ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਬਲਵੀਰ ਗੋਰਾ ‘ਰਕਬੇ ਵਾਲੇ’ਦੀ ਸੀ.ਡੀ. ‘ਖਰੀਆਂ-ਖਰੀਆਂ’ ਰੀਲੀਜ.......... ਸੀ.ਡੀ. ਰਿਲੀਜ਼ / ਤਰਲੋਚਨ ਸੈਂਬੀਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੋਕਲ਼ੇ ਵਿਹੜੇ ਵਿੱਚ ਹੈਰਾਨੀਜਨਕ ਹਾਜਰੀ ਨਾਲ ਹਾਲ ਖਚਾਖਚ ਭਰਿਆ ਹੋਇਆ ਸੀ , ਜਿਸ ਵਿੱਚ ਨੌਜਵਾਨਾਂ ਦੀ ਗਿਣਤੀ ਖਾਸ ਤੌਰ ਤੇ ਸਲਾਹੁਣਯੋਗ ਸੀ । ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਿਲਣੀ ਮਿਤੀ 17 ਅਕਤੂਬਰ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਬਾਅਦ ਦੁਪਿਹਰ ਦੋ ਵਜੇ ਸ਼ੁਰੂ ਹੋਈ । ਮੀਟਿੰਗ ਦਾ ਸੰਚਾਲਨ ਜਨਰਲ ਸਕੱਤਰ ਤਰਲੋਚਨ ਸੈਂਬੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਗੁਰਬਚਨ ਬਰਾੜ, ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ‘ਪਾਲ’, ਅਤੇ ਬਲਵੀਰ ਗੋਰਾ ਸ਼ੁਸ਼ੋਭਿਤ ਸਨ। ਮੀਟਿੰਗ ਦਾ ਆਗਾਜ਼ ਭੋਲਾ ਸਿੰਘ ‘ਚੌਹਾਨ’ ਨੇ ਗੋਰੇ ਰਕਬੇ ਵਾਲੇ ਦੇ ਗੀਤ ‘ਅੱਜ ਫੇਰ ਦੋਸਤੋ ਪੰਜਾਬ ਮੇਰਾ ਬੰਦ ਏ’ ਨਾਲ ਕੀਤਾ । ਜੋਗਿੰਦਰ ਸੰਘਾ ਨੇ ਆਪਣੀ ਲਿਖੀ ਰਚਨਾਂ ‘ਦਿਲ ਪਿਆਰ ਤੋਂ ਸੱਖਣਾ ਜੀਵਨ ਵੀਰਾਨ ਹੈ’ ਪੇਸ਼ ਕੀਤੀ ਅਤੇ ਜੋ ਅੱਜ ਕੱਲ੍ਹ ਵਾਈਵਰੇਸ਼ਨ ਮਸ਼ੀਨਾਂ ਜਿਹੜੀਆਂ ਭਾਰ ਘਟਾਉਣ ਵਿੱਚ ਸਹਾਈ ਹੁੰਦੀਆਂ ਹਨ ਦੇ ਨਫੇ ਅਤੇ ਨੁਕਸਾਨ ਵਾਰੇ ਸਰੋਤਿਆਂ ਨੂੰ ਸੁਚੇਤ ਕੀਤਾ । ਪਰਦੀਪ ਸਿੰਘ ‘ਕੰਗ’ ਨੇ ਆਪਣਾ ਇੱਕ ਗੀਤ ਪੇਸ਼ ਕੀਤਾ । ਇਸ ਤੋਂ ਬਾਅਦ ਸਭਾ ਦੇ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ‘ਪਾਲ’ ਨੇ ਆਪਣੀ ਗ਼ਜ਼ਲ ‘ਦੋਸਤਾਂ ਦਿੱਤੇ ਜਖ਼ਮ ਮੈਂ ਸਹਿ ਗਿਆ,ਦਾਗ ਪਰ ਦਿਲ ਦੇ ਉੱਤੇ ਪੈ ਗਿਆ’ਕਹਿ ਕੇ ਦਾਦ ਹਾਸਲ ਕੀਤੀ । ਪਹਿਲੀ ਵਾਰ ਮੀਟਿੰਗ ਤੇ ਪਹੁੰਚਣ ਵਾਲੀ ਸ਼੍ਰੀ ਮਤੀ ਸੁੱਖ ਖੋਖਰ ਜੋ ਕਿ ਲਿਖਾਰੀ, ਪੱਤਰਕਾਰ ਅਤੇ ਮੁਸੱਬਰ ਹਨ ਨੇ ਆਪਣੇ ਵਾਰੇ ਹਾਜਰੀਨ ਨਾਲ ਜਾਣਕਾਰੀ ਸਾਂਝੀ ਕੀਤੀ ।ਜਲੰਧਰ ਦੂਰਦਰਸਨ ਦੇ ਪ੍ਰੋਗ੍ਰਾਮ ਸੰਚਾਲਕ ਡਾਕਟਰ ਸੰਪੂਰਨ ਸਿੰਘ ਚਾਨੀਆਂ ਨੇ ਆਪਣੇ ਭਾਰਤ ਤੋਂ ਕੈਨੇਡਾ ਤੱਕ ਦੇ ਸਫਰ ਉੱਤੇ ਆਪਣੀ ਕਵਿਤਾ ਸੁਣਾਈ ਅਤੇ ਸ਼ਾਹਿਦ ਦੇ ਗੁਣਾਂ ਵਾਰੇ ਸਰੋਤਿਆਂ ਨੂੰ ਦੱਸਿਆ । ਉਪਰੰਤ ਬਲਵੀਰ ਗੋਰਾ ‘ਰਕਬੇ ਵਾਲੇ’ ਦੀ ਸੀ ਡੀ ‘ਖਰੀਆਂ-ਖਰੀਆਂ’ ਤਾੜੀਆਂ ਦੀ ਗੜਗੜਾਹਟ ਵਿੱਚ ਰੀਲੀਜ਼ ਕੀਤੀ ਗਈ । ਇਸ ਐਲਬਮ ਨੂੰ ਕੇ ਐਂਡ ਕੇ ਕੰਪਨੀ ਦੇ ਬੈਨਰ ਥੱਲੇ, ਰਮੇਸ਼ ‘ਦੁੱਗਲ’ ਦੇ ਸੰਗੀਤ ਨਿਰਦੇਸ਼ਨ ਨਾਲ ਸਿੰਗਾਰਿਆ ਹੈ । ਗੋਰੇ ਨੇ ਆਪਣੀ ਇਸ ਐਲਬਮ ਵਿੱਚੋਂ ‘ਗਾਇਕ ਨੀਂ ਲੱਭਣਾ ਸੱਚ ਗਾਉਣ ਲਈ, ਨਾ ਲਿਖ ਗੱਲਾ ਖਰੀਆਂ-ਖਰੀਆਾਂ’ ਟਾਈਟਲ ਗੀਤ ਤੋਂ ਇਲਾਵਾ ‘ਜਾਣਾ ਪ੍ਰਦੇਸੋਂ ਜਦੋਂ ਹੋਵੇ ਪਿੰਡ ਆਪਣੇ ਨੂੰ,ਬੰਦੇ ਨੂੰ ਵਿਆਹ ਜਿੰਨਾਂ ਚਾਅ ਹੁੰਦਾ ਏ’ ਗੀਤ ਸੁਣਾਏ ਸਰੋਤਿਆਂ ਤੋਂ ਵਾਹ-ਵਾਹ ਖੱਟੀ । ਹਰਮਿੰਦਰ ਕੌਰ ‘ਢਿੱਲੋਂ’ ਨੇ ਆਪਣਾ ਗੀਤ ‘ਦੇਸ਼ ਦੇ ਪਹਿਰੇਦਾਰੋ ਸੰਭਾਲੋ ਜਿੰਮੇਦਾਰੀ ਨੂੰ , ਦੁਨੀਆਂ ਮਰਦੀ ਜਾਂਦੀ ਪੀ ਕੇ ਗੰਧਲੇ ਪਾਣੀ ਨੂੰ’ ਬਹੁਤ ਹੀ ਸੁਰੀਲੀ ਅਵਾਜ ਵਿੱਚ ਗਇਆ । ਮੈਡੀਸਨ ਹੈਟ ਵਾਲੇ ਜੋ਼ਰਾਵਰ ਸਿੰਘ ‘ਬਾਂਸਲ’ ਨੇ ਆਪਣੀ ਕਵਿਤਾ ‘ਤੁਰਦੇ ਤੁਰਦੇ ਮੈਂ ਕਿੱਥੇ ਆ ਗਿਆ ਹਾਂ, ਜਦੋਂ ਤੱਕਦਾ ਹਾ ਕਿ ਪਿੱਛੇ ਕੋਈ ਨਹੀ ਰਹਿ ਗਿਆ ਹੈ’ ਬੜੇ ਹੀ ਭਾਵਪੂਰਤ ਤਰੀਕੇ ਨਾਲ ਪੇਸ਼ ਕੀਤੀ । ਸਾਬਕਾ ਸਕੱਤਰ ਅਤੇ ਰੇਡੀਓ ਵਿਰਸਾ ਪੰਜਾਬ ਦੇ ਹੋਸਟ ਹਰਬੰਸ ਬੁੱਟਰ ਦੋ ਕਵਿਤਾਵਾਂ ‘ਜਿਉਂਦਿਆਂ ਦੀ ਨਾ ਜਿੰਨ੍ਹਾਂ ਪੁੱਛੀ ਬਾਤ ਕਦੇ ਉਹਨਾਂ, ਪਰ ਜੱਗੋਂ ਤੁਰ ਗਿਆਂ ਦਾ ਹਿਰਵਾ ਜਿਆਦਾ ਕਰਦੇ ਨੇ, ਅੱਜ ਕੱਲ੍ਹ ਨਕਲੀ ਅਸਲੀ ਹੋਣ ਦਾ ਦਾਅਵਾ ਕਰਦੇ ਨੇ’ ਅਤੇ ‘ਪੁਰਖਿਆਂ ਦੇ ਹੱਡ ਕੁਝ ਸੱਜਣਾ ਨੇ ਸਸਤੇ ਵਿਕਣੇ ਲਾਏ,ਲਾਲਚ ਵੱਸ ਤਮਾਸ਼ਬੀਨ ਕਈ ਬੰਨ੍ਹ ਕਤਾਰਾਂ ਆਏ’ ਗਾ ਕੇ ਸਰੋਤਿਆਂ ਨੂੰ ਵੱਖਰੀ ਕਿਸਮ ਦੀ ਸੋਚ ਨਾਲ ਝਜੋੜ ਗਿਆ । ਰੇਡੀਓ ‘ਸਬਰੰਗ’ ਦੇ ਡਾਇਰੈਕਟਰ ਰਾਜੇਸ਼ ਅੰਗਰਾਲ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਰੇਡੀਓ ਸਬਰੰਗ ਦੇ ਦਰਵਾਜੇ ਹਮੇਸ਼ਾ ਖੁੱਲੇ ਹਨ ਅਤੇ ਉਹ ਇਸ ਸੇਵਾ ਬਦਲੇ ਕੋਈ ਇਵਜਾਨਾ ਨਹੀ ਲੈਣਗੇ । ਆਪਣੇ ਰੇਡੀਓ ਉੱਤੇ ਕਿਸੇ ਤਾਂਤਰਿਕ ਜਾਂ ਪਖੰਡੀ ਬਾਬੇ ਦਾ ਵਿਗਿਆਪਨ ਨਹੀਂ ਦੇਣਗੇ । ਪਹਿਲੀ ਵਾਰ ਸਭਾ ਵਿੱਚ ਆਏ ਗੁਰਜੀਤ ਸਿੰਘ ‘ਜੱਸੀ’ ਘੋਲੀਏ ਵਾਲੇ ਨੇ ‘ਦੀਪੇ ਘੋਲੀਏ ਵਾਲੇ ਦਾ ਲਿਖਿਆ ਗੀਤ ‘ਵੇ ਮੈਂ ਤੇਰਿਆਂ ਗਮਾਂ ਦੀ ਜਿਉਣ ਜੋਗਿਆ, ਅੱਧੀ ਹਿੱਸੇਦਾਰ ਬਣ ਜਾਂ’ ਗਾ ਕੇ ਰੰਗ ਬੰਨਿਆਂ । ਡਾ: ਮਹਿੰਦਰ ਸਿੰਘ ‘ਹੱਲਣ’ ਹੋਰਾਂ ਨੇ ਰੋਜਾਨਾ ਨਵੀਆਂ ਸਭਾਵਾਂ ਬਣਨ ਵਾਰੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅੰਗ ਪੇਸ਼ ਕੀਤਾ ਜਿਸ ਨੂੰ ਸੁਣਕੇ ਹੱਸਦਿਆਂ ਸਰੋਤਿਆਂ ਦੇ ਢਿੱਡੀਂ ਪੀੜਾਂ ਪੈ ਗਈਆਂ । ਉਪਰੰਤ ਸੰਦਲ ਪ੍ਰੋਡਕਸ਼ਨ ਦੇ ਪਰਮਜੀਤ ਸੰਦਲ ਨੇ ਨਵੇਕਲੇ ਅੰਦਾਜ਼ ਵਿੱਚ ਚੁਟਕਲੇ ਸੁਣਾਏ ਅਤੇ ਆਪਣੀ ਬਹੁਤ ਜਲਦੀ ਰੀਲੀਜ਼ ਹੋ ਰਹੀ ਫਿਲਮ ‘ਦਿਲ ਦਰਿਆ ਸਮੁੰਦਰੋਂ ਡੂੰਘੇ’ ਵਾਰੇ ਜਾਣਕਾਰੀ ਦਿੱਤੀ । ਚੇਤੇ ਰਹੇ ਕਿ ਪਰਮਜੀਤ ਸੰਦਲ ਪਿਛਲੇ ਸਾਲ ਇਸੇ ਫਿਲਮ ਦਾ ਪਹਿਲਾ ਹਿੱਸਾ ‘ਕੌਣ ਦਿਲਾਂ ਦੀਆਂ ਜਾਣੇ’ ਪੇਸ਼ ਕਰ ਚੁੱਕੇ ਹਨ ਜਿਸ ਨੂੰ ਹਰ ਵਰਗ ਦੇ ਦਰਸ਼ਕਾਂ ਨੇ ਭਰਪੂਰ ਸਲਾਹਿਆ ਸੀ । ਪੰਜਾਬੀ ਲਿਖਾਰੀ ਸਭਾ ਇਸ ਫਿਲਮ ਲਈ ਵੀ ਦਰਸ਼ਕਾਂ ਤੋਂ ਨਿੱਗਰ ਹੁੰਗਾਰੇ ਦੀ ਆਸ ਕਰਦੀ ਹੈ । ਸੁਰਜੀਤ ਸਿੰਘ ਸ਼ੀਤਲ ‘ਪੰਨੂੰ’ ਨੇ ਆਪਣੀ ਗ਼ਜ਼ਲ ‘ਵਿੱਚ ਪ੍ਰਦੇਸਾਂ ਆ ਬੰਦੇ ਦੀ ਬਦਲ ਜਾਂਦੀ ਏ ਬੋਲੀ’ ਸੁਣਾਕੇ ਸਰੋਤਿਆਂ ਤੋ ਦਾਦ ਲਈ । ਗੁਰਪਾਲ ਸਿੰਘ ‘ਰੁਪਾਲੋਂ’ ਨੇ ਧੀਆਂ ਵਾਰੇ ਬਹੁਤ ਹੀ ਭਾਵੁਕ ਕਵਿਤਾ ਪੜ੍ਹੀ । ਬਾਬਾ ਗੁਰਨਾਮ ਸਿੰਘ ‘ਗਿੱਲ’ ਨੇ ਕਰਨੈਲ ਸਿੰਘ ‘ਪਾਰਸ’ ਦੀ ਕਵੀਸ਼ਰੀ ‘ਸੱਸੀ’ ਵਿੱਚੋਂ ਇੱਕ ਛੰਦ ਸਰੋਤਿਆਂ ਨੂੰ ਸੁਣਾਕੇ ਪਾਰਸ ਹੋਰਾਂ ਦੀ ਰਚਨਾਂ ਨਾਲ ਆਪਣੀ ਪਕੜ ਦਾ ਸਬੂਤ ਦਿੱਤਾ । ਉਪਰੰਤ ਮਾਸਟਰ ਭਜਨ ਸਿੰਘ ਗਿੱਲ (ਸਕੱਤਰ ਪ੍ਰੋਗਰੈਸਿਵ ਡੈਮੋਕ੍ਰੇਟਿਕ ਫੋਰਮ) ਨੇ ਲਿਖਾਰੀ ਸਭਾ ਅਤੇ ਸਮੁੱਚੇ ਪੰਜਾਬੀ ਮੀਡੀਏ ਦਾ ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਨਾਟਕਾਂ ਵਿੱਚ ਸ਼ਮੂਲੀਅਤ ਲਈ ਵਿਸ਼ੇਸ਼ ਧੰਨਵਾਦ ਕੀਤਾ । ਹਰਕੰਵਲਜੀਤ ਸਾਹਿਲ ਨੇ ਆਪਣੀ ਕਵਿਤਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਪੰਜਾਬੀ ਦੇ ਕੁਝ ਮਿਆਰੀ ਰਸਾਲਿਆਂ ਵਾਰੇ ਜਾਣਕਾਰੀ ਦਿੱਤੀ । ਚੰਦ ਸਿੰਘ ਸਦਿਓੜਾ ਨੇ ਅੰਗਰੇਜ਼ੀ ਅਖਬਾਰ ਦੇ ਕਾਲਮ ਦਾ ਪੰਜਾਬੀ ਅਨੁਵਾਦ ‘ਬਾਜ’ ਪੜ੍ਹਕੇ ਸੁਣਇਆ । ਬੀਬੀ ਗੁਰਚਰਨ ਕੌਰ ‘ਥਿੰਦ’ ਨੇ ‘ਵਾਦ-ਵਿਵਾਦ’ ਨਾਂ ਦੀ ਇੱਕ ਬਹੁਤ ਹੀ ਸੰਵੇਦਨਸ਼ੀਲ ਰਚਨਾਂ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ । ਇਸ ਤੋਂ ਬਾਅਦ ਅਜਾਇਬ ਸਿੰਘ ‘ਸੇਖੋਂ’ ਨੇ ਆਪਣੀ ਇੱਕ ਰਚਨਾਂ ਸਾਂਝੀ ਕੀਤੀ । ਮਨਜੋਤ ਗਿੱਲ ਸਕੱਤਰ ਪੰਜਾਬ ਕਲਚਰ ਸੁਸਾਇਟੀ ਨੇ ਆਪਣੀ ਲਿਖੀਆਂ ਦੋ ਰਚਨਾਂਵਾਂ ‘ਰਫਤਾਰ’ ਅਤੇ ਮੌਜੂਦਾ ਹਾਲਾਤਾਂ ਵਾਰੇ ਸੁਣਾਈਆਂ । ਤਰਲੋਚਨ ਸਿੰਘ ‘ਸੈਂਬੀ’ ਅਤੇ ਭੋਲਾ ਸਿੰਘ ‘ਚੌਹਾਨ’ ਨੇ ਸੋਹਣ ਸਿੰਘ ‘ਸ਼ੀਤਲ’ ਹੋਰਾਂ ਦੀ ਲਿਖੀ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇ ਪ੍ਰਸੰਗ ਵਿੱਚੋਂ ਇੱਕ ਛੰਦ ‘ਗੱਡੀ’ ਤਰਜ਼ ਵਿੱਚ ਸੁਣਾਕੇ ਸਰੋਤਿਆਂ ਨਾਲ ਸਾਂਝ ਪਾਈ । ਪੰਜਾਬੀ ਲਿਖਾਰੀ ਸਭਾ ਕੈਲਗਰੀ ਪੰਜਾਬ ਕਲਚਰਲ ਸੁਸਾਇਟੀ ,ਕੈਲਗਰੀ ਪੰਜਾਬੀ ਸ਼ੋਸ਼ਲ ਕਲੱਬ ਅਤੇ ਮੁਖਤਿਆਰ ਸਿੰਘ ਮੰਡ ਮੈਮੋਰੀਅਲ ਫਾਊਂਡੇਸ਼ਨ ਦੇ ਤਰਨਜੀਤ ਸਿੰਘ ‘ਮੰਡ’ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਭਰਪੂਰ ਸਹਿਯੋਗ ਦੀ ਅਭਿਲਾਸ਼ਾ ਰੱਖਦੀ ਹੈ । ਅੰਤ ਵਿੱਚ ਪ੍ਰਧਾਨ ਗੁਰਬਚਨ ਸਿੰਘ ‘ਬਰਾੜ’ ਨੇ ‘ਗੋਰੇ ਰਕਬੇ ਵਾਲੇ’ ਨੂੰ ਵਧਾਈ ਦਿੱਤੀ ਅਤੇ ਆਏ ਸਾਰੇ ਵੀਰਾਂ ਅਤੇ ਭੈਣਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਕਾਰਕੂੰਨਾਂ ਨੂੰ ਸੁਚੱਜਾ ਸਾਹਿਤ ਰਚਣ ਅਤੇ ਨਿੱਜੀ ਰੰਜਸ਼ਾਂ ਤੋਂ ਉਪਰ ਉੱਠ ਕੇ ਵਿਚਰਣ ਦਾ ਸੁਝਾਅ ਦਿੱਤਾ । ਉਪਰੋਕਤ ਸੱਜਣਾਂ ਤੋਂ ਇਲਾਵਾ ਮੀਟਿੰਗ ਵਿੱਚ ਹਰਪ੍ਰਕਾਸ਼ ਜਨਾਗਲ, ਜਸਵੰਤ ਸਿੰਘ ਗਿੱਲ, ਮਨਜੀਤ ਸਿੰਘ ਸਿੱਧੂ, ਹਰਜਿੰਦਰ ਬਰਾੜ, ਕੁਲਦੀਪ ਕੌਰ, ਸੰਦੀਪ ਕੁਮਾਰ, ਜਸਵੀਰ ਕੌਰ, ਗੁਰਮੀਤ ਕੌਰ ਕੁਲਾਰ, ਕਰਨਵੀਰ ਸਿੰਘ ਕੁਲਾਰ, ਸੁਖਵੀਰ ਕੌਰ ਕੁਲਾਰ, ਬਲਜਿੰਦਰ “ਸੰਘਾ”, ਹਰੀਪਾਲ,ਜਰਨੈਲ ਸਿੰਘ ਤੱਗੜ, ਬਲਵੀਰ ਸਿੰਘ ਕਲਿਆਣੀ, ਨਛੱਤਰ ਸਿੰਘ ਆਦੀਵਾਲ, ਸੁਰਿੰਦਰ ਕੌਰ ਚੀਮਾ, ਨਸੀਬ ਕੌਰ ਸਦਿਓੜਾ, ਰਾਜਪਾਲ ਗਰਚਾ, ਰਣਜੀਤ ਲਾਡੀ, ਜਗਦੀਪ ਰੰਧਾਵਾ, ਪਰਮਜੀਤ ਸਿੰਘ ਢਿੱਲੋਂ, ਜਗਦੀਪ ਸਿੰਘ ਪਨੈਚ, ਹਰਪ੍ਰੀਤ ਸਿੰਘ ਸੋਹੀ, ਕੁਲਦੀਪ ਸਿੰਘ ਗਿੱਲ, ਸੁਖਵਿੰਦਰ ਸਿੰਘ ਪੰਦੋਹਲ, ਰਾਜਵਿੰਦਰ ਸਿੰਘ ਕੈਲੇ, ਜਗਤਾਰ ਸਿੰਘ ਸਿੱਧੂ, ਗੁਰਜਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ ਬੋਪਾਰਾਏ, ਗੁਰਸੇਵਕ ਸਿੰਘ ਜਵੰਦਾ, ਰਵੀ ਖਹਿਰਾ, ਸਤਵਿੰਦਰ ਸਿੰਘ ਢਿੱਲੋਂ , ਕਰਨੈਲ ਖੋਖਰ, ਮਨਜੀਤ ਦਿਓਲ, ਬਲਦੇਵ ਸੱਲ, ਅਮਨਦੀਪ ਸਿੰਘ, ਪਵਨਦੀਪ ਕੌਰ ਬਾਂਸਲ, ਹਰਬੰਸ ਗਿੱਲ, ਸੁਖਪਾਲ ਪਰਮਾਰ(ਰੇਡੀਓ ਵਿਰਸਾ ਪੰਜਾਬ), ਅੰਮ੍ਰਿਤ ਗਿੱਲ, ਅਮਨਦੀਪ ਪ੍ਰਹਾਰ, ਹਰਚਰਨ ਸਿੰਘ ਪਰਿਹਾਰ (ਸਿੱਖ ਵਿਰਸਾ ), ਅਵਤਾਰ ਸਿੰਘ ਸ਼ੇਰਗਿੱਲ, ਡਾ:ਪਰਮਜੀਤ ਸਿੰਘ ਬਾਠ, ਪਾਲੀ ਸਿੰਘ ਸ਼ਾਮਲ ਸਨ ।ਕੈਲਗਰੀ ਦੇ ਪਬਲਿਕ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਲਾਗੂ ਕਰਵਾਉਣ ਲਈ 14 ਨਵੰਬਰ 2010 ਨੂੰ ਫਾਲਕਿਨਰਿੱਜ/ਕੈਸਲਰਿੱਜ ਕਮਿਓਨਟੀ ਵਿੱਚ ਹਾਲ ਦਿਨ ਦੇ 2;00 ਵਜੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਇੱਕ ਵਿਸੇ਼ਸ ਸੈਮੀਨਾਰ ਪੰਜਾਬੀ ਬੋਲੀ ਦੇ ਮਾਹਿਰਾਂ ਦੀ ਅਗਵਾਈ ਥੱਲੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬੀ ਬੋਲੀ ਨੂੰ ਬਚਾਉਣ ਲਈ,ਸਾਡੀਆਂ ਆਉਣ ਵਾਲੀਆਂ ਨਸਲਾਂ ਮਾਂ ਬੋਲੀ ਨਾਲ ਕਿਸ ਤਰਾਂ ਜੁੜੀਆਂ ਰਹਿ ਸਕਦੀਆਂ ਹਨ,ਦੇ ਵਾਰੇ ਵਿੱਚ ਵਿਚਾਰਾਂ ਕੀਤੀਆਂ ਜਾਣਗੀਆਂ।ਸੋ ਸਮੁੱਚੇ ਪੰਜਾਬੀਆਂ ਨੂੰ ਖਾਸ ਕਰਕੇ ਜਿਨਾਂ ਦੇ ਬੱਚੇ ਪਬਲਿਕ ਸਕੂਲਾਂ ਵਿੱਚ ਪੜ੍ਹਦੇ ਹਨ ਇਸ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਲੀ ਮੀਟਿੰਗ ਮਿਤੀ 21 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਹੋਵੇਗੀ । ਇਸ ਦੀ ਵਧੇਰੇ ਜਾਣਕਾਰੀ ਲਈ ਪ੍ਰਧਾਨ ਗੁਰਬਚਨ ਬਰਾੜ ਨੂੰ 403-470-2628 ਜਾਂ ਜ: ਸਕੱਤਰ ਤਰਲੋਚਨ ਸੈਂਬੀ ਨੂੰ 403-650-3759 ਫੋਨ ਕਰ ਸਕਦੇ ਹੋ । 

****

No comments:

Post a Comment