ਬਲਬੀਰ ਸੰਘੇੜਾ ਦਾ ਨਾਵਲ ਜਾਲ਼: ਔਰਤ ਦਾ ਆਪਣੀ ਹੋਂਦ ਨਾਲ਼ ਸੰਘਰਸ਼........... ਪੁਸਤਕ ਰੀਵਿਊ / ਰਵਿੰਦਰ ਸਿੰਘ (ਡਾ:), ਚੰਡੀਗੜ੍ਹ


ਕਨੇਡਾ ਵਿਚ ਪੰਜਾਬੀ ਪਰਵਾਸ ਦੀ ਕਹਾਣੀ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤੋਂ ਆਰੰਭ ਹੋਈ. ਭਾਵੇਂ ਇਹ ਪਹਿਲੇ ਰੂਪ ਵਿਚ ਇਕ ਰਾਜਨੀਤਕ ਕਾਰਨ ਸੀ, ਪਰ ਬਾਦ ਵਿਚ ਇਕ ਆਰਥਿਕ ਮਸਲਾ ਬਣ ਕੇ ਰੂਬਰੂ ਹੋਇਆ. 1897 ਈ: ਨੂੰ ਲੰਡਨ ਵਿਚ ਮਲਕਾ ਵਿਕਟੋਰੀਆ ਦੀ ਤਾਜ਼ਪੋਸ਼ੀ ਦੀ ਡਾਇਮੰਡ ਜੁਬਲੀ ਮਨਾਉਣ ਹਿਤ ਸਿੱਖ ਰੈਜਮੈਂਟ ਨੂੰ ਵੀ ਸਲਾਮੀ ਲਈ ਬੁਲਾਵਾ ਭੇਜਿਆ ਗਿਆ ਅਤੇ ਵਾਪਸੀ ਕਨੇਡਾ, ਅਮਰੀਕਾ ਦੇਸ਼ਾਂ ਰਾਹੀਂ ਜਾਣ ਬੁਝ ਕੇ ਕਰਾਈ ਗਈ ਤਾਂਕਿ ਅੰਗਰੇਜ਼ੀ ਰਾਜ ਦੀਆਂ ਬਸਤੀਆਂ ਦਾ ਨਜ਼ਾਰਾ ਕਰਾਇਆ ਜਾ ਸਕੇ. ਇਸੇ ਦੌਰਾਨ ਕਈ ਫੌਜੀ ਇੱਥੇ ਹੀ ਰਹਿ ਗਏ ਅਤੇ ਕਮਾਈ ਦਾ ਸਾਧਨ ਲੱਭਣ ਲੱਗੇ. ਹੋਣ ਵਾਲੀ ਵੱਧ ਕਮਾਈ ਇਕ ਕਾਰਨ ਬਣ ਨਿੱਬੜੀ ਪੰਜਾਬੀਆਂ ਦੇ ਉੱਥੇ ਆਬਾਦ ਹੋਣ ਦਾ. ਇੰਝ ਕਨੇਡਾ ਦੀ ਧਰਤੀ ‘ਤੇ ਪੰਜਾਬੀ ਪਰਵਾਸ ਦਾ ਆਰੰਭ ਹੋਇਆ. ਵਰਤਮਾਨ ਸਮੇਂ ਸੰਸਾਰ ਦੇ ਹਰ ਦੇਸ਼, ਹਰ ਮਹਾਂਦੀਪ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਪਹੁੰਚ ਚੁੱਕੇ ਹਨ. ਇਕ ਅੰਦਾਜ਼ੇ ਅਨੁਸਾਰ ਪੂਰੇ ਸੰਸਾਰ ਵਿਚ ਪੰਜਾਬੀਆਂ ਦੀ ਗਿਣਤੀ ਸਵਾ ਗਿਆਰਾਂ ਕਰੋੜ ਤੱਕ ਪੁੱਜ ਚੁੱਕੀ ਹੈ. ਅਮਰੀਕਾ ਮਹਾਂਦੀਪ ਵਿਚ ਪੰਦਰਾਂ ਲੱਖ ਦੇ ਕਰੀਬ ਅਤੇ ਕਨੇਡਾ ਵਿਚ ਅੱਠ ਲੱਖ ਦੇ ਕਰੀਬ ਪੰਜਾਬੀ ਅਬਾਦ ਹੋ ਚੁੱਕੇ ਹਨ ਅਤੇ ਇਹ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ.
 
ਉੱਤਰੀ ਅਮਰੀਕਾ ਵਿਚ ਪੰਜਾਬੀਆਂ ਦਾ ਪਰਵਾਸ ਕੋਈ ਅਚਾਨਕ ਵਾਪਰਨ ਵਾਲਾ ਵਰਤਾਰਾ ਨਹੀਂ ਬਲਕਿ  ਇਕ ਚੇਤੰਨ ਪ੍ਰਕਾਰਜ ਸੀ. ਇਸ ਪਿੱਛੇ ਰਾਜਨਤੀਕ ਸੰਕਟ ਵੀ ਰਿਹਾ. ਪਰ ਠੋਸ ਰੂਪ ਵਿਚ ਪ੍ਰਮੁੱਖ ਕਾਰਨ ਆਰਥਿਕ ਹੀ ਹੈ. ਕਨੇਡਾ ਵਿਚਲਾ ਪਰਵਾਸ ਦੋ ਸਮੇਂ ਬਹੁਤ ਤੇਜ਼ੀ ਨਾਲ਼ ਹੋਇਆ. ਇਕ 1962 ਈ: ਤੋਂ ਬਾਦ, ਜਦੋਂ ਕਨੇਡੀਅਨ ਇੰਮੀਗਰੇਸ਼ਨ ਕਾਨੂੰਨ ਵਿਚ ਪੁਆਇੰਟ ਸਿਸਟਮ ਅਧੀਨ ਪੜ੍ਹੇ ਲਿਖੇ, ਹੁਨਰਮੰਦ ਅਤੇ ਕਿੱਤਾ-ਮਾਰ ਲੋਕਾਂ ਦੀ ਮੰਗ ਵਧੀ. ਦੂਜਾ–1980ਵਿਆਂ ਦੇ ਪੰਜਾਬ ਸੰਕਟ ਦੌਰਾਨ. ਆਰਥਿਕ ਪ੍ਰਸਿਥਤੀਆਂ ਨੇ ਗਲੋਬਲ ਮਨੁੱਖ ਦੇ ਪਰਿਪੇਖ ਵਿਚ ਆਪਣਾ ਪ੍ਰਭਾਵ ਛੱਡਿਆ ਹੈ. ਨਿਘਰਦੀ ਆਰਥਿਕ ਹਾਲਤ ਵੀ ਪੰਜਾਬੀ ਪਰਵਾਸ ਪਿੱਛੇ ਕਾਰਜਸ਼ੀਲ ਤੱਤ ਹੈ. ਇਸਦੇ ਸਮਾਨਾਂਤਰ ਭਾਵੇਂ ਨਵੇਂ ਸਥਾਨ ਦੇਖਣ ਦੀ ਲਲਕ ਅਤੇ ਐਡਵੈਂਚਰ ਦੀ ਭਾਵਨਾ ਵੀ ਅਹਿਮ ਜੁੱਜ ਹੈ. ਸਿੱਟੇ ਵੱਜੋਂ ਪੰਜਾਬੀਆਂ ਦੀ ਮੁਹਾਰ ਪੱਛਮੀ ਦੇਸ਼ਾਂ ਵੱਲ ਹੋ ਗਈ. ਪੰਜਾਬੀਆਂ ਦੀ ਮਿਹਨਤੀ ਤਬੀਅਤ ਨੇ ਪੱਛਮੀ ਧਰਤੀਆਂ ਦੀਆਂ ਕਰੂਰ ਪ੍ਰਸਥਿਤੀਆਂ ਨਾਲ਼ ਸਮੰਜਸ ਸਥਾਪਤ ਕਰਨ ਵਿਚ ਆਪਣਾ ਪੂਰਾ ਯੋਗਦਾਨ ਪਾਇਆ ਹੈ. ਵਰਤਮਾਨ ਸਮੇਂ ਜੇਕਰ ਕਨੇਡਾ ਦੇ ਪ੍ਰਸੰਗ ਵਿਚ ਵਿਚਾਰ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਸਾਰੇ ਨਹੀਂ ਤਾਂ ਕਨੇਡਾ ਵਿਚਲੇ ਕਾਰਜਗਤ ਬਹੁਤੇ ਪੇਸ਼ਾਵਰ ਧੰਦਿਆਂ ਵਿਚ ਅਪਣੀ ਮੁਹਾਰਤ ਅਤੇ ਸਫ਼ਲਤਾ ਦੇ ਪੰਜਾਬੀ ਆਪਣੇ ਝੰਡੇ ਲਹਿਰਾ ਚੁੱਕੇ ਹਨ. ਇਸ ਤੋਂ ਇਲਾਵਾ ਕਨੇਡੀਅਨ ਰਾਜਨੀਤਕ ਅਤੇ ਸਾਹਿਤਕ ਪਿੜ ਵਿਚ ਜਿੱਥੇ ਪੰਜਾਬੀ ਰਾਹ-ਦਸੇਰੇ ਬਣੇ ਹਨ, ਉੱਥੇ ਕਨੇਡੀਅਨ ਬਹੁ-ਸਭਿਆਚਾਰੀ ਸਮਾਜ ਵਿਚ ਵੀ ਧਾਂਕ ਦ੍ਰਿਸ਼ਟੀਗੋਚਰ ਹੁੰਦੀ ਹੈ.
 
1962 ਦੇ ਪੁਆਇੰਟ ਸਿਸਟਮ ਤੋਂ ਬਾਦ ਕਨੇਡੀਅਨ ਸਰਕਾਰ ਵੱਲੋਂ ਪਰਿਵਾਰਕ ਵੀਜ਼ੇ ਦੇਣ ਉੱਤੇ ਮੋਹਰ ਲਗਾ ਦਿੱਤੀ. ਸਿੱਟੇ ਵੱਜੋਂ ਪੰਜਾਬੀ ਪਰਿਵਾਰ ਸਮੇਤ ਕਨੇਡੀਅਨ ਪੂੰਜੀਵਾਦੀ ਸਥਿਤੀਆਂ ਵਿਚ ਪ੍ਰਵੇਸ਼ ਕਰ ਗਏ. ਔਰਤ ਭਾਰਤੀ ਸਭਿਆਚਾਰ/ਸਮਾਜ ਦਾ ਅਭਿੰਨ ਜੁੱਜ ਹੈ. ਭਾਵੇਂ ਆਰੰਭਕ ਦੌਰ ਵਿਚ ਔਰਤ ਆਪਣੇ ਘਰ/ਘਰੇਲੂ ਕਾਰਜਾਂ/ਸਮਾਜਕ ਭੂਮਿਕਾਵਾਂ ਦੇ ਦਾਇਰੇ ਵਿਚ ਬੰਨੀ ਰਹੀ. ਪਰ ਕਨੇਡੀਅਨ ਅਰਥ-ਚਾਰੇ ਵਿਚ ਉਸਦੀ ਭੂਮਿਕਾ ਦਾ ਸਬੰਧ ਬਾਹਰੀ ਅਰਥ-ਵਿਵਸਥਾ ਨਾਲ਼ ਵੀ ਸਥਾਪਤ ਹੋਇਆ. ਇਸ ਤਰ੍ਹਾਂ ਇਸ ਦੋਹਰੀ ਭੂਮਿਕਾ ਨੇ ਜਿੱਥੇ ਔਰਤ ਦੇ ਅਵਚੇਤਨ ਵਿਚ ਪਏ ਸਾਮੰਤੀ ਸਰੋਕਾਰਾਂ ਨੂੰ ਝੰਜੋੜਿਆ, ਉੱਥੇ ਮਰਦ ਦੀ ਸਥਿਤੀ ਨੂੰ ਵੀ ਪ੍ਰਭਾਵਿਤ ਕੀਤਾ. ਔਰਤ ਅਤੇ ਮਰਦ ਦੀ ਇਸ ਦਵੰਦਾਤਮਕ ਜੱਦੋ-ਜਹਿਦ ਵਿਚੋਂ ਬਹੁਤ ਸਾਰੇ ਸਾਕਾਰਾਤਮਕ ਅਤੇ ਨਾਕਾਰਾਤਮਕ ਪਹਿਲੂ ਦ੍ਰਿਸ਼ਮਾਨ ਹੋਏ.
 
ਭਾਰਤੀ ਸਭਿਆਚਾਰਕ ਮੁੱਲ-ਪ੍ਰਬੰਧ ਅਤੇ ਪੱਛਮੀ ਮੁੱਲ-ਪ੍ਰਬੰਧ ਦੀ ਆਪਸੀ ਪ੍ਰਤੀਕਿਰਿਆ ਤਹਿਤ ਪਰਿਵਾਰਕ-ਸੰਗਠਨ ਦੇ ਦੋ ਮਜਬੂਤ ਥੰਮ੍ਹ: ਔਰਤ ਤੇ ਮਰਦ ਦਾ ਹੋਂਦਕ-ਸੰਕਟ ਉਜਾਗਰ ਹੋਣਾ ਸ਼ੁਰੂ ਹੋਇਆ. ਇਸ ਸੰਕਟਮਈ ਸਥਿਤੀ ਵਿਚ ਔਰਤ ਦੀ ਸਥਿਤੀ ਵੱਧ ਚਿੰਤਾਜਨਕ ਹੈ. ਪਰ ਵਰਤਮਾਨ ਦੌਰ ਵਿਚ ਔਰਤ ਨੇ ਇਸ ਸਥਿਤੀ ਵਿਚੋਂ ਨਿੱਕਲਣ ਦੇ ਜਤਨ ਆਰੰਭ ਦਿੱਤੇ ਹਨ ਅਤੇ ਆਪਣੀ ਜੀਵਨ-ਸਥਿਤੀ ਪ੍ਰਤੀ ਪੂਰੇ ਹੌਸਲੇ ਅਤੇ ਦਲੇਰੀ ਨਾਲ਼ ਪਹਿਰਾ ਦੇਣ ਦਾ ਇਨਕਲਾਬੀ ਕਦਮ ਉਠਾਇਆ ਹੈ. ਔਰਤ ਦੀ ਇਸੇ ਦਲੇਰੀ ਦੀ ਕਹਾਣੀ ਬਿਆਨ ਕਰਦਾ ਹੈ ਬਲਬੀਰ ਕੌਰ ਸੰਘੇੜਾ ਦਾ ਨਾਵਲ ‘ਜਾਲ਼’. ਇਸ ਨਾਵਲ ਦੀ ਨਾਇਕਾ ਗੁਰਪ੍ਰੀਤ (ਪ੍ਰੀਤੀ) ਆਪਣੇ ਪਤੀ ਗੁਰਿੰਦਰ ਜੋ ਪੇਸ਼ੇ ਵਜੋਂ ਇੰਜੀਨੀਅਰ ਹੈ, ਪਰ ਉਸ ਖੇਤਰ ਵਿਚ ਨੌਕਰੀ ਦੀ ਪ੍ਰਾਪਤੀ ਨਾ ਹੋਣ ਕਾਰਨ, ਉਸਨੂੰ ਬਾਰ-ਬਾਰ ਨੌਕਰੀ ਤੋਂ ਜਵਾਬ ਮਿਲਣਾ, ਬੇਰੁਜ਼ਗਾਰੀ ਭੱਤਾ ਲੈਣਾ, ਭੈੜੀ ਸੰਗਤ ਦ ਪ੍ਰਭਾਵ ਅਧੀਨ ਸ਼ਰਾਬਖੋਰੀ ਵਿਚ ਫਸਣਾ, ਪ੍ਰੀਤੀ ‘ਤੇ ਸਰੀਰਕ-ਮਾਨਸਿਕ ਤਸ਼ਦੱਦ ਕਰਨਾ ਆਦਿ ਸਾਰੀਆਂ ਘਟਨਾਵਾਂ ਪ੍ਰੀਤੀ ਦੀ ਹੋਂਦਕ-ਸਥਿਤੀ ਨੂੰ ਘੋਰ ਦੁਖਾਂਤ ਵਿਚ ਪਹੁੰਚਾ ਦਿੰਦੀਆਂ ਹਨ.

ਔਰਤ ਦੀ ਇਸ ਦੁਖਾਂਤਕ ਸਥਿਤੀ ਪਿੱਛੇ ਕਈ ਠੋਸ ਕਾਰਨ ਆਪਣਾ ਜ਼ਹਿਰੀ-ਫਨ ਫੈਲਾਈ ਖੜ੍ਹੇ ਹਨ. ਇਕ ਕਾਰਨ ਭਾਰਤੀ ਸੰਸਕਾਰ ਹਨ. ਭਾਰਤੀ ਸਮਾਜ ਇਕ ਮਰਦ-ਪ੍ਰਧਾਨ ਸਮਾਜ ਰਿਹਾ ਹੈ. ਇਸ ਵਿਚ ਮਰਦ ਨੂੰ ਸੁਤੰਤਰਤਾ ਦਾ ਅਧਿਕਾਰ ਦੇ ਕੇ ਨਿਵਾਜਿਆ ਗਿਆ ਹੈ ਅਤੇ ਔਰਤ ਨੂੰ ਸਹਿਣ ਸਮਰੱਥਾ ਦਾ ਫਰਜ਼ ਪ੍ਰਦਾਨ ਕੀਤਾ ਗਿਆ ਹੈ. ਪ੍ਰੀਤੀ ਦੇ ਅਵਚੇਤਨ ਵਿਚ ਵੀ ਇਹੀ ਸੰਸਕਾਰ ਪਏ ਹਨ, ਜੋ ਉਸਦੇ ਵਜੂਦ ਨੂੰ ਮਰਦਾਊ-ਗਲਬੇ ਨੂੰ ਕਬੂਲਣ ਨੂੰ ਮਜਬੂਰ ਕਰਦੇ ਹਨ. ਇਸੇ ਤਹਿਤ, ਉਹ ਤਮਾਮ ਉਮਰ ਗੁਰਿੰਦਰ ਦੀਆਂ ਕੀਤੀਆਂ ਸਰੀਰਕ-ਮਾਨਸਿਕ ਜ਼ਿਆਦਤੀਆਂ ਸਹਿਣ ਕਰਦੀ ਚਲੀ ਜਾਂਦੀ ਹੈ. ਉਹ ਇਕ ਕਲੀਨਿਕ ਵਿਚ ਦੁ-ਭਾਸ਼ੀਏ / ਕਲਰਕ ਵਜੋਂ ਕੰਮ ਕਰਕੇ ਦੋਵੇਂ ਬੱਚਿਆਂ ਪਿੰਦਰ ਤੇ ਰਾਜੂ ਦਾ ਪਾਲਣ-ਪੋਸ਼ਣ ਵੀ ਕਰਦੀ ਹੈ ਅਤੇ ਪਤੀ ਦੀਆਂ ਵਧੀਕੀਆਂ ਵੀ ਝੱਲਦੀ ਹੈ. ਉਸ ਉੱਪਰ ਹੋਣ ਵਾਲੇ ਸਰੀਰਕ-ਜ਼ੁਲਮ ਦੀਆਂ ਘਟਨਾਵਾਂ ਹੁਣ ਉਸਦੇ ਰੋਜ਼-ਮੱਰਾ ਦੇ ਜੀਵਨ ਦਾ ਅਭਿੰਨ ਹਿੱਸਾ ਬਣ ਚੁੱਕੀਆਂ ਹਨ, ਪਰ ਉਹਨਾਂ ਦਾ ਮੁਕਾਬਲਾ ਕਰਨ ਦਾ ਹੀਆ ਅਜੇ ਉਸ ਵਿਚ ਪਨਪ ਨਹੀਂ ਸਕਿਆ. ਇਸ ਤਸ਼ਦੱਦ ਦੀ ਮੂੰਹੋਂ ਬੋਲਦੀ ਤਸਵੀਰ ਦੇ ਇਸ ਨਾਵਲ ਦੇ ਪੰਨਾ 12 ‘ਤੇ ਯਥਾਰਥਕ ਦਰਸ਼ਨ ਹੁੰਦੇ ਹਨ. ਜਿੱਥੇ ਸ਼ਰਾਬੀ ਗੁਰਿੰਦਰ ਬੇਰੁਜ਼ਗਾਰੀ ਦੀ ਅਲਾਮਤ ਦਾ ਬੋਝ ਨਾ ਸਹਿਣ ਕਰਦਿਆਂ ਆਪਣੀ ਸਾਰੀ ਭੜਾਸ ਪ੍ਰੀਤੀ ‘ਤੇ ਅਮਾਨਵੀ ਵਿਵਹਾਰ ਕਰਕੇ ਕੱਢਦਾ ਹੈ:
 
“ਗੁਰਿੰਦਰ ਲੜਖੜਾਂਦਾ ਹੋਇਆ ਉੱਠਿਆ ਤੇ ਉਸਨੇ ਪ੍ਰੀਤੀ ਨੂੰ ਗੁੱਤੋਂ ਫੜ ਲਿਆ. ਉਸ ਵੇਲੇ ਉਹ ਅਨਭੋਲ ਖੜ੍ਹੀ ਸੀ. ਉਸਨੇ ਕਦੀ ਸੋਚਿਆ ਨਹੀਂ ਸੀ ਕਿ ਗੁਰਿੰਦਰ ਇਸ ਤਰ੍ਹਾਂ ਵੀ ਕਰੇਗਾ. ਉਸਨੇ ਗੁਰਿੰਦਰ ਦੇ ਦਾਰੂ ਪੀਣ ਵੇਲੇ ਬਹੁਤ ਦੇਖੇ ਸਨ. ਹੱਥੋ ਪਾਈ ਵੀ ਹੋਏ ਸਨ. …ਗੁੱਤੋਂ ਫੜਕੇ ਉਸਨੇ ਗੁਰਪ੍ਰੀਤ ਦਾ ਸਿਰ ਤਾੜ ਕਰਦਾ ਡਰੈਸਿੰਗ ਟੇਬਲ ‘ਚ ਮਾਰਿਆ. ਪ੍ਰੀਤੀ ਦੀਆਂ ਅੱਖਾਂ ਅੱਗੇ ਜਿਵੇਂ ਭੰਵਰ ਤਾਰੇ ਦਿਸਣ ਲੱਗੇ. ਉਹ ਇਕ ਦਮ ਚਕਰਾ ਗਈ. 1”
 
“ਸਾਲੀ ਜ਼ੁਬਾਨ ਤਾਂ ਬਹੁਤ ਚਲਾਉਂਦੀ ਐ. … ਜੋ ਉਸਦੇ ਹੱਥ ਵਿਚ ਆਇਆ, ਪ੍ਰੀਤੀ ਦੇ ਮਾਰਨ ਲੱਗ ਪਿਆ. …ਪ੍ਰੀਤੀ ਜ਼ਮੀਨ ‘ਤੇ ਡਿੱਗ ਚੁੱਕੀ ਸੀ. ਗੁਰਿੰਦਰ ਨੇ ਪੈਰ ਦਾ ਠੁੱਡਾ ਪ੍ਰੀਤੀ ਦੀ ਵੱਖੀ ਵਿਚ ਹੋਰ ਮਾਰਿਆ.2”
 
ਵਾਸਤਵ ਵਿਚ ਔਰਤ ਦੀ ਪਰੰਪਰਕ-ਚੇਤਨਾ ਹੀ ਉਸਦੇ ਰਾਹ ਵਿਚ ਰੋੜੇ ਦੀ ਭੂਮਿਕਾ ਅਦਾ ਕਰਦੀ ਹੈ. ਜਦੋਂ ਸਤਵੰਤ ਇਸ ਜ਼ੁਲਮ ਦੇ ਰਾਹ ਵਿਚ ਆਉਂਦਾ ਹੈ ਤਾਂ ਪ੍ਰੀਤੀ ਦੇ ਅਵਚੇਤਨ-ਸੰਸਕਾਰ ਫਿਰ ਰਾਹ ਮੱਲ ਲੈਂਦੇ ਹਨ :
 
“ਪ੍ਰੀਤੀ ਦੇ ਅੰਦਰ ਦੀ ਸ਼ਰਮਿੰਦਗੀ ਨੇ ਸਤਵੰਤ ਤੇ ਗੁੱਸਾ ਝਾੜਨਾ ਸ਼ੁਰੂ ਕਰ ਦਿੱਤਾ. ਰੋਹ ਦਾ ਉਬਾਲਾ ਉਸ ‘ਤੇ ਵਰ੍ਹ ਪਿਆ. “ਤੂੰ ਹੁੰਦੈ ਕੌਣ? ਕੀ ਕੰਮ ਸੀ ਤੇਰਾ ਸਾਡੇ ਵਿਚ ਦਖ਼ਲ ਅੰਦਾਜ਼ੀ ਕਰਨ ਦਾ?3”
 
ਪ੍ਰੀਤੀ ਦੀ ਸੁਰੱਖਿਆਮਈ ਬਿਰਤੀ ਹੀ ਉਸਦੀ ਮਰਦਾਊ-ਪ੍ਰਧਾਨਤਾ ਦੀ ਪੰਜਾਲੀ ਹੇਠ ਹੀ ਜੁਪੇ ਰਹਿਣ ਅਤੇ ਸਮਝੌਤਾਮਈ ਮਾਨਸਿਕਤਾ ਦਾ ਸੂਖ਼ਮ ਪ੍ਰਗਟਾਵਾ ਕਰ ਜਾਂਦੀ ਹੈ. ਇਸ ਤਰ੍ਹਾਂ ਉਸਦਾ ਆਪਣੀ ਹੋਂਦ ਨਾਲ਼ ਸੰਘਰਸ਼ ਹੋਰ ਸੰਵੇਦਨਸ਼ੀਲ ਹੋ ਜਾਂਦਾ ਹੈ.
 
ਪਰਵਾਸੀ ਔਰਤ ਦੀ ਦੁਖਾਂਤਕ ਹੋਂਦ ਲਈ ਜਿੰਮੇਵਾਰ ਦੂਜਾ ਪ੍ਰਮੁੱਖ ਤੱਤ ਭਾਰਤੀ ਮੁੱਲ-ਪ੍ਰਬੰਧ ‘ਚੋਂ ਉਪਜੇ ਦੰਪਤੀ ਮਾਡਲ ਦੀ ਅਨੁਸਰਣਤਾ ਹੈ. ਭਾਰਤੀ-ਮੁੱਲ-ਪ੍ਰਬੰਧ ਔਰਤ ਨੂੰ ਫਰਜ਼ ਤਾਂ ਸਮਝਾਉਂਦਾ ਹੈ, ਪਰ ਇਸ ਵਿਚ ਅਧਿਕਾਰਾਂ ਦਾ ਪ੍ਰਵਧਾਨ ਨਾਂ-ਮਾਤਰ ਹੈ. ਪੱਛਮੀ ਸਭਿਆਚਾਰ ਪ੍ਰਸਥਿਤੀਆਂ ਵਿਚ ਸਭਿਆਚਾਰੀਕਰਨ ਦੀ ਪ੍ਰਕਿਰਿਆ ਸਭ ਤੋਂ ਵੱਧ ਖੋਰਾ ਮਨੁੱਖੀ-ਹੋਂਦ ਨੂੰ ਲਗਾ ਰਹੀ ਹੈ. ਮਨੁੱਖ ਦੇ ਪ੍ਰਸੰਗ ਵਿਚ ਵੀ ਔਰਤ ਦੀ ਮਾਨਸਿਕਤਾ ਵਧੇਰੇ ਤਿੜਕਦੀ ਅਤੇ ਪੁਨਰ-ਉਸਾਰੀ ਦੀ ਪ੍ਰਕਿਰਿਆ ਵਿਚੋਂ ਲੰਘਦੀ ਹੈ. ਪਰਿਵਾਰ/ਖਾਨਦਾਨ ਦੀ ਇੱਜ਼ਤ ਦਾ ਚਿਹਨ ਆਰੰਭ ਤੋਂ ਹੀ ਔਰਤ ਨਾਲ਼ ਜੁੜਿਆ ਹੋਇਆ ਹੈ. ਕਾਰਨ-ਵੱਸ ਔਰਤ ਨੂੰ ਉਹ ਸਾਰੀਆਂ ਕਿਰਿਆਵਾਂ ਦੀ ਮਨਾਹੀ ਸੀ ਜਿਹੜੀਆਂ ਅਨੈਤਿਕ, ਅਸਮਾਜਕ ਅਤੇ ਗੈਰ-ਆਦਰਸ਼ਵਾਦੀ ਭਾਵਨਾ ਦੇ ਦਾਇਰੇ ਵਿਚ ਹੁੰਦੀਆਂ ਸਨ. ‘ਜਾਲ਼’ ਦੀ ਨਾਇਕਾ ਵੀ ਏਸੇ ਫਰਜ਼ ਅਧੀਨ ਕਿਰਿਆਗਤ ਹੈ. ਉਹ ਗੁਰਿੰਦਰ ਦੇ ਸ਼ਰਾਬੀ, ਜੁਆਰੀ ਸੁਭਾਅ ਤੋਂ ਦੁਖੀ ਤਾਂ ਹੈ ਇੱਥੋਂ ਤਕ ਕਿ ਗੁਰਿੰਦਰ ਦਾ ਕਲੱਬ-ਕਲਚਰ ਵਿਚ ਕਾਰਜਗਤ ਹੋਣਾ ਵੀ ਉਸਨੂੰ ਪਸੰਦ ਨਹੀਂ ਹੈ, ਪਰ ਇਸਦਾ ਖੁੱਲ੍ਹ ਕੇ ਵਿਰੋਧ ਕਰਨਾ, ਉਸਦੀ ਸਮਰੱਥਾ ਤੋਂ ਬਾਹਰਾ ਦਿਸਦਾ ਹੈ. ਸਾਡੀ ਦੇਸੀ ਸਭਿਆਚਾਰਕ ਪ੍ਰਤੀਮਾਨਾਂ ਨਾਲ਼ ਜੁੜਤਾ ਇੰਨੀ ਪੀਡੀ ਤੇ ਮਜਬੂਤ ਹੈ ਕਿ ਪਰਦੇਸੀ ਸਭਿਆਚਾਰਾਂ ਪ੍ਰਤੀ ਹਮਦਰਦੀ-ਪੂਰਨ ਵਿਵਹਾਰ ਜਿੱਥੇ ਕਠਿਨ ਹੈ ਉੱਥੇ ਇਕ ਅਲੋਕਾਰ ਸਥਿਤੀ ਵੀ ਸਿਰਜਦੀ ਹੈ, ਜਿਸ ਉਪਰੰਤ ਅਜਨਬੀਅਤ ਦੀ ਆਮਦ ਹੁੰਦੀ ਹੈ. ਪੰਜਾਬੀ ਪਰਵਾਸੀ ਮਰਦ ਤਾਂ ਪੂੰਜੀਵਾਦੀ-ਪਰਿਵੇਸ਼ ਵਿਚ ਜਜ਼ਬ ਹੋਣ ਲਈ ਤਤਪਰ ਹੈ, ਇਹ ਵੀ ਇਕ ਭਰਮ ਯੁਕਤ ਵਿਚਾਰ ਹੈ ਕਿਉਂਕਿ ਪੰਜਾਬੀ ਪਰਵਾਸੀ ਪਦਾਰਥਕ ਸਹੂਲਤਾਂ ਤਾਂ ਪੱਛਮੀ ਚਾਹੁੰਦਾ ਹੈ, ਪਰ ਮਨੋਵਿਗਿਆਨ, ਸਭਿਆਚਾਰਕ ਢਾਰਸ ਅੱਜ ਵੀ ਸਾਮੰਤੀ ਸਭਿਅਤਾ ਵਿਚੋਂ ਹੀ ਤਲਾਸ਼ਦਾ ਹੈ. ਇਹੀ ਉਸਦੀ ਤ੍ਰਸਦੀ ਹੈ. ਇਸ ਨਾਵਲ ਦੀ ਨਾਇਕਾ ਵੀ ਇਸ ਸਮਝੌਤਾਮਈ ਬਿਰਤੀ ਕਾਰਨ ਹਾਲਾਤ ਨਾਲ਼ ਸਮਝੋਤਾ ਕਰਨ ਦਾ ਜਤਨ ਕਰਦੀ ਹੈ ਅਤੇ ਦਪੰਤੀ-ਰਿਸ਼ਤੇ ਨੂੰ ਬਚਾਉਣ ਹਿਤ ਸੰਘਰਸ਼ਗਤ ਹੁੰਦੀ ਹੈ. ਨਤੀਜਾ ਵੱਸ ਸਾਰੀ ਉਮਰ ਇਸ ਸਮਾਂ ਵਿਹਾ ਚੁੱਕੇ ਰਿਸ਼ਤੇ ਦੀ ਲਾਸ਼ ਢੋਣ ਲਈ ਤਿਆਰ ਰਹਿੰਦੀ ਹੈ. ਪਰਵਾਸੀ ਪਰਿਵੇਸ਼ ਦੇ ਪ੍ਰਸੰਗ ਵਿਚ ਔਰਤ ਦਾ ਇਹ ਨਾਕਾਰਾਤਮਕ ਪਹਿਲੂ ਹੈ. ਇਸ ਦੀ ਉਦਾਹਰਣ ਦੇਖੋ:
 
“ਘਰ ਤੋੜ ਕੇ ਜੀਣਾ ਵੀ ਉਸਨੂੰ ਮਨਜ਼ੂਰ ਨਹੀਂ ਸੀ. ਕਈ ਵੇਰਾਂ ਮਨ ਵਿਚ ਵੱਖਰੀ ਜ਼ਿੰਦਗੀ ਜਿਉਣ ਦੀ ਚਾਹ ਉੱਠੀ ਸੀ. ਕਨੇਡੀਅਨ ਸਭਿਆਚਾਰ ਵਾਂਗ ਉਹ ਵੀ ਸੋਚਣ ਲੱਗੀ ਸੀ. ਜ਼ਿੰਦਗੀ ਦੇ ਅਰਥ ਭਾਲਣ ਲੱਗ ਪਈ ਸੀ. ਪਰ ਡਾਈਵੋਰਸ ਵੀ ਲੈਣਾ ਨਹੀਂ ਸੀ ਚਾਹੁੰਦੀ ਅਤੇ ਨਾ ਹੀ ਇਹ ਕੋਈ ਹੱਲ ਉਸਨੂੰ ਮਹਿਸੂਸ ਹੁੰਦਾ ਸੀ.”4
 
ਪੂੰਜੀਵਾਦ ਸਿਸਟਮ ਦੇ ਖ਼ਪਤਕਾਰੀ ਮਾਡਲ ਵਿਚ ਸਭ ਤੋਂ ਵੱਧ ਮਾਨਵੀ-ਪ੍ਰਬੰਧ ਪ੍ਰਭਾਵਤ ਰਹੇ ਹਨ ਅਤੇ ਪਦਾਰਥਕਤਾ ਇਸ ਸਿਸਟਮ ਦੀ ਇਕ ਨਿਰਣੈਕਾਰੀ ਸ਼ਕਤੀ ਬਣ ਗਈ ਹੈ. ਵਰਤਮਾਨ ਸਮੇਂ ਪੱਛਮੀ  ਧਰਤੀ ‘ਤੇ ਤਲਾਕ/ਵੱਖ ਰਹਿਣ ਦੀ ਪ੍ਰਤੀਸ਼ਤ ਪਚਵੰਜਾ ਤੋਂ ਉਪਰ ਹੈ. ਸੋ ਮਾਨਵੀ ਸਬੰਧਾਂ ਦੇ ਪ੍ਰਸੰਗ ਵਿਚ ਸਭ ਤੋਂ ਵੱਧ ਸੰਕਟ ਪੂੰਜੀਵਾਦੀ ਰੁਚੀਆਂ ਨੇ ਹੀ ਉਤਪੰਨ ਕੀਤਾ ਹੈ. ਇਹ ਰੁਚੀਆਂ ਵਿਚ ਭਾਵ-ਰਹਿਤ ਹੋਂਦ ਦੀ ਕਲਪਨਾ ਤਾਂ ਕੀਤੀ ਜਾ ਸਕਦੀ ਹੈ, ਪਰ ਭਾਵੁਕ ਵਰਤਾਰੇ ਦੀ ਕਿਆਸੀ ਬੇ-ਬੁਨਿਆਦ ਹੈ. ਅਜਿਹੇ ਗੈਰ-ਮਾਨਵਵਾਦੀ ਮਾਹੌਲ ਵਿਚ ਪ੍ਰੀਤੀ ਦੀ ਹਰ ਹੀਲੇ ਪਰਿਵਾਰ ਨੂੰ ਬਚਾਏ ਰੱਖਣ ਦੀ ਮਾਨਵਵਾਦੀ ਸੋਚ ਦੀ ਪ੍ਰਸੰਸਾ ਕਰਨੀ ਵੀ ਬਣਦੀ ਹੈ. ਇਸ ਪ੍ਰਸੰਗ ਵਿਚ ‘ਜਾਲ਼’ ਸਾਨੂੰ ਮਾਨਵਵਾਦੀ ਸੋਚ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਵੀ ਕਰਦਾ ਹੈ ਅਤੇ ਮਾਨਸਿਕ ਤੌਰ ‘ਤੇ ਦ੍ਰਿੜ ਵੀ ਕਰਦਾ ਹੈ. ਨਤੀਜਾ ਆਪਣੇ ਨਾਲ਼ ਹੋ ਰਹੇ ਅਮਾਨਵੀ ਵਿਵਹਾਰ/ਸਰੀਰਕ-ਮਾਨਸਕ ਤਸ਼ੱਦਦ ਨੂੰ ਦੰਪਤੀ-ਜੀਵਨ ਦੇ ਇਕ ਸੁਭਾਵਕ ਵਰਤਾਰੇ ਵਜੋਂ ਦੇਖਣ ਵਿਚ ਨਿਕਲਦਾ ਹੈ. ਪ੍ਰੀਤੀ ਗੁਰਿੰਦਰ ਦੁਆਰਾ ਕੀਤੇ ਜਾ ਰਹੇ ਦੁਰ-ਵਿਵਹਾਰ ਨੂੰ ਇਕ ਸਹਿਜ ਕਿਰਿਆਕਲਪ ਦੇ ਰੂਪ ਵਿਚ ਪ੍ਰਸੰਗਤ ਕਰ ਜਾਂਦੀ ਹੈ. ਉਸਦੇ ਮੂੰਹੋਂ ਹੀ ਸੁਣੋ:
 
“ਗੁਰਿੰਦਰ ਨੂੰ ਸੇਧ ਕੀ ਮਿਲਣੀ ਸੀ, ਉਸਦੇ ਪੈਰ ਦਿਨੋ-ਦਿਨ ਨਿੱਘਰ ਰਹੇ ਸਨ. ਇਕ ਦੋ ਵਾਰੀ ਉਸਨੇ ਪ੍ਰੀਤੀ ਨਾਲ਼ ਹੱਥੋ-ਪਾਈ ਵੀ ਕੀਤੀ. ਧੱਕ-ਮੁ-ਧੱਕਾ ਵੀ ਉਹ ਹੋਏ. ਇੱਥੋਂ ਤਕ ਨੌਬਤ ਪਹਿਲਾਂ ਕਦੀ ਨਹੀਂ ਸੀ ਆਈ. ਭਾਵੇਂ ਇਸਨੂੰ ਪ੍ਰੀਤੀ ਨੇ ਮਾਰ-ਕੁੱਟ ਨਹੀਂ ਸੀ ਮੰਨਿਆ. ਆਪਣੇ ਮਨ ਨਾਲ਼ ਸਮਝੌਤਾ ਕਰ ਲਿਆ ਸੀ ਕਿ ਇਸ ਤਰ੍ਹਾਂ ਦੀਆਂ ਝੜਪਾਂ ਸ਼ਾਇਦ ਹਰ ਵਿਆਹੇ ਜੋੜੇ ਵਿਚ ਹੁੰਦੀਆਂ ਹੋਣਗੀਆਂ.”5

ਬਲਬੀਰ ਕੌਰ ਸੰਘੇੜਾ ਨੇ ਜਿਸ ਨਿਪੁੰਨਤਾ ਨਾਲ਼ ਇਸ ਸੂਖ਼ਮ ਵਿਸ਼ੇ ਨੂੰ ਨੇਪਰੇ ਚਾੜ੍ਹਿਆ ਹੈ, ਉਸਤੋਂ ਗਿਆਨ ਹੁੰਦਾ ਹੈ ਕਿ ਉਹ ਔਰਤ ਦੀ ਪੂਰਬੀ ਤੇ ਪੱਛਮੀ ਸੋਚ ਦੀਆਂ ਬਾਰੀਕੀਆਂ ਅਤੇ ਠੋਸ ਆਧਾਰਾਂ ਤੋਂ ਵੀ ਜਾਣੂ ਹੈ.
 
ਪੱਛਮੀ ਪਰਵਾਸਕ ਪਰਿਵੇਸ਼ ਵਿਚ ਔਰਤ ਦੀ ਤ੍ਰਾਸਦਕ ਹਾਲਤ ਲਈ ਔਰਤ ਹੀ ਜਿੰਮੇਵਾਰ ਨਹੀਂ ਬਲਕਿ ਇਸ ਲਈ ਮਰਦਾਊ - ਹੈਂਕੜ ਵੀ ਆਪਣੀ ਭੂਮਿਕਾ ਅਦਾ ਕਰਦੀ ਹੈ. ਔਰਤ ਅਜ ਅਰਥ ਵਿਵਸਥਾ ਦਾ ਅੰਗ ਤਾਂ ਬਣ ਗਈ ਹੈ ਪਰ ਸਮਾਜਕ ਦ੍ਰਿਸ਼ਟੀਕੋਣ ਵਿਚ ਉਹ ਇਕ ਉਪਭੋਗ-ਵਸਤੂ ਦਾ ਹੀ ਚਿਹਨ ਹੈ. ਜਿਸਨੂੰ ਪੂੰਜੀਪਤੀ, ਪਤੀ ਅਤੇ ਰਿਸ਼ਤੇਦਾਰ ਮੁਨਾਫ਼ੇ ਕੋਣ ਤੋਂ ਭੋਗ ਕਰਨਾ ਚਾਹੁੰਦੇ ਹਨ.‘ਜਾਲ਼’ ਵਿਚਲੀ ਨਾਇਕਾ ਪ੍ਰੀਤੀ ਇਕ ਕਲੀਨਿਕ ਵਿਚ ਕੰਮ ਕਰਦੀ ਹੈ. ਇਹ ਨੌਕਰੀ ਉਸਨੂੰ ਅੰਗਰੇਜ਼ੀ ਭਾਸ਼ਾ ਦੇ ਸੰਚਾਰੀ ਅਗਿਆਨਤਾ ਦੇ ਬਾਵਜੂਦ ਮਿਲਦੀ ਹੈ. ਡਾ: ਐਡਮਜ਼ ਦੀ ਇਸ ਸ਼ਾਤਰ ਚਾਲ ਪਿੱਛੇ ਵੀ ਬਾਜ਼ਾਰੂ ਰੁਚੀਆਂ ਕਾਰਜਸ਼ੀਲ ਹਨ. ਵਾਸਤਵ ਵਿਚ ਉਸ ਕਲੀਨਿਕ ਵਿਚ ਭਾਰਤੀ ਮਰੀਜ਼ਾਂ ਦੀ ਆਮਦ ਵਿਚ ਵਾਧਾ ਕਰਨ ਹਿਤ ਅਤੇ ਕਲੀਨਿਕ-ਸੇਵਾ ਅਤੇ ਮਰੀਜ਼ਾਂ ਵਿਚਕਾਰ ਸੰਚਾਰ-ਪ੍ਰਬੰਧ ਉਸਾਰ ਕੇ ਵੱਧ ਤੋਂ ਵੱਧ ਮੁਨਾਫਾ ਕਮਾਉਣ ਹਿਤ, ਉਸਨੂੰ ਇਹ ਨੌਕਰੀ ਦਿੱਤੀ ਜਾਂਦੀ ਹੈ. ਇਸ ਸੋਚੀ ਸਮਝੀ ਸਾਜਿਸ਼ ਦੇ ਦਰਸ਼ਨ ਨਾਵਲ ਦੇ ਕਾਂਡ-6 ਵਿਚ ਹੁੰਦੇ ਹਨ:
“ਡਾਕਟਰ ਦੇ ਦਫ਼ਤਰ ਵਿਚ ਇਕ ਇਟੈਲੀਅਨ ਕੁੜੀ ‘ਮੈਰੀ’ ਵੀ ਕੰਮ ਕਰਦੀ ਸੀ. ਕਈ ਵਰ੍ਹਿਆਂ ਤੋਂ ਏਥੇ ਕੰਮ ਕਰਦੀ ਆ ਰਹੀ ਸੀ. ਜਦੋਂ ਭਾਰਤੀ, ਪਾਕਿਸਤਾਨੀ ਜਾਂ ਬੰਗਲਾਦੇਸ਼ੀ ਪੇਸ਼ੈਂਟ ਆ ਜਾਂਦੇ ਤਾਂ ਉਸਨੂੰ ਬੋਲੀ ਦੀ ਦਿੱਕਤ ਹੁੰਦੀ ਸੀ. ਪ੍ਰੀਤੀ ਹਰ ਰੋਜ਼ ਨਹੀਂ ਤਾਂ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦੇ ਨਾਲ਼ ਦੁ-ਭਾਸ਼ੀਏ ਦੇ ਤੌਰ ‘ਤੇ ਆਉਂਦੀ ਰਹਿੰਦੀ ਸੀ. ਮੈਰੀ ਨੇ ਹੀ ਡਾ: ਐਡਮਜ਼ ਨਾਲ ਪ੍ਰੀਤੀ ਨੂੰ ਹਾਇਰ ਕਰਨ ਦੀ ਗੱਲ ਕੀਤੀ ਸੀ. ਤਿੰਨਾਂ ਹੀ ਡਾਕਟਰਾਂ ਨੂੰ ਵੀ ਇਸ ਵਿਚ ਫਾਇਦਾ ਜਾਪਿਆ. ਪ੍ਰੀਤੀ ਦੇ ਕਾਰਨ ਭਾਰਤੀ ਮਰੀਜ਼ ਹੋਰ ਆ ਸਕਦੇ ਸਨ.”6
 
ਪਤੀ,ਔਰਤ ਨੂੰ ਸਰੀਰਕ, ਮਾਨਸਿਕ, ਨੈਤਿਕ, ਸਮਾਜਕ, ਆਰਥਿਕ ਅਤੇ ਸਭਿਆਚਾਰਕ ਪੱਖੋਂ ਕਬਜ਼ੇ ਹੇਠ ਰੱਖਣ ਲਈ ਜਤਨਸ਼ੀਲ ਰਹਿੰਦਾ ਹੈ. ਪਰਵਾਸੀ ਪੂੰਜੀਵਾਦੀ ਰਹਿਤਲ ਪਰਿਵਾਰ ਦੇ ਹਰੇਕ ਮੈਂਬਰ ਨੂੰ ਕੰਮ ਕਰਨ ਦੀ ਮਜਬੂਰੀ ਪ੍ਰਦਾਨ ਕਰਦੀ ਹੈ. ਮਰਦ ਦੇ ਸਮਵਿੱਥ ਔਰਤ ਨੂੰ ਵੀ ਆਰਥਿਕਤਾ ਦੀ ਚੱਕੀ ਵਿਚ ਇਕ ਪੁੜ ਵਜੋਂ ਹਰਕਤ ਵਿਚ ਰਹਿਣਾ ਪੈਂਦਾ ਹੈ. ਪੂੰਜੀਵਾਦੀ ਪ੍ਰਸਥਿਤੀਆਂ ਵਿਚ ਔਰਤ ਦੀ ਹੋਂਦ ਸਮਾਜਕ ਅਤੇ ਆਰਥਿਕ ਦੋਹਰਾ ਸੰਤਾਪ ਭੋਗਦੀ ਹੈ. ਵਾਸਤਵ ਵਿਚ ਮਨੁੱਖੀ ਨਿਪੁੰਨਤਾਵਾਂ, ਸਮਰੱਥਾਵਾਂ ਅਤੇ ਯੋਗਤਾਵਾਂ ਦਾ ਸ਼ੋਸ਼ਣ ਹੀ ਇਸ ਸਿਸਟਮ ਦਾ ਹਾਸਲ ਹੈ. ਇਸ ਪ੍ਰਕਿਰਿਆ ਵਿਚ ਮਨੁੱਖ ਕੋਲ ਅਜਿਹਾ ਕੁਝ ਨਹੀਂ ਬਚਦਾ ਜਿਸ ‘ਤੇ ਮਾਣ ਕੀਤਾ ਜਾ ਸਕੇ. ਇੱਥੋਂ ਤਕ ਕਿ ਸਮੁੱਚੇ ਮਨੁੱਖੀ ਕਾਰਜਸ਼ੀਲਤਾ ਇਕ ਕਰੜੇ ਡਿਸਿਪਲਿਨ ਦੇ ਨੇਮਾਂ ਵਿਚ ਬੱਝ ਜਾਂਦੇ ਹਨ. ਪੂੰਜੀਵਾਦੀ ਨਿਯਮ ਮੁਨਾਫ਼ੇ ਦੁਆਰਾ ਸੇਧਿਤ ਹਨ. ਪੂੰਜੀਵਾਦੀ ਸਿਸਟਮ ਪਹਿਲਾਂ ਮਨੁੱਖੀ ਸਿਰਜਣਾ-ਸ਼ਕਤੀ ਦੀ ਪਛਾਣ ਕਰਦਾ ਹੈ ਫਿਰ ਉਸਦੇ ਆਧਾਰ ‘ਤੇ ਸ਼ੋਸ਼ਣ ਪ੍ਰਕਿਰਿਆ ਆਰੰਭਦਾ ਹੈ.
 
ਇਸ ਨਾਵਲ ਦੀ ਨਾਇਕਾ ਵਿਚ ਕੋਈ ਤਕਨੀਕੀ ਯੋਗਤਾ ਨਹੀਂ ਹੈ ਪਰ ਹਿੰਦੀ/ਪੰਜਾਬੀ ਭਾਸ਼ਾਵਾਂ ਦਾ ਗਿਆਨ, ਕਿਰਤ-ਸ਼ੋਸ਼ਣ ਦੀ ਪਿੱਠ-ਭੂਮੀ ਸਾਬਿਤ ਹੁੰਦਾ ਹੈ. ਗੁਰਿੰਦਰ ਕੁਝ ਬੁਰੀਆਂ ਆਦਤਾਂ ਅਤੇ ਕੁਝ ਮੁਕਤ-ਵਪਾਰਕ ਨੀਤੀਆਂ ਤਹਿਤ, ਬੇਰੁਜ਼ਗਾਰ ਰਹਿੰਦਾ ਹੈ. ਇਸ ਲਈ ਬੁਨਿਆਦੀ ਅਤੇ ਇੱਛਤ ਲੋੜਾਂ ਦੀ ਕੁਝ ਹੱਦ ਤੱਕ ਪੂਰਤੀ ਪ੍ਰੀਤੀ ਦੀ ਨੌਕਰੀ ਹੀ ਕਰਦੀ ਹੈ. ਇਸ ਨਾਵਲ ਦੀ ਨਾਇਕਾ ਦੀ ਇਹ ਵਿਲੱਖਣਤਾ ਹੈ ਕਿ ਉਹ ਪ੍ਰਤੀਕੂਲ ਸਥਿਤੀਆਂ ਵਿਚ ਵੀ ਅਡਿੱਗ ਖੜ੍ਹੀ ਰਹਿੰਦੀ ਹੈ. ਭਾਵੇਂ ਬੇਰੁਜ਼ਗਾਰ ਹੋ ਕੇ ਵੀ ਉਹ ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਕਰ ਸਕਦੀ ਹੈ ਜਿਵੇਂ ਕਿ ‘ਸਿੰਗਲ ਮਦਰ’ ਸੰਕਲਪ ਅਧੀਨ, ਸਰਕਾਰੀ ਰਿਆਇਤਾਂ / ਸਹਾਇਤਾ ਉਪਲਵਧ ਹੋ ਸਕਦੀ ਹੈ, ਪਰ ਉਹ ਨੌਕਰੀ ਹਰ ਹਾਲ ਵਿਚ ਕਰਦੀ ਰਹਿੰਦੀ ਹੈ.
 
ਪੱਛਮੀ ਸਭਿਆਚਾਰ ਨੇ ਮਨੁੱਖ ਨੂੰ ਆਜ਼ਾਦੀ-ਸੰਪੰਨ ਬਣਾਇਆ ਹੈ. ਇਹ ਮਾਨਵਵਾਦੀ ਦ੍ਰਿਸ਼ਟੀ ਤੋ ਹਾਂ-ਪੱਖੀ ਅਤੇ ਸਾਕਾਰਤਮਕ ਪਹਿਲੂ ਹੈ. ਇਸਨੂੰ ਲਾਗੂ ਕਰਨ ਪਿੱਛੇ ਕਾਨੂੰਨੀ ਤਾਕਤ ਅਤੇ ਸਮਾਜਕ ਮਰਿਆਦਾਵਾਂ ਵੀ ਕਾਰਜਸ਼ੀਲ ਹਨ. ਪਰਵਾਸੀ ਔਰਤ ਵੀ ਇਸ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣਾ ਲੋਚਦੀ ਹੈ  ਅਤੇ ਇਸਦੇ ਰਾਹ ਵਿਚ ਆਉਣ ਵਾਲੇ ਕਿਸੇ ਵੀ ਪ੍ਰਕਾਰ ਦੇ ਵਿਘਨ ਨੂੰ ਉਲੰਘ ਕੇ ਇਕ ਹਾਂ-ਪੱਖੀ ਸਮਾਜਕ ਕਿਰਦਾਰ ਦੀ ਧਾਰਨੀ ਬਣਨਾ ਚਾਹੁੰਦੀ ਹੈ. ਭਾਰਤੀ ਔਰਤ ਲਈ ਇਹ ਕਦਮ ਭੂਪਵਾਦੀ ਮਰਿਆਦਾ ਦਾ ਉਲੰਘਣ ਭਾਵੇਂ ਹੋ ਸਕਦਾ ਹੈ, ਪਰ ਪੱਛਮੀ/ਆਧੁਨਿਕ ਮਰਿਆਦਾ ਇਸਨੂੰ ਇਕ ਅਗਾਂਹਵਧੂ ਸੰਕਲਪ ਵਜੋਂ ਵੇਖਦੀ ਹੈ. ਇਸ ਨਾਵਲ ਦੀ ਨਾਇਕਾ ਪ੍ਰੀਤੀ ਵੀ ਬਹੁਤਾ ਸਮਾਂ ਪਰਿਵਾਰ ਨੂੰ ਖੰਡਿਤ ਹੋਣ ਤੋਂ ਬਚਾਉਣ ਖਾਤਰ, ਜੀਵਨ ਪ੍ਰਤੀ ਉਲਾਰ ਦ੍ਰਿਸ਼ਟੀਕੋਣ ਅਪਣਾਈ ਰੱਖਦੀ ਹੈ, ਪਰ ਅੰਤ ਉਹ ਨਿੱਜਵਾਦ ਨੂੰ ਪਹਿਲ ਦਿੰਦੀ ਹੋਈ, ਗੁਰਿੰਦਰ ਤੋਂ ਵੱਖ ਰਹਿਣ ਦਾ ਫੈਸਲਾ ਕਰ ਲੈਂਦੀ ਹੈ ਤੇ ਉਹ ਤਲਾਕ ਪੇਪਰ ਫਾਈਲ ਕਰ ਦਿੰਦੀ ਹੈ. ਜਗੀਰ ਸਿੰਘ ਤੇ ਮਿੰਦੋ ਅਜਿਹਾ ਫੈਸਲਾ ਲੈਣ ਤੋਂ ਪਹਿਲਾਂ ਪ੍ਰੀਤੀ ਨੂੰ ਸਮਝਾਉਣ ਦਾ ਲੱਖ ਜਤਨ ਕਰਦੇ ਹਨ ਅਤੇ ਗੁਰਿੰਦਰ ਵੀ ਆਪਣੀਆਂ ਕੀਤੀਆਂ ਗ਼ਲਤੀਆਂ ਤੋਂ ਕੰਨਾਂ ਨੂੰ ਹੱਥ ਲਾਉਂਦਾ ਹੈ, ਪਰ ਪ੍ਰੀਤੀ ਬੜੀ ਬੇਬਾਕੀ, ਹੌਸਲੇ ਅਤੇ ਦ੍ਰਿੜ-ਨਿਸ਼ਚੇ ਨਾਲ਼ ਸੰਵਾਦ ਰਚਾਉਂਦੀ ਹੈ. ਉਸਦੀ ਸੋਚ ਉਸਨੂੰ ਹੁਣ ਗੁਰਿੰਦਰ ਨਾਲ਼ ਰਹਿਣ ਦੀ ਇਜਾਜ਼ਤ ਨਹੀਂ ਦੇ ਰਹੀ. ਉਸਨੂੰ ਗੁਰਿੰਦਰ ਨਾਲ਼ ਬਿਤਾਏ ਦਿਨ ਮੌਤ ਅਤੇ ਉਸ ਬਿਨਾਂ ਭਵਿੱਖ ਜੀਵਨ ਦੇ ਰੂਪ ਵਿਚ ਦਿਖਾਈ ਦਿੰਦਾ ਹੈ. ਇਸ ਰਿਸ਼ਤੇ ਤੋਂ ਤਿਲਾਂਜਲੀ ਹੀ ਉਸਨੂੰ ਇਕ ਵਿਕਲਪ ਵਜੋਂ ਨਜ਼ਰ ਆਉਂਦੀ ਹੈ. ਵਾਸਤਵ ਵਿਚ ਪ੍ਰੀਤੀ ਦੀ ਮਾਨਵਵਾਦੀ ਸੋਚ ਉਸਨੂੰ ਇਸ ਅਰਥਹੀਣ, ਖੋਖਲੇ ਅਤੇ ਬੇਥਵੇ ਹੋ ਚੁੱਕੇ ਰਿਸ਼ਤੇ ਤੋਂ ਕਿਨਾਰਾ ਕਰਨ ਲਈ ਪ੍ਰੇਰਿਤ ਕਰਦੀ ਹੈ. ਕਾਂਡ 41 ਵਿਚ ਇਹ ਮਾਨਵਵਾਦੀ ਸੋਚ ਦ੍ਰਿਸ਼ਮਾਨ ਹੈ. ਹੇਠ ਲਿਖੇ ਸੰਵਾਦ ਦੇਖੋ:
 
“ਵੀਰ ਜੀ ਐਹ ਮਾਫ਼ੀ ਮੰਗਣ ਵਾਲੀ ਗੱਲ ਤੋਂ ਅੱਗੇ ਜਾ ਚੁੱਕਾ ਐ. ਹੁਣ ਮੈਂ ਏਸ ਬੰਦੇ ਨੂੰ ਟੌਲਰੇਟ ਨਹੀਂ ਕਰ ਸਕਦੀ. ਘਰ ਵਿਚ ਏਸਦੀ ਹਵਾ ਵੀ ਮੈਨੂੰ ਬੋਝਲ ਜਿਹੀ ਲਗਦੀ ਐ. ਮੈਨੂੰ ਸਾਹ ਨਹੀਂ ਆਉਂਦਾ. ਬੱਸ ਮੇਰਾ ਇਹ ਆਖਰੀ ਫ਼ੈਸਲਾ ਹੈ.”
 
“ਵੀਰ ਜੀ ਮੈਂ ਜੀਣਾ ਚਾਹੁੰਦੀ ਹਾਂ. ਮੈਨੂੰ ਮੇਰੀ ਸਪੇਸ ਚਾਹੀਦੀ ਐ. ਮੈਂ ਹਰ ਵਾਰ ਨਹੀਂ ਮਰਨਾ ਚਾਹੁੰਦੀ. ਬੱਸ ਮੈਨੂੰ ਫਰੀ ਕਰਾ ਦਿਓ. 

ਇਸ ਜਾਲ਼ ਵਿਚੋਂ ਮੁਕਤੀ ਦੁਆ ਦਿਓ.”7
 
ਇਸ ਨਾਵਲ ਦੀ ਨਾਇਕਾ ਮਰਦਾਊ ਹੈਂਕੜ ਪ੍ਰਤੀ ਵਿਦਰੋਹੀ ਸੁਰ ਅਲਾਪਦੀ ਹੋਈ ਆਪਣੀ ਸਹਿਣ ਸਮਰੱਥਾ ਦੀ ਹੱਦਬੰਨੀ ਕਰ ਜਾਂਦੀ ਹੈ. ਪਰਵਾਸੀ ਔਰਤ ਨੇ ਭੂਪਵਾਦੀ ਮਾਇਆ-ਜਾਲ਼  ਤੋੜਨ ਦਾ ਤਹੱਈਆ ਕਰ ਲਿਆ ਹੈ. ਇਸ ਤਰ੍ਹਾਂ ਇਸ ਨਾਵਲ ਦੀ ਨਾਇਕਾ ਗਲੋਬਲ ਪਰਿਪੇਖ ਵਿਚ ਔਰਤ ਦੀ ਆਜ਼ਾਦੀ ਦਾ ਡੰਕਾ ਵਜਾ ਦੇਂਦੀ ਹੈ ਅਤੇ ਅਜਿਹੀ ਜੀਵਨ ਵਿਧੀ ਦੀ ਧਾਰਨੀ ਬਣਨਾ ਚਾਹੁੰਦੀ ਹੈ ਜੋ ਉਸ ਦੀ ਸੋਚ, ਚੋਣ ਅਤੇ ਸੁਭਾਅ ਨੂੰ ਸਮੇਂ ਦੀ ਹਾਣੀ ਬਣਾ ਦੇਵੇ. ਇਸ ਤਰ੍ਹਾਂ ਪੰਜਾਬੀ ਪਰਵਾਸੀ ਔਰਤ ਆਪਣੇ ਜੀਵਨ ‘ਚੋਂ ਸਾਰੇ ਸੰਤਾਪਾਂ ਨੂੰ ਖਤਮ ਕਰ ਇਕ ਵਿਲੱਖਣ ਹੋਂਦ ਨੂੰ ਪ੍ਰਾਪਤ ਹੁੰਦੀ ਹੈ, ਜਿਸਦੀ ਆਸ ਭਾਰਤੀ ਔਰਤ ਤੋਂ ਕਰਨੀ ਬੇਥਵੀ ਹੈ. ਉਸਨੂੰ ਆਪੇ ਉੱਪਰ ਵਿਸ਼ਵਾਸ਼ ਹੈ ਕਿ ਉਹ ਇਸ ਫੈਸਲੇ ਦੇ ਸਿੱਟੇ ਵਜੋਂ ਆਪਣੀ ਹੋਂਦ ਨੂੰ ਬਚਾ ਸਕੇਗੀ. ਕਾਂਡ 41 ਵਿਚ ਇਕ ਜਗ੍ਹਾ ਉਸਦੀ ਵਿਦਰੋਹੀ ਸੁਰ ਪ੍ਰਚੰਡ ਹੁੰਦੀ ਹੈ:
 
“ਵੀਰ ਜੀ ਤੁਸੀਂ ਆਪ ਸਿਆਣੇ ਓਂ. ਮੇਰੀ ਬੱਸ ਐ ਹੁਣ. ਮੈਂ ਹੋਰ ਬਰਦਾਸ਼ਤ ਨ੍ਹੀ ਕਰ ਸਕਦੀ. ਮੈਂ ਲੀਹੋਂ ਲੱਥਣਾ ਤਾਂ ਨਹੀਂ ਚਾਹੁੰਦੀ ਪਰ ਮਜਬੂਰ ਹਾਂ. ਮੇਰੇ ਬੱਚਿਆਂ ਤੇ ਵੀ ਅਸਰ ਪੈ ਰਿਹੈ. ਮੈਂ ਵੀ ਮਾਨਸਿਕ ਤੌਰ ‘ਤੇ ਰੋਗੀ ਹੋ ਰਹੀ ਹਾਂ. ਮੈਂ ਰਾਹ ਅੱਡ ਚੁਣਨਾ ਚਾਹੁੰਦੀ ਹਾਂ.”8
 
ਪੱਛਮੀ ਤਰਜ਼ ਨੇ ਸੁਤੰਤਰਤਾ ਪ੍ਰਦਾਨ ਕਰਕੇ ਸਵੈ-ਇੱਛਾ ਕੇਂਦਰਤ ਮਨੁੱਖ ਤਾਂ ਸਿਰਜਿਆ ਹੈ, ਪਰ ਇਸ ਨਿੱਜਵਾਦ ‘ਚੋਂ ਮਨੁੱਖੀ ਪਰਿਵਾਰ, ਦੰਪਤੀ ਸਾਥ, ਸਹਿਕਾਰਤਾ, ਪਰ ਭਰੋਸਗੀ ਆਦਿ ਤੱਤ ਖਾਰਜ ਹੋ ਗਏ ਹਨ ਅਤੇ ਅਲਗਾਮ, ਇਕੱਲਤਾ, ਉਪਰਾਮਤਾ, ਉਦਾਸੀ ਅਤੇ ਬੇਚੈਨੀ ਉੱਭਰ ਕੇ ਆਉਂਦੇ ਹਨ. ਰਿਸ਼ਤਿਆਂ ਵਿਚਲਾ ਮਕਾਨੀਕਰਨ ਇਕੋ ਮਕਾਨ ਦੀ ਛੱਤ ਹੇਠਾਂ ਇਕੱਲਤਾ ਅਤੇ ਭਾਵ ਹੀਣ ਰਿਸ਼ਤਿਆਂ ਦੀ ਸਿਰਜਣਾ ਕਰਦਾ ਹੈ. ਪ੍ਰੀਤੀ ਦੀ ਮਾਨਸਿਕਤਾ ਵੀ ਅਜਿਹੀ ਸਥਿਤੀ ਭੋਗ ਰਹੀ ਹੈ. ਉਸ ਵਿਚ ਵੀ ਅਜਿਹੀ ਤਾਕਤ ਦੀ ਗੈਰ-ਹਾਜ਼ਰੀ ਮਹਿਸੂਸ ਹੁੰਦੀ ਹੈ ਜੋ ਇਸ ਰਿਸ਼ਤੇ ਵਿਚ ਇਕ ਜੋੜ ਪਾ ਕੇ, ਫਿਰ ਕਿਰਿਆਸ਼ੀਲ ਹੋਣ ਦੀ ਕਲਾ ਪ੍ਰਦਾਨ ਕਰ ਸਕੇ. ਕਾਂਡ 40 ਵਿਚ ਇਸ ਮਨੋਸਥਿਤੀ ਦੀ ਅਰਥਹੀਣਤਾ ਦਰਜ ਹੈ:
 
“ਆਪਣੀ ਇਕੱਲਤਾ ਉਸਨੂੰ ਖਾ ਰਹੀ ਸੀ. ਚਾਹਤ ਦਾ ਰਿਸ਼ਤਾ ਬਣਾਉਣ ਤੇ ਵੀ ਉਹ ਮਾਨਸਿਕ ਤੌਰ ਤੇ ਇਕ ਦੂਜੇ  ਨੂੰ ਸਮਝ ਨਹੀਂ ਸਨ ਸਕੇ. ਦੋ ਜੀਅ ਕੱਠੇ ਇਕ ਛੱਤ ਹੇਠ ਬੇਵਜਹ ਤੁਰੇ ਫਿਰਨ, ਉਹ ਵੀ ਕੀ ਅਰਥ ਹੋਇਆ? … ਲਵ ਅਲੋਨ ਇਜ਼ ਨੌਟ ਐਨਫ਼. … ਅਸੀਂ ਲੋਕ ਰਿਸ਼ਤੇ ਨਿਭਾਉਂਦੇ ਹੀ ਹਾਂ ਜਿਵੇਂ ਕੋਈ ਰੋਬੋਟ ਚਲ ਰਹੇ ਹੋਣ. ਬਿਨਾਂ ਕਿਸੇ ਅਹਿਸਾਸ ਤੋਂ, ਬਿਨਾਂ ਇਕ ਦੂਜੇ ਨੂੰ ਸਮਝਣ ਤੋਂ, ਬਿਨਾਂ ਮਹਿਸੂਸ ਕਰਨ ਤੋਂ. ਨਿਰੇ ਮਕੈਨੀਕਲ.”9
 
ਇਹ ਇਕੱਲਤਾ, ਹੋਂਦਹੀਣ ਹੋਣ ਦਾ ਅਹਿਸਾਸ ਉਸ ਸਮੇਂ ਵੀ ਜਾਗਰਿਤ ਹੁੰਦਾ ਹੈ ਜਦੋਂ ਗੁਰਿੰਦਰ ਵੱਖ ਹੋਣ ਤੋਂ ਬਾਦ ਚੰਗੇ ਪੈਸੇ ਕਮਾ ਕੇ ਇਕ ਨਵਾਂ/ਆਲੀਸ਼ਾਨ ਮਕਾਨ ਪਾ ਲੈਂਦਾ ਹੈ ਤੇ ਉਸ ਵਿਚ ਪਾਠ ਰਖਾਉਂਦਾ ਹੈ ਅਤੇ ਪ੍ਰੀਤੀ ਨੂੰ ਵੀ ਸੱਦਾ ਭੇਜਦਾ ਹੈ. ਉਸ ਮਕਾਨ ਵਿਚ ਪ੍ਰੀਤੀ ਦੀ ਮਾਨਸਿਕਤਾ ਵਿਚ ਬੇਗਾਨਗੀ ਲਗਾਤਾਰ ਹਾਜ਼ਰ ਰਹਿੰਦੀ ਹੈ. ਉਹ ਆਪਣੇ ਮਨ ਤੋਂ ਆਪ ਹੀ ਪੁੱਛ ਬੈਠਦੀ ਹੈ:
 
“ਮੈਂ ਇੱਥੇ ਕੀ ਕਰ ਰਹੀ ਹਾਂ?”
 
ਇਸ ਨਾਵਲ ਦੀ ਨਾਇਕਾ ਵਾਸਤਵ ਵਿਚ ਨਾਇਕਾ ਬਣ ਕੇ ਨਿਤੱਰਦੀ ਹੈ. ਨਾਵਲ ਦੇ ਪਹਿਲੇ 36 ਕਾਂਡਾਂ ਤਕ ਤਾਂ ਪ੍ਰੀਤੀ ਇਸ ਪਰਵਾਸਕ ਸਮਾਜਕ ਜਾਲ਼ ਨੂੰ ਤੋੜਨ ਦਾ ਹੀਆ ਨਹੀਂ ਜੁਟਾ ਪਾਉਂਦੀ, ਪਰ ਬਾਦ ਵਿਚ ਉਸ ਵਿਚ ਅਜਿਹੀ ਚੇਤਨਾ ਜਾਗਰਤ ਹੁੰਦੀ ਹੈ ਕਿ ਉਹ ਇਸ ਸਮਾਜਕ ਜਾਲ਼ ਤੋਂ ਮੁਕਤੀ ਹਾਸਲ ਕਰਨ ਹਿਤ ਹੰਭਲਾ ਮਾਰਨਾ ਆਰੰਭ ਕਰ ਦਿੰਦੀ ਹੈ. ਉਸਨੂੰ ਆਪਣੀ ਸਥਿਤੀ ਜਾਲ਼ ਵਿਚ ਫਸੀ ਹੋਈ ਮੱਛੀ ਵਾਂਗ ਜਾਪਦੀ ਹੈ. ਯਥਾਰਥ ਪਰਿਪੇਖ ਵਿਚ ਇਸ ਸਥਿਤੀ ਨੂੰ ਸਮਝਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਜਾਲ਼ ਪੂਰਬੀ/ਭਾਰਤੀ ਸਭਿਆਚਾਰਕ ਕੀਮਤ-ਤੰਤਰ ਦਾ ਹੈ, ਜੋ ਔਰਤ ਪ੍ਰਤੀ ਹਮੇਸ਼ਾਂ ਹੀ ਪੱਖਪਾਤੀ ਵਤੀਰਾ ਅਪਣਾਉਂਦਾ ਰਿਹਾ ਹੈ ਅਤੇ ਮਰਦ ਨੂੰ ਸੁਤੰਤਰ ਮਾਹੌਲ ਵਿਚ ਵਿਗਸਣ ਦੇ ਮੌਕੇ ਪ੍ਰਦਾਨ ਕਰਦਾ ਰਿਹਾ ਹੈ. ਨਾਵਲ ਦੀ ਨਾਇਕਾ ਇਸ ਜਾਲ਼ ਦੇ ਸੰਕਲਪ ਨੂੰ ਆਪਣੀ ਮਾਨਸਿਕਤਾ ਅਨੁਰੂਪ ਪ੍ਰੀਭਾਸ਼ਤ ਕਰ ਜਾਂਦੀ ਹੈ, ਉੱਥੇ ਇਸਨੂੰ ਤੋੜਨ ਪ੍ਰਤੀ ਆਪਣੀ ਸਮਰੱਥਾ ਅਤੇ ਅਸਮਰਥਾ ਵਿਚਕਾਰ ਦੀ ਕਾਰਜਸ਼ੀਲਤਾ ਦਰਸਾਉਂਦੀ ਹੈ.
 
“ਬੱਸ ਬਹੁਤ ਹੋ ਗਿਐ . ਆਖ ਕੇ ਉਹ ਆਪਣੇ ਆਪ ਨੂੰ ਦਿਲਾਸਾ ਦੇਣ ਲੱਗ ਪਈ. ਉਸਨੂੰ ਮਹਿਸੂਸ ਹੋਣ ਲੱਗ ਪਿਆ ਸੀ ਜਿਵੇਂ ਉਹ ਕਿਸੇ ਜਾਲ਼ ਵਿਚ ਫਸ ਗਈ ਹੋਵੇ. ਰਿਸ਼ਤਿਆਂ ਦਾ ਭੰਵਰਜਾਲ਼. ਮੱਛੀ ਜਿਵੇਂ ਮਛੇਰੇ ਦੇ ਜਾਲ਼ ਵਿਚ ਫਸਦੀ ਹੈ. ਜਿੰਨਾ ਚਿਰ ਪਾਣੀ ਦੇ ਅੰਦਰ ਹੈ, ਤੜਫ਼ਦੀ ਹੋਈ ਵੀ ਜਿਉਂਦੀ ਹੈ. ਬਾਹਰ ਨਿਕਲੀ ਤਾਂ ਸਾਹਹੀਣ. ਕਿਹੋ ਜਿਹੀ ਦੁਬਿਧਾ ਸੀ. ਉਹ ਵੀ ਏਸੇ ਤਰ੍ਹਾਂ ਦੇ ਜਾਲ਼ ਵਿਚ ਫਸੀ ਪਈ ਸੀ. ਇਸ ਜਾਲ਼ ਨੂੰ ਕਿਵੇਂ ਕੱਟੇ? ਕਿਵੇਂ ਮੁਕਤ ਹੋਵੇ? ਜਾਂ ਫਸੀ ਰਹਵੇ.”
 
ਮੇਰੀ ਜਾਚੇ ਪੱਛਮੀ ਮੁਲ-ਪ੍ਰਬੰਧ ਭਾਵੇਂ ਔਰਤ ਦੀ ਸੁਤੰਤਰਤਾ ‘ਤੇ ਪਹਿਰਾ ਦਿੰਦਾ ਹੈ, ਪਰ ਖ਼ਪਤ ਪਰਉਸਾਰ, ਔਰਤ ਨੂੰ ਸਰੀਰਕ, ਜ਼ਹਿਨੀ-ਪੱਖੋਂ ਖ਼ਪਤ ਕਰਨ ਦਾ ਮਾਡਲ ਉਸਾਰਦਾ ਹੈ. ਉਹ ਰੁਚੀ ਉਸਦੇ ਘਰ, ਨੌਕਰੀ ਸਥਾਨ (ਕਲੀਨਿਕ) ਅਤੇ ਸਾਕਾਚਾਰੀ ਪ੍ਰਬੰਧ ਵਿਚ ਸਮਾਨਾਂਤਰ ਪੱਧਰ ‘ਤੇ ਕਿਰਿਆਗਤ ਰਹਿੰਦੀ ਹੈ. ਪ੍ਰੀਤੀ ਨੂੰ ਕੰਮ ‘ਤੇ ਭਾਸ਼ਕ ਸਾਧਨ ਵਜੋਂ, ਘਰ ਵਿਚ ਪਰਿਵਾਰਕ ਪਾਲਣ-ਪੋਸ਼ਣ ਲਿੰਗ-ਤ੍ਰਿਪਤੀ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਸਤਵੰਤ ਦੇ ਰੂਪ ਵਿਚ ਇਕ ਤੀਜੀ ਸ਼ੋਸ਼ਕ ਧਿਰ ਵੀ ਮੌਜੂਦ ਹੈ, ਜੋ ਉਸਦੇ ਦੰਪਤੀ ਜੀਵਨ ਦੇ ਅਸੰਤੁਲਨ ਵਿਚੋਂ ਕੁਝ ਹਾਸਲ ਕਰਨ ਲਈ ਤਤਪਰ ਹੈ. ਇਸ ਨਾਵਲ ਦੀ ਨਾਇਕਾ ਦੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਹ ਪੱਛਮੀ ਪੂੰਜੀਵਾਦੀ ਸਿਸਟਮ ਦੀਆਂ ਇਹ ਤਿੰਨੋਂ ਖਪਤੀ-ਤਾਕਤਾਂ ਦੇ ਆਰਥਿਕ-ਜਜ਼ਬਾਤੀ ਮੋਹਕ ਜਾਲ਼ ਨੂੰ ਤੋੜਨਾ ਹੀ ਨਹੀਂ ਚਾਹੁੰਦੀ ਸਗੋਂ ਤੋੜ ਕੇ ਦਿਖਾਉਂਦੀ ਹੈ.
 
ਵਾਸਤਵ ਵਿਚ ਇਸ ਨਾਵਲ ਦੀ ਨਾਇਕਾ ਸਭਿਆਚਾਰਕ ਵਿਤਰੇਕਤਾ ਦੀ ਨਿਸਬਤ, ਦੋਹਾਂ ਸਭਿਆਚਾਰਾਂ ਦੇ ਮੁੱਲ-ਪ੍ਰਬੰਧ ਦੇ ਸਮਨਵੈ ‘ਚੋਂ ਉਤਪੰਨ ਇਕ ਵਿਵੇਕਮਈ, ਹਾਂ-ਪੱਖੀ ਅਤੇ ਉਸਾਰੂ ਚੇਤਨਾ ਦੀ ਲਖਾਇਕ ਹੋ ਕੇ ਜਿੱਥੇ ਪੂਰਬੀ/ਪੱਛਮੀ ਭਰਮ ਜਾਲ਼ ਨੂੰ ਤੋੜਨ ਵਿਚ ਸਫ਼ਲ ਹੁੰਦੀ ਹੈ, ਉੱਥੇ ਪਰਵਾਸੀ ਪਰਿਵੇਸ਼ ਵਿਚ ਆਪਣੀ ਹੋਂਦ ਨਾਲ਼ ਚੱਲ ਰਹੇ ਸੰਘਰਸ਼ ਵਿਚੋਂ ਵੀ ਜੇਤੂ ਹੋ ਕੇ ਉੱਭਰਦੀ ਹੈ. ਇਸ ਨਾਵਲ ਦੀ ਨਾਇਕਾ ਸਿਰਫ਼ ਸੰਤਾਪ ਝੱਲਣ ਦਾ ਜੇਰਾ ਹੀ ਨਹੀਂ ਰੱਖਦੀ ਬਲਕਿ ਆਦਰਸ਼ਕ ਮੱਕੜ-ਜਾਲ਼ ਨੂੰ ਕੱਟਣ ਦਾ ਹੀਆ ਵੀ ਰੱਖਦੀ ਹੈ. ਇਹੀ ਇਸ ਨਾਵਲ ਦੀ ਵਿਲੱਖਣਤਾ ਹੈ ਅਤੇ ਬਲਬੀਰ ਕੌਰ ਸੰਘੇੜਾ ਦੀ ਪ੍ਰਾਪਤੀ.

ਹਵਾਲੇ ਤੇ ਟਿੱਪਣੀਆਂ

1    ਬਲਬੀਰ ਕੌਰ ਸੰਘੇੜਾ, ਜਾਲ਼, ਪੰਨਾ 12
2             ਉਹੀ                        ਪੰਨਾ 12
3               ”                          ਪੰਨਾ 15
4               ”                          ਪੰਨਾ 221
5               ”                          ਪੰਨਾ 222
6               ”                          ਪੰਨਾ 50
7               ”                          ਪੰਨਾ 246
8               ”                          ਪੰਨਾ 245
9               ”                          ਪੰਨਾ 242
10             ”                          ਪੰਨਾ 281
11             ”                          ਪੰਨਾ 236

No comments:

Post a Comment