ਕੈਲਗਰੀ : ਪ੍ਰੋਗਰੈਸਿਵ ਡੈਮੋਕ੍ਰੈਟਿਕ ਫੋਰਮ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਭਰਵੀਂ ਮੀਟਿੰਗ ਸ਼੍ਰੀ ਸੋਹਣ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਫੋਰਮ ਦੇ ਸਕੱਤਰ ਮਾਸਟਰ ਭਜਨ ਸਿੰਘ ਗਿੱਲ ਨੇ ਨਿਭਾਈ। ਸ਼ੁਰੂ ਵਿੱਚ ਜੁਗਿੰਦਰ ਸੰਘਾ ਨੇ ਕੈਨੇਡਾ ਵਿੱਚ ਟਰੇਡ ਯੂਨੀਅਨ ਬਾਰੇ ਜਾਣਕਾਰੀ ਭਰਪੂਰ ਵਿਚਾਰ ਰੱਖੇ। ਉਹਨਾਂ ਨੇ ਸਿਹਤ ਸੇਵਾਵਾਂ ਸੰਬੰਧੀ ਵਲੰਟੀਅਰ ਤੌਰ ਤੇ ਕੀਤੇ ਗਏ ਸਰਵੇਖਣ ਅਤੇ ਅਲਬਰਟਾ ਸਰਕਾਰ ਨੂੰ ਭੇਜੇ ਗਏ ਸੁਝਾਵਾਂ ਦੀ ਸੰਖੇਪ ਜਾਣਕਾਰੀ ਦਿੱਤੀ।
ਅੱਜ ਦੇ ਸੈਮੀਨਾਰ ਦੇ ਮੁੱਖ ਬੁਲਾਰੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਗੁਰਬਚਨ ਸਿੰਘ ਬਰਾੜ ਨੇ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਪੇਪਰ “ਦੱਖਣੀ ਅਫ਼ਰੀਕਾ ਦਾ ਅਜ਼ਾਦੀ ਸੰਘਰਸ਼ ਅਤੇ ਭਾਰਤ ਨਾਲ ਸਮਾਨਤਾਵਾਂ” ਵਿਸ਼ੇ ਤੇ ਪੜ੍ਹਿਆ। ਇਸ ਪੇਪਰ ਵਿੱਚ ਬਰਾੜ ਨੇ ਦੱਖਣੀ ਅਫ਼ਰੀਕਾ ‘ਚ ਚੱਲੀ ਅਜ਼ਾਦੀ ਲਹਿਰ,ਲਹਿਰ ‘ਚ ਸਰਗਰਮ ਵਿਭਿੰਨ ਪਾਰਟੀਆ, ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਰੋਲ ਅਤੇ ਯੋਗਦਾਨ, ਇਨ੍ਹਾਂ ਦੀਆਂ ਰਾਜਨੀਤਕ ਪਹੁੰਚਾਂ ਦਾ ਕਈ ਪੱਖਾਂ ਤੋਂ ਮੁਲਅੰਕਣ ਹੀ ਨਹੀਂ ਕੀਤਾ ਸਗੋਂ ਇਨ੍ਹਾਂ ਨਾਲ ਸੰਬੰਧਤ ਕੁਝ ਨੇਤਾਵਾਂ ਦੀਆਂ ਕਾਰਗੁਜ਼ਾਰੀਆਂ ਅਤੇ ਸਰਗਰਮੀਆਂ ਦੀ ਚੀਰਫ਼ਾੜ ਵੀ ਕੀਤੀ ਹੈ।ਦੱਖਣੀ ਅਫ਼ਰੀਕਾ ਤੇ ਭਾਰਤ ਦੀ ਅਜ਼ਾਦੀ ਜ਼ੱਦੋ-ਜ਼ਹਿਦ ਸਮੇਂ ‘ਚ ਵਿਚਾਰਾਂ, ਸੋਚਾਂ ਤੇ ਰਾਜਨੀਤਿਕ ਚਾਲਾਂ ‘ਚ ਕਈ ਕਿਸਮ ਦੀ ਸਮਾਨਤਾ ਸਾਫ਼ ਦਿਖ਼ਾਈ ਦਿੰਦੀ ਹੈ। ਜਿਵੇਂ ਸਾਮਰਾਜੀ ਹਾਕਮਾਂ ਨੇ, ਜਿੰਨ੍ਹਾਂ ਜਾਗਰੂਕ ਦੇਸ਼-ਭਗਤਾਂ ਤੇ ਨੌਜ਼ਵਾਨਾਂ ਤੋਂ ਖ਼ਤਰਾ ਲੱਗਾ ਜਾਂ ਰਾਜ-ਸੱਤਾ ਦੀ ਸਾਂਝ-ਭਿਆਲੀ ਪਾਉਣ ‘ਚ ਅੜਿੱਕਾ ਸਮਝਿਆ, ਉਨ੍ਹਾਂ ਨੂੰ ਅਜ਼ਾਦੀ ਤੋਂ ਪਹਿਲਾਂ ਜਾਂ ਪਿੱਛੋਂ ਮਰਵਾ ਦਿੱਤਾ ਗਿਆ। ਸ਼ਹੀਦੇ ਆਜ਼ਮ ਭਗਤ ਸਿੰਘ ਤੇ ਉਸਦੇ ਸਾਥੀ, ਹੋਰ ਸੁਚਾਰੂ ਲੋਕ ਪੱਖੀ ਸੋਚ ਰੱਖਣ ਵਾਲੇ ਆਗੂਆਂ ਵਾਂਗ ਹੀ, ਦੱਖਣੀ ਅਫ਼ਰੀਕਾ ਦੀ ਇਨਕਲਾਬੀ ਜੱਥੇਬੰਦੀ “ਓਮਖੰਟੋ” ਦੇ ਚੀਫ਼ ਕਰਿਸ ਹੈਨੀ ਅਤੇ ਮਾਓਵਾਦੀ ਲੀਡਰਾਂ ਨੂੰ ਖ਼ਤਮ ਕਰਨਾ ਅਤੇ ਆਪਣੇ ਸਿਧਾਏ ਆਗੂਆਂ ਨੂੰ ਰਾਜ-ਸੱਤਾ ਸੌਂਪਣਾ ਆਦਿ ਵਿਸ਼ੇਸ਼ ਸਮਾਨਤਾਵਾਂ ਵਰਨਣ ਯੋਗ ਹਨ।
ਉਪਰੰਤ ਜਗਦੀਸ਼ ਚੋਹਕਾ,ਡਾ; ਹਰਭਜਨ ਢਿੱਲੋਂ, ਤਰਸੇਮ ਪਰਮਾਰ, ਪ੍ਰੋ; ਮਨਜੀਤ ਸਿੱਧੂ ਹੋਰਾਂ ਨੇ ਪਰਚੇ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਬਚਨ ਬਰਾੜ ਨੇ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਹੈ ਜੋ ਕਾਫ਼ੀ ਜਾਣਕਾਰੀ ਭਰਪੂਰ ਹੈ। ਇਨ੍ਹਾਂ ਬੁਲਾਰਿਆਂ ਨੇ ਪੇਪਰ ਤੇ ਉਸਾਰੂ ਨੁਕਤਾਚੀਨੀ ਵੀ ਕੀਤੀ ਅਤੇ ਕੀਮਤੀ ਸੁਝਾਅ ਵੀ ਦਿੱਤੇ। ਮਾਸਟਰ ਬਚਿੱਤਰ ਸਿੰਘ ਗਿੱਲ ਨੇ ਮਰਹੂਮ ਸੰਤ ਰਾਮ ਉਦਾਸੀ ਦਾ ਗੀਤ ਜੋਸ਼ੀਲੇ ਅੰਦਾਜ਼ ਵਿੱਚ ਗਾਇਆ;
ਲ਼ੋਕੋ ਬਾਜ਼ ਆ ਜੋ ਝੂਠੇ ਲੀਡਰਾਂ ਤੋਂ
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ।
ਬਲਜਿੰਦਰ ਸੰਘਾ ਨੇ ਸੰਦਲ ਪ੍ਰੋਡਕਸ਼ਨ ਦੀ ਆ ਰਹੀ ਫ਼ਿਲਮ ਬਾਰੇ ਸੰਖ਼ੇਪ ਜਾਣਕਾਰੀ ਦਿੱਤੀ। ਫ਼ੋਰਮ ਦੇ ਪ੍ਰਧਾਨ ਸੋਹਣ ਮਾਨ ਨੇ ਬਹਿਸ ਨੂੰ ਸਮੇਟਦਿਆਂ ਅੱਜ ਦੇ ਪੇਪਰ ਅਤੇ ਬਹਿਸ-ਵਿਚਾਰ ਦੇ ਖੁਲ੍ਹੇ ਮੰਚ ਤੇ ਤਸੱਲੀ ਦਾ ਇਜ਼ਹਾਰ ਕੀਤਾ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਹਿਯੋਗ ਸਦਕਾ 16 ਅਕਤੂਬਰ ਨੂੰ ਸੇਟ ਕਾਲਜ ਦੇ ਔਰਫ਼ੀਅਸ ਥੀਏਟਰ ਵਿਖੇ ਦੁਪਹਿਰ 2 ਵਜੇ ਤੋਂ ਸਾਮ 6 ਵਜੇ ਤੱਕ ਨਾਟਕ “ਪ੍ਰੇਤ ਕੈਨੇਡਾ ‘ਚ” ਅਤੇ ਸ਼ਹੀਦ ਭਗਤ ਸਿੰਘ ਨਾਲ ਸੰਬੰਧਤ ਨਾਟਕ “ਛਿਪਣ ਤੋਂ ਪਹਿਲਾਂ” ਖੇਡੇ ਜਾਣਗੇ। ਇਸ ਮੌਕੇ ਤੇ ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਸਟਾਲ ਵੀ ਲਾਇਆ ਜਾਵੇਗਾ, ਜਿੱਥੋਂ ਆਏ ਹੋਏ ਦਰਸ਼ਕ ਪੁਸਤਕਾਂ ਵੀ ਖ਼ਰੀਦ ਸਕਣਗੇ। ਗੀਤ-ਸੰਗੀਤ ਕੋਰਿਓਗਰਾਫ਼ੀਆਂ ਅਤੇ ਜ਼ਾਦੂ ਦੇ ਟਰਿੱਕ ਵੀ ਪੇਸ਼ ਕੀਤੇ ਜਾਣਗੇ। ਸਭ ਨੂੰ ਪ੍ਰੀਵਾਰਾਂ ਸਮੇਤ ਪਹੁੰਚਣ ਦਾ ਖੁਲ੍ਹਾ ਸੱਦਾ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਸੈਮੀਨਾਰ ਵਿੱਚ ਔਰਤਾਂ ਦੀ ਵੀ ਭਰਵੀਂ ਸ਼ਮੂਲੀਅਤ ਰਹੀ। ਵਧੇਰੇ
ਜਾਣਕਾਰੀ ਲਈ ਸੋਹਣ ਮਾਨ ਨੂੰ 403-275-0931 ਅਤੇ ਮਾ: ਭਜਨ ਸਿੰਘ ਨੂੰ 403-455-4220 ਤੇ ਸੰਪਰਕ ਕੀਤਾ ਜਾ ਸਕਦਾ ਹੈ।
****
No comments:
Post a Comment