ਪੁਸਤਕ ਘੁੰਡ ਚੁਕਾਈ ਅਤੇ ਕਵੀ ਦਰਬਾਰ

ਤਲਵੰਡੀ ਸਾਬੋ (ਸ.ਸ. ਬਿਊਰੋ) ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਵਲੋਂ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ ਸਮਾਰੋਹ ਖਾਲਸਾ ਸੀ. ਸੈ. ਸਕੂ਼ਲ ਵਿਖੇ ਕਰਵਾਇਆ ਗਿਆ। ਇਸ ਵਿਚ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਅਤੇ ਡਾ. ਲਾਭ ਸਿੰਘ ਖੀਵਾ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ ਨੇ ਉਚੇਚੇ ਤੌਰ 'ਤੇ ਸਿ਼ਰਕਤ ਕੀਤੀ।
ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਜਨਕ ਰਾਜ ਜਨਕ ਦੀ ਪੁਸਤਕ 'ਮਾਰੂਥਲ ਦੇ ਫੁੱਲ' ਸੁਰਜੀਤ ਪਾਤਰ ਅਤੇ ਲਾਭ ਸਿੰਘ ਖੀਵਾ ਨੇ ਰਿਲੀਜ਼ ਕੀਤੀ। ਡਾ. ਰਾਜਿੰਦਰਪਾਲ ਜਿੰਦਲ ਦੀ ਪੁਸਤਕ 'ਕੱਚ ਸੱਚ ਤੇ ਸੁਪਨੇ' ਦੀ ਘੁੰਡ ਚੁਕਾਈ ਸੁਰਜੀਤ ਪਾਤਰ ਅਤੇ ਸੁਲੱਖਣ ਸਰਹੱਦੀ ਨੇ ਕੀਤੀ ਜਿਸ 'ਤੇ ਸੁਖਮੰਦਰ ਭਾਗੀਵਾਂਦਰ ਨੇ ਪਰਚਾ ਪੜ੍ਹਿਆ। ਡਾ. ਪਾਤਰ ਨੇ ਸਮਾਜ ਵਿੱਚ ਸਾਹਿਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਗ਼ਜ਼ਲਾਂ ਸੁਣਾ ਕੇ ਸ੍ਰੋਤਿਆਂ ਤੋਂ ਵਾਹ ਵਾਹ ਖੱਟੀ। ਡਾ. ਖੀਵਾ ਨੇ ਨਵੇਂ ਸ਼ਾਇਰਾਂ ਨੂੰ ਪੰਜਾਬੀ ਸਾਹਿਤ ਦਾ ਘੇਰਾ ਵਧਾਉਣ ਅਤੇ ਲੱਚਰ ਸਾਹਿਤ ਲਿਖਣ ਤੇ ਪੜ੍ਹਨ ਤੋਂ ਦੂਰ ਰਹਿਣ ਲਈ ਕਿਹਾ।
ਸਮਾਗਮ ਦੌਰਾਨ ਕਵੀ ਦਰਬਾਰ ਵਿਚ ਸੁਰਿੰਦਰਪ੍ਰੀਤ ਘਣੀਆ, ਨਿਰਮੋਹੀ ਫ਼ਰੀਦਕੋਟੀ, ਸੁਲੱਖਣ ਸਰਹੱਦੀ, ਜਨਕ ਰਾਜ ਜਨਕ, ਗੋਬਿੰਦ ਰਾਮ ਲਹਿਰੀ, ਡਾ. ਗੁਰਨਾਮ ਖੋਖਰ, ਜਗਦੀਪ ਗਿੱਲ, ਅਮਰਜੀਤ ਜੀਤ, ਸੁਖਦਰਸ਼ਨ ਗਰਗ, ਮੈਂਗਲ ਸੁਰਜੀਤ, ਅਮਰੀਕ ਸਿੰਘ ਨਾਮਧਾਰੀ, ਭੁਪਿੰਦਰ ਪੰਨੀਵਾਲ਼ੀਆ, ਰੇਵਤੀ ਪ੍ਰਸ਼ਾਦ ਸ਼ਰਮਾਂ, ਰਾਮ ਸਰੂਪ ਰਿਖੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖੂ਼ਬ ਰੰਗ ਬੰਨ੍ਹਿਆ। ਸਭਾ ਵਲੋਂ ਆਏ ਮਹਿਮਾਨਾਂ ਅਤੇ ਕਵੀਆਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।

No comments:

Post a Comment