'ਮੇਰੀ ਵੀ ਇਕ ਮਾਂ ਹੁੰਦੀ ਸੀ ' ਪੁਸਤਕ ਰਿਲੀਜ਼

ਮੁਕਤਸਰ (ਸ਼.ਸ ਬਿਊਰੋ) ਸਾਹਿਤ ਸੱਥ ਮੁਕਤਸਰ ਵਲੋਂ ਗੀਤਕਾਰ ਦਰਸ਼ਨ ਸਿੰਘ ਸੰਧੂ ਦੇ ਗੀਤਾਂ ਦੀ ਦੂਸਰੀ ਪੁਸਤਕ 'ਮੇਰੀ ਵੀ ਇਕ ਮਾਂ ਹੁੰਦੀ ਸੀ ' ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਗਿੱਲ ਨੇ ਕੀਤੀ, ਜਦੋਂ ਕਿ ਲੇਖਕ ਨਿੰਦਰ ਘੁਗਿਆਣਵੀ ਅਤੇ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੱਥ ਦੇ ਜਨਰਲ ਸਕੱਤਰ ਗ.ਸ.ਪ੍ਰੀਤ ਨੇ ਦੱਸਿਆ ਕਿ ਸੱਥ ਵਲੋਂ ਅੱਧੀ ਦਰਜਨ ਪੁਸਤਕਾਂ ਦੀ ਘੁੰਡ ਚੁਕਾਈ ਅਤੇ ਦਰਜਨ ਭਰ ਨਾਟਕਾਂ ਦਾ ਮੰਚਨ ਕੀਤਾ ਜਾ ਚੁੱਕਾ ਹੈ। ਸੱਥ ਦੇ ਪ੍ਰਧਾਨ ਬਲਦੇਵ ਸਿੰਘ ਵਾਰਿਸ ਸ੍ਰੀ ਸੰਧੂ ਦੇ ਗੀਤਾਂ ਨੂੰ ਲੋਕ ਗੀਤਾਂ ਦੇ ਪੱਧਰ ਦੀ ਰਚਨਾ ਦੱਸਿਆ। ਸ਼੍ਰੀ ਘੁਗਿਆਣਵੀ ਨੇ ਲੇਖਕ ਨੂੰ ਇਸ ਗੱਲੋਂ ਵੀ ਵਧਾਈ ਦਿੱਤੀ ਕਿ ਪੁਲਿਸ ਵਰਗੇ ਸਖ਼ਤ ਡਿਊਟੀ ਵਾਲ਼ੇ ਮਹੌਲ ਵਿਚ ਰਹਿ ਕੇ ਵੀ ਸੂਖਮ ਗੀਤਾਂ ਦੀ ਰਚਨਾ ਕਰਨਾ ਕੋਈ ਸੁਖਾਲ਼ਾ ਕਾਰਜ ਨਹੀਂ। ਪ੍ਰੋ. ਬ੍ਰਹਮਜਗਦੀਸ਼ ਨੇ ਸ਼੍ਰੀ ਸੰਧੂ ਵਲੋਂ ਲਗਾਤਾਰ ਕੀਤੀ ਜਾ ਰਹੀ ਰਚਨਾ ਨੂੰ ਸਹੀ ਦਿਸ਼ਾ ਵੱਲ ਵਧਦੇ ਕਦਮ ਦੱਸਿਆ ਤੇ ਲਗਾਤਾਰ ਵਧਦੇ ਰਹਿਣ ਦੀ ਪ੍ਰੇਰਣਾ ਦਿੱਤੀ।
ਇਸ ਮੌਕੇ ਪੁਲਿਸ ਕਪਤਾਨ ਆਸ਼ੂਤੋਸ਼, ਉਪ ਪੁਲਿਸ ਕਪਤਾਨ ਬਠਿੰਡਾ ਬਲਜੀਤ ਸਿੰਘ ਸਿੱਧੂ, ਜਗਜੀਤ ਸਿੰਘ ਭੁਗਤਾਣਾ ਤੇ ਮੁਖਮਿੰਦਰ ਸਿੰਘ ਭੁੱਲਰ, ਥਾਣਾ ਮੁਕਤਸਰ ਦੇ ਮੁਖੀ ਇਕਬਾਲ ਸਿੰਘ, ਥਾਣਾ ਸਿਟੀ ਦੇ ਮੁਖੀ ਦਵਿੰਦਰ ਸਿੰਘ ਤੋਂ ਇਲਾਵਾ ਮਨਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਿੰਦਰ ਸਿੰਘ ਆਦਿ ਥਾਣਾ ਮੁਖੀ ਅਤੇ ਬਲਦੇਵ ਸਿੰਘ ਆਜ਼ਾਦ ਉੱਘੇ ਵਿਅੰਗਕਾਰ ਸਮੇਤ ਸਾਹਿਤਕ ਰਸੀਏ ਮੌਜੂਦ ਸਨ।

No comments:

Post a Comment