ਸੂਰੇਵਾਲੀਆ ਦੀ ਪੁਸਤਕ ‘ਪਾਪਾ ਆਪਾਂ ਬਰਾੜ ਹੁੰਨੇ ਆਂ’ ਰਿਲੀਜ਼..........ਹਰਦਮ ਸਿੰਘ ਮਾਨ

ਜੈਤੋ-ਅੱਜ ਦੀ ਪੰਜਾਬੀ ਕਹਾਣੀ ਜ਼ਿੰਦਗੀ ਦੀਆਂ ਅਨੇਕਾਂ ਪਰਤਾਂ ਬਹੁਤ ਹੀ ਕਲਾਤਮਿਕ ਢੰਗ ਨਾਲ ਪੇਸ਼ ਕਰ ਰਹੀ ਹੈ ਅਤੇ ਕਿਸੇ ਵੀ ਪੱਖੋਂ ਇਹ ਦੂਜੀਆਂ ਭਾਰਤੀ ਭਾਸ਼ਾਵਾਂ ਤੋਂ ਪਿੱਛੇ ਨਹੀਂ। ਇਹ ਸ਼ਬਦ ਵਿਸ਼ਵ ਪ੍ਰਸਿੱਧ ਸਾਹਿਤਕਾਰ, ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ ਨੇ ਇਥੇ ਪੰਜਾਬੀ ਸਾਹਿਤ ਸਭਾ ਜੈਤੋ ਦੇ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਦਾ ਨਵਾਂ ਕਹਾਣੀ ਸੰਗ੍ਰਹਿ ‘ਪਾਪਾ ਆਪਾਂ ਬਰਾੜ ਹੁੰਨੇ ਆਂ’ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬੀ ਵਿਚ ਕੁੱਝ ਕਹਾਣੀਕਾਰ ਬਹੁਤ ਵਧੀਆ ਕਹਾਣੀ ਲਿਖ ਰਹੇ ਹਨ ਅਤੇ ਹਰਜਿੰਦਰ ਸਿੰਘ ਸੂਰੇਵਾਲੀਆ ਉਨ੍ਹਾਂ ਕਹਾਣੀਕਾਰਾਂ ਵਿਚੋਂ ਇਕ ਹੈ। ਉਨ੍ਹਾਂ ਇਸ ਪੁਸਤਕ ਲਈ ਸ੍ਰੀ ਸੂਰੇਵਾਲੀਆ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬੋਲਦਿਆਂ ਅਮਰਜੀਤ ਢਿੱਲੋਂ ਨੇ ਕਿਹਾ ਕਿ ਹਰਜਿੰਦਰ ਸਿੰਘ ਸੂਰੇਵਾਲੀਆ ਦੀਆਂ ਕਹਾਣੀਆਂ ਯਥਾਰਥ ਨਾਲ ਜੁੜੀਆਂ ਹਨ। ਇਹ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ ਅਤੇ ਇਨ੍ਹਾਂ ਵਿਚ ਸਮਾਜ ਅਤੇ ਮਨੁੱਖੀ ਸਰੋਕਾਰਾਂ ਦੀ ਪੇਸ਼ਕਾਰੀ ਬਹੁਤ ਵਧੀਆ ਹੈ। ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕਿਹਾ ਕਿ ਬੇਸ਼ੱਕ ਹਰਜਿੰਦਰ ਸਿੰਘ ਸੂਰੇਵਾਲੀਆ ਬਹੁਤ ਘੱਟ ਲਿਖਦਾ ਹੈ ਪਰ ਉਸ ਨੇ ਕਹਾਣੀ ਦੇ ਮਿਆਰ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਉਸ ਦੀਆਂ ਕਹਾਣੀਆਂ ਨੂੰ ਨੀਲਮਣੀ ਐਵਾਰਡ ਅਤੇ ਹੋਰ ਸਨਮਾਨ ਮਿਲਣੇ ਵੀ ਉਸ ਦੀ ਕਹਾਣੀ ਦੇ ਚੰਗੇ ਹੋਣ ਦੀ ਗਵਾਹੀ ਭਰਦੇ ਹਨ। ਬਲਜੀਤ ਸਿੰਘ ਭੁੱਲਰ ਅਤੇ ਯਸ਼ਪਾਲ ਸ਼ਰਮਾ ਨੇ ਵੀ ਸ੍ਰੀ ਸੂਰੇਵਾਲੀਆ ਦੀਆਂ ਕਹਾਣੀਆਂ ਦੀ ਸ਼ੈਲੀ ਅਤੇ ਦ੍ਰਿਸ਼ ਵਰਨਣ ਪਾਠਕਾਂ ਨੂੰ ਕੀਲ ਲੈਂਦਾ ਹੈ। ਹਰਜਿੰਦਰ ਸਿੰਘ ਸੂਰੇਵਾਲੀਆ ਨੇ ਇਨ੍ਹਾਂ ਟਿੱਪਣੀਆਂ ਲਈ ਧੰਨਵਾਦ ਕੀਤਾ ਅਤੇ ਇਸ ਪੁਸਤਕ ਦੇ ਸਿਰਲੇਖ ਵਾਲੀ ਕਹਾਣੀ ‘ਪਾਪਾ ਆਪਾਂ ਬਰਾੜ ਹੁੰਨੇ ਆਂ’ ਦੀ ਪਿੱਠਭੁਮੀ ਬਾਰੇ ਵਿਚਾਰ ਪ੍ਰਗਟ ਕੀਤੇ।



No comments:

Post a Comment