ਡਾ. ਰਾਬਿੰਦਰ ਮਸਰੂਰ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ……… ਵਿਦਾਇਗੀ ਸਮਾਰੋਹ / ਨਿਸ਼ਾਨ ਸਿੰਘ ਰਾਠੌਰ

ਕੁਰੂਕਸ਼ੇਤਰ : ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੋ. ਮਸਰੂਰ ਹੋਰਾਂ ਦਾ ਅਧਿਐਨ ਅਤੇ ਅਧਿਆਪਨ ਖੇਤਰ ਵਿਚ ਵੱਡਮੁਲਾ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੇ ਅਧਿਆਪਨ ਖੇਤਰ ਦੀ ਸ਼ੁਰੂਆਤ ਇਸੇ ਪੰਜਾਬੀ ਵਿਭਾਗ ਤੋਂ ਹੀ ਕੀਤੀ ਸੀ। ਆਪਣੇ ਸਾਹਿਤਕ ਸਫ਼ਰ ਦੇ ਦੌਰਾਨ ਉਨ੍ਹਾਂ ਦੋ ਪੰਜਾਬੀ ਪੁਸਤਕਾਂ ‘ਪੀਲੇ ਪੱਤ ਕਚਨਾਰ ਦੇ’ ਅਤੇ ‘ਤੁਰਨਾ ਮੁਹਾਲ ਹੈ’ ਅਤੇ ਦੋ ਗ਼ਜ਼ਲ ਕੈਸਟਾਂ ‘ਨਾਮ ਖੁਮਾਰੀ ਨਾਨਕ’ ਅਤੇ ‘ਹੂਕ/ਹੇਕ’ ਪੰਜਾਬੀ ਸਾਹਿਤ ਅਤੇ ਸੰਗੀਤ ਖੇਤਰ ਦੇ ਪ੍ਰੇਮੀਆਂ ਦੀ ਝੋਲੀ ਵਿਚ ਪਾਈਆਂ ਹਨ। ਇਸ ਦੇ ਨਾਲ ਹੀ ਪ੍ਰੋ. ਮਸਰੂਰ ਨੇ ਦੇਸ਼ਾਂ-ਵਿਦੇਸ਼ਾਂ ਦੀਆਂ ਅਨੇਕ ਯਾਤਰਾਵਾਂ ਵੀ ਕੀਤੀਆਂ ਹਨ। ਆਲੋਚਨਾ ਖੇਤਰ ਵਿਚ ਉਨ੍ਹਾਂ ਦੇ ਅਨੇਕਾਂ ਹੀ ਖੋਜ-ਪੱਤਰ ਪ੍ਰਕਾਸ਼ਤ ਹੋਏ ਹਨ।
 
ਡਾ. ਰੰਧਾਵਾ ਨੇ ਕਿਹਾ ਕਿ ਪ੍ਰੋ. ਮਸਰੂਰ ਦੇ ਲਿਖੇ ਗੀਤਾਂ ਨੂੰ ਮੰਨਾ ਡੇ, ਮਹਿੰਦਰ ਕਪੂਰ ਅਤੇ ਵਿਨੋਦ ਸਹਿਗਲ ਵਰਗੇ ਬਾਲੀਵੁਡ ਦੇ ਮਸ਼ਹੂਰ ਗਾਇਕਾਂ ਨੇ ਗਾਇਆ ਹੈ ਜੋ ਕਿ ਸਾਡੇ ਵਿਭਾਗ ਲਈ ਮਾਣ ਵਾਲੀ ਗੱਲ ਹੈ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਉਨ੍ਹਾਂ ਨੂੰ ਸਰਵੋਤਮ ਸਾਹਿਤਕਾਰ ਦੇ ਸਨਮਾਨ ਨਾਲ ਸਨਮਾਨਤ ਕੀਤਾ ਹੈ।
 
ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਕਰਮਜੀਤ ਸਿੰਘ (ਸੇਵਾਮੁਕਤ) ਨੇ ਪ੍ਰੋ. ਮਸਰੂਰ ਨੂੰ ਅਧਿਆਤਮਕ ਵਿਚਾਰਧਾਰਾ ਨਾਲ ਜੁੜਿਆ ਚਿੰਤਸ਼ੀਲ ਸ਼ਾਇਰ ਬਿਆਨ ਕੀਤਾ ਜਿਸ ਨੇ ਹਮੇਸ਼ਾ ਮਨੁੱਖਤਾ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਮਸਰੂਰ ਨੇ ਆਪਣੀ ਸ਼ਾਇਰੀ ਰਾਹੀਂ ਹਰਿਆਣੇ ਦਾ ਨਾਮ ਦੇਸ਼ਾਂ-ਵਿਦੇਸ਼ਾਂ ਵਿਚ ਰੌਸ਼ਨ ਕੀਤਾ ਹੈ। ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਰਜਿੰਦਰ ਸਿੰਘ ਭੱਟੀ ਨੇ ਪ੍ਰੋ. ਮਸਰੂਰ ਦੇ ਗ਼ਜ਼ਲ ਖੇਤਰ ਵਿਚ ਪਾਏ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਸਾਹਿਤ ਖੇਤਰ ਵਿਚ ਹਰਿਆਣੇ ਦੇ ਨਾਮ ਨੂੰ ਚਾਰ ਚੰਨ ਲਾਏ ਹਨ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੂੰ ਪ੍ਰੋ. ਮਸਰੂਰ ਦੀ ਕਮੀ ਹਮੇਸ਼ਾ ਰਹੇਗੀ।
 
ਡਾ. ਰੰਧਾਵਾ ਨੇ ਪ੍ਰੋ. ਮਸਰੂਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਡਾ. ਰਾਬਿੰਦਰ ਸਿੰਘ ਮਸਰੂਰ ਨੇ ਆਪਣੀ ਸੇਵਾਮੁਕਤੀ ਮੌਕੇ ਵਿਭਾਗ ਵੱਲੋਂ ਕਰਵਾਏ ਗਏ ਇਸ ਸਮਾਗਮ ਲਈ ਸਭ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਯਾਦਗਾਰ ਪਲ ਨੂੰ ਹਮੇਸ਼ਾ ਯਾਦ ਰੱਖਣਗੇ। ਅੰਤ ਵਿਚ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਆਏ ਸਮੂਹ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਮੰਚ ਦਾ ਸੰਚਾਲਨ ਅਸਿਟੈਂਟ ਪ੍ਰੋਫ਼ੈਸਰ ਡਾ. ਕੁਲਦੀਪ ਸਿੰਘ ਨੇ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਪਰਮਜੀਤ ਕੌਰ ਸਿੱਧੂ, ਖੋਜਾਰਥੀ ਜੁਗਿੰਦਰ ਸਿੰਘ, ਗੁਰਦੀਪ ਸਿੰਘ, ਰਵਿੰਦਰ ਕੌਰ, ਜੀਤ ਸਿੰਘ, ਜਸਪਾਲ ਸਿੰਘ, ਡਾ. ਜਸਵਿੰਦਰ ਸਿੰਘ ਗੁਰਾਇਆ ਅਤੇ ਈਸ਼ਵਰ ਸਿੰਘ ਹਾਜ਼ਰ ਸਨ।
****

No comments:

Post a Comment