ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਲੰਡਨ ਵੱਲੋਂ ਬਜ਼ੁਰਗ ਲੇਖਕ ਮੱਘਰ ਸਿੰਘ ਪਨੇਸਰ ਦੀ ਪੁਸਤਕ ‘ਮੇਰੀ ਸਾਹਿਤ ਯਾਤਰਾ’ ਦੀ ਘੁੰਡ ਚੁਕਾਈ ਅਤੇ ਇਸ ‘ਤੇ ਇੱਕ ਭਰਵੀਂ ਵਿਚਾਰ-ਚਰਚਾ ਦਾ ਪ੍ਰਬੰਧ ਕੀਤਾ ਗਿਆ । ਪੰਜਾਬੀ ਸੈਂਟਰ ਇਲਫੋਰਡ ਵਿਖੇ ਇਕੱਤਰ ਹੋਏ ਇਲਾਕੇ ਦੇ ਲੇਖਕਾਂ ਤੇ ਬੁੱਧੀਜੀਵੀਆਂ ਨੇ ਸ ਪਨੇਸਰ ਨੂੰ 90 ਸਾਲ ਦੀ ਉਮਰ ਵਿੱਚ ਇਸ ਤਰ੍ਹਾਂ ਦੀ ਬੇਮੁੱਲ ਪੁਸਤਕ ਦੇਣ ਲਈ ਵਧਾਈ ਪੇਸ਼ ਕੀਤੀ । ਸਮਾਗਮ ਦੀ ਪ੍ਰਧਾਨਗੀ ਮੇਅਰ ਸ ਨਿਰਮਲ ਸਿੰਘ ਗਿੱਲ ਨੇ ਕੀਤੀ । ਇਸ ਤੋਂ ਬਿਨਾ ਸਰਵ ਸ੍ਰੀ ਪੂਰਨ ਸਿੰਘ, ਫ਼ੌਜਾ ਸਿੰਘ, ਬਲਬੀਰ ਸਿੰਘ ਕੰਵਲ ਵੀ ਪ੍ਰਧਾਨਗੀ ਮੰਡਲ ‘ਚ ਸ਼ਾਮਿਲ ਹੋਏ । ਪੁਸਤਕ ’ਤੇ ਕੁੰਜੀਵਤ ਪਰਚਾ ਡਾ ਪ੍ਰੀਤਮ ਸਿੰਘ ਕੈਂਬੋ ਨੇ ਪੜ੍ਹਿਆ । ਉਨ੍ਹਾਂ ਬਹੁਤ ਬਾਰੀਕੀ ਨਾਲ ਕਿਤਾਬ ‘ਚ ਪੇਸ਼ ਵਿਚਾਰਾਂ ਦੇ ਵਿਭਿੰਨ ਪਹਿਲੂਆਂ ਅਤੇ ਮੱਘਰ ਸਿੰਘ ਪਨੇਸਰ ਦੀ ਸ਼ਖ਼ਸੀਅਤ ਦੇ ਉੱਘੜਵੇਂ ਪੱਖਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਇਹ ਕਿਤਾਬ ਇੱਕ ਅਮੁੱਲ ਵਿਚਾਰ ਭੰਡਾਰ ਹੈ ਜਿਸ ਵਿੱਚ ਸਦਾਚਾਰਕ ਕਦਰਾਂ ਕੀਮਤਾਂ, ਤਰਕ, ਬਬੇਕ ਅਤੇ ਸੁਹਜ ਨੂੰ ਵਡਿਆਇਆ ਗਿਆ ਹੈ । ਵੱਡੀ ਉਮਰ ਵਿੱਚ ਅਕਸਰ ਲੋਕ ਤਰਕ ਦਾ ਪੱਲਾ ਛੱਡ ਦਿੰਦੇ ਹਨ ਪ੍ਰੰਤੂ ਪਨੇਸਰ ਹੁਰਾਂ ਦੀਆਂ ਲਿਖਤਾਂ ਵਿੱਚ ਤਰਕ ਹੀ ਪ੍ਰਧਾਨ ਹੈ । ਪੂਰਨ ਸਿੰਘ ਨੇ ਉਨ੍ਹਾਂ ਨੂੰ ਇੱਕ ਸਫ਼ਲ ਲੇਖਕ ਹੋਣ ਦੇ ਨਾਲ-ਨਾਲ ਇੱਕ ਜਿ਼ੰਮੇਵਾਰ ਨਾਗਰਿਕ ਅਤੇ ਸੁਹਿਰਦ ਪਿਤਾ ਆਖਿਆ । ਗੁਰਦਾਸ ਸਿੰਘ ਪਰਮਾਰ ਨੇ ਗੁਰਨਾਮ ਗਿੱਲ ਦੀ ਆਗਾਮੀ ਗ਼ਜ਼ਲ ਪੁਸਤਕ ਬਾਰੇ ਜਾਣਕਾਰੀ ਦਿੱਤੀ । ਮੇਅਰ ਸ ਗਿੱਲ ਨੇ ਸਮੁੱਚੀ ਚਰਚਾ ਨੂੰ ਬੜੇ ਭਾਵਪੂਰਤ ਸ਼ਬਦਾਂ ਨਾਲ ਸਮੇਟਿਆ ਤੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਸਾਹਿਤਕਾਰਾਂ ਦਾ ਇਸ ਪ੍ਰਕਾਰ ਦੀਆਂ ਚਰਚਾਵਾਂ ਕਰਦੇ ਰਹਿਣਾ ਜ਼ਰੂਰੀ ਹੈ ।
ਅੰਤ ਵਿੱਚ ਹੋਏ ਸੰਖੇਪ ਪਰ ਰੌਚਕ ਕਵੀ ਦਰਬਾਰ ਦੀ ਸੁੰਦਰ ਸ਼ੁਰੂਆਤ ਸੁਰਿੰਦਰ ਸੀਹਰਾ ਦੀਆਂ ਗ਼ਜ਼ਲਾਂ ਨਾਲ ਹੋਈ । ਬਲਵਿੰਦਰ ਮਠਾਰੂ, ਬਲਬੀਰ ਸਿੰਘ ਕੰਵਲ, ਸੰਤੋਖ ਸੈਂਭੀ, ਪਰਮਜੀਤ ਰਤਨਪਾਲ, ਅਵਤਾਰ ਸਿੰਘ ਦੀਆਂ ਕਵਤਿਾਵਾਂ ਤੋਂ ਇਲਾਵਾ ਪ੍ਰਸਿੱਧ ਗ਼ਜ਼ਲਗੋ ਗੁਰਦਾਸ ਸਿੰਘ ਪਰਮਾਰ, ਗੁਰਸ਼ਰਨ ਸਿੰਘ ਅਜੀਬ, ਤੇ ਗੁਰਨਾਮ ਗਿੱਲ ਨੇ ਆਪੋ-ਆਪਣੀਆਂ ਗ਼ਜ਼ਲਾਂ ਨਾਲ ਮਾਹੌਲ ਸਿਰਜਿਆ । ਅੰਤ ’ਚ ਸਮਾਗਮ ਦੇ ਸੰਚਾਲਕ ਰਾਜਿੰਦਰਜੀਤ ਨੇ ਵੀ ਗ਼ਜ਼ਲ ਸੁਣਾਈ ।
****
No comments:
Post a Comment