜਨ ਸਿੰਘ ਗਿੱਲ, ਪ੍ਰੋ: ਮਨਜੀਤ ਸਿੰਘ ਸਿੱਧੂ, ਜਨਾਬ ਜਸਵੰਤ ਸਿੰਘ ਗਿੱਲ, ਚੰਦ ਸਿੰਘ ਸਦਿਓੜਾ, ਅਵਤਾਰ ਸਿੰਘ ਮੁੰਜਲ, ਹਰੀਪਾਲ, ਪ੍ਰਿਸੀਪਲ ਸਤਪਾਲ ਕੌਸ਼ਲ, ਇੰਦਰ ਮੋਹਨ ਅਰੋੜਾ, ਦਵਿੰਦਰ ਸਿੰਘ ਮਲਹਾਂਸ, ਪਵਨਦੀਪ ਕੌਰ ਬਾਂਸਲ, ਰਾਜਪਾਲ ਸਿੰਘ ਗਰਚਾ, ਹਰਜਿੰਦਰ ਸਿੰਘ ਢਿੱਲੋਂ, ਜੁਗਰਾਜ ਸਿੰਘ ਗਿੱਲ, ਨਛੱਤਰ ਸਿੰਘ ਆਦੀਵਾਲ, ਬਲਵੀਰ ਸਿੰਘ ਕਲਿਆਣੀ, ਬੂਟਾ ਸਿੰਘ ਰੀਹਲ, ਹੈਪੀ ਮਾਨ (ਪ੍ਰਧਾਨ ਕੋਸੋ), ਗੁਰਲਾਲ ਸਿੰਘ ਰੁਪਾਲੋਂ਼, ਰਾਜਕਿਰਨ ਰੁਪਾਲੋ਼ਂ, ਗੁਰਮੀਤ ਭੱਟੀ, ਪੈਰੀ ਮਾਹਲ, ਡਾ: ਪ੍ਰਮਜੀਤ ਸਿੰਘ ਬਾਠ, ਵੀ ਸਾ਼ਮਲ ਸਨ । ਅੰਤ ਵਿੱਚ ਗੁਰਬਚਨ ਬਰਾੜ ਨੇ ਆਏ ਹੋਏ ਸਾਰੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਅੱਗੇ ਨੂੰ ਵੀ ਭਰਪੂਰ ਸਹਿਯੋਗ ਦੀ ਜਾਚਨਾ ਕੀਤੀ । ਸਭਾ ਦੀ ਅਗਲੇ ਮਹੀਨੇ ਦੀ ਇੱਕਤਰਤਾ 17 ਅਕਤੂਬਰ 2010 ਦਿਨ ਐਤਵਾਰ ਨੂੰ ਬਾਅਦ ਦੁਪਿਹਰ ਦੋ ਵਜੇ ਹੋਵੇਗੀ । ਵਧੇਰੇ ਜਾਣਕਾਰੀ ਲਈ ਗੁਰਬਚਨ ਬਰਾੜ ਨੂੰ 403-470-2628 , ਜਾਂ ਤਰਲੋਚਨ ਸੈਂਬੀ ਨੂੰ 403-650-3759 ਤੇ ਫੋਨ ਕਰ ਸਕਦੇ ਹੋ ।
No comments:
Post a Comment