“ਸੰਸਾਰ ਆਰਥਕ ਸੰਕਟ ਅਤੇ ਹੱਲ” ਵਿਸ਼ੇ ਤੇ ਕਨਵੈਨਸ਼ਨ……… ਵਿਚਾਰ ਚਰਚਾ / ਗੋਪਾਲ ਜੱਸਲ (ਪ੍ਰੋ.)

ਕੈਲਗਰੀ : ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ (ਰਜਿ:) ਵੱਲੋਂ “ਸੰਸਾਰ ਆਰਥਕ ਸੰਕਟ ਅਤੇ ਹੱਲ”  ਵਿਸ਼ੇ ਤੇ ਕੋਸੋ ਹਾਲ ਕੈਲਗਰੀ ਕਨੇਡਾ  ਕਨਵੈਨਸ਼ਨ ਕੀਤੀ ਗਈ। ਮੱਖ ਬੁਲਾਰੇ ਜੀਤਇੰਦਰਪਾਲ ਨੇ ਅਪਣੇ ਕੁੰਜੀਵਤ ਭਾਸ਼ਨ ਰਾਹੀਂ ਦੱਸਿਆ ਕਿ  2007 ਤੋਂ ਅਮਰੀਕਾ ਤੋਂ ਚੱਲਿਆ ਇਹ ਸੰਕਟ ਸਾਰੇ ਸੰਸਾਰ ਵਿੱਚ ਫੈਲ ਗਿਆ ਹੈ। ਯੂਰਪ ਦੇ ਦੇਸ਼ਾਂ ਦੀ ਆਰਥਿਕਤਾ ਬੁਰੀ ਤਰਾਂ ਲੜਖੜਾ ਗਈ ਹੈ। ਇਸਨੇ ਭਾਰਤ ਅਤੇ ਏਸ਼ੀਆ ਦੇ ਸਾਰੇ ਮੁਲਕਾਂ ਨੂੰ ਅਪਣੀ ਲਪੇਟ ਵਿੱਚ ਲੈ ਲਿਆ ਹੈ, ਤੇ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇਸ  ਗੰਭੀਰ ਸੰਕਟ ਚੋਂ ਨਿਕਲਣ ਲਈ ਸੋਚਣਾ ਪਵੇਗਾ ।ਹੱਲ ਲੱਭਣ ਲਈ ਅੱਗੇ ਆਉਣਾ ਪਵੇਗਾ।

ਪ੍ਰਧਾਨ ਸੋਹਨ ਮਾਨ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਖਤਮ ਕਰਕੇ ਪਬਲਿਕ ਸੈਕਟਰ ਰਾਹੀਂ  ਹੀ ਦੁਨੀਆਂ ਨੂੰ ਆਰਥਕ ਸੰਕਟ ਦੀ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਮਾਸਟਰ ਭਜਨ ਗਿੱਲ ਨੇ ਦੱਸਿਆ ਕਿ ਸੰਸਾਰ ਆਰਥਕ ਸੰਕਟ ਦਾ ਕਾਰਨ ਸਾਮਰਾਜੀ ਜੰਗਾਂ ਅਤੇ ਸੰਸਾਰ ਦੇ ਕੁਦਰਤੀ ਸਾਧਨਾਂ ਤੇ ਕਬਜਾ ਕਰਨ ਲਈ ਸੁਰੱਖਿਆ ਬਜਟ ਚ ਵਾਧਾ ਕਰਨਾ ਹੈ।ਪ੍ਰੋ. ਜੱਸਲ ਨੇ ਕਿਹਾ ਕਿ ਇਹ ਪ੍ਰਬੰਧ ਆਪਣੀਆਂ ਲੋਕਮਾਰੂ ਨੀਤੀਆਂ ਕਾਰਨ ਆਪ ਹੀ ਤਬਾਹ ਹੋ ਰਿਹਾ ਹੈ । ਉਹਨਾਂ ਕਿਹਾ ਕਿ 23 ਸਤੰਬਰ 2012 ਨੂੰ ਪਬਲਿਕ ਲਾਇਬ੍ਰੇਰੀ ਹਾਲ  ਡਾਊਨ ਟਾਊਨ ਨੇੜੇ ਟਾਉਨ ਹਾਲ ਵਿਖੇ ਹੋ ਰਹੇ “ਤੀਜੇ ਤਰਕਸ਼ੀਲ ਸਭਿਆਚਾਰਕ ਨਾਟਕ ਸਮਾਗਮ” ਚ  ਨਾਟਕਾਂ ਦੀ ਤਿਆਰੀ ਲਈ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁਲਾਂਪੁਰ ਪੰਜਾਬ) ਉਚੇਚੇ ਤੌਰ ਤੇ ਪੁੱਜ ਰਹੇ ਹਨ। ਇਹ ਯਾਦਗਾਰੀ ਸਮਾਗਮ ਪੰਜਾਬੀ ਨਾਟਕ ਜਗਤ ਦੇ ਪਿਤਾਮਾ ਮਰਹੂਮ ਗੁਰਸ਼ਰਨ ਸਿੰਘ (ਭਾਅ ਜੀ) ਪਹਿਲੀ ਬਰਸੀ ਅਤੇ ਗਦਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ।

ਹਰਕੰਵਲ ਸਾਹਿਲ ਨੇ ਕਿਹਾ ਸੰਸਾਰ ਭਰ ਦਾ  ਮੀਡੀਆ ਅਤੇ ਸਰਕਾਰਾਂ  ਕੁਝ  ਕੁ  ਘਰਾਣਿਆਂ  ਦੇ ਕੰਟਰੋਲ ਵਿੱਚ ਹਨ।ਉਹ ਲੋਕਾਂ ਕੋਲ ਸਹੀ ਜਾਣਕਾਰੀ  ਨਹੀਂ ਜਾਣ ਦਿੰਦੀਆਂ। ਗੁਰਦਿਆਲ ਖਹਿਰਾ ਨੇ ਕਿਹਾ ਕਿ  ਜੋ ਨੀਤੀਆਂ  ਸਰਕਾਰਾਂ ਵਲ਼ੋਂ ਵਿਕਾਸ ਦੇ ਨਾ ਤੇ ਠੋਸੀਆਂ ਜਾ ਰਹੀਆਂ ਹਨ ਉਨਾਂ ਨਾਲ ਅਮੀਰੀ ਅਤੇ ਗਰੀਬੀ ਦਾ ਪਾੜਾ ਖਤਰਨਾਕ ਹੱਦ ਤੱਕ ਵਧ ਗਿਆ ਹੈ।ਪੰਜਾਬੀ ਸਾਹਿਤ ਸਭਾ ਦੇ ਪਰਧਾਨ ਜਸਬੀਰ ਸਹੋਤਾ, ਕੁਲਬੀਰ ਸ਼ੇਰਗਿੱਲ ਅਤੇ ਪੈਰੀ ਮਾਹਲ ਨੇ ਵਿਚਾਰ ਚਰਚਾ ਚ ਭਾਗ ਲਿਆ।

ਵਿੱਤ ਸਕੱਤਰ ਜੀਤਇੰਦਰਪਾਲ ਨੇ ਵਿੱਤੀ ਰਿਪੋਰਟ ਪੇਸ਼ ਕੀਤੀ ਅਤੇ ਪ੍ਰਧਾਨ ਸੋਹਨ ਮਾਨ ਨੇ ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ (ਰਜਿ:) ਕੈਲਗਰੀ ਦੇ ਇਤਿਹਾਸ ਬਾਰੇ ਭਰਵੀਂ ਜਾਣਕਾਰੀ  ਸਾਂਝੀ ਕੀਤੀ  ਅਤੇ ਦੱਸਿਆ ਕਿ ਸਾਡਾ ਨਿਸ਼ਾਨਾ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਲਾਇਬਰੇਰੀ ਖੋਲਣ ਦਾ ਹੈ। ਹਾਊਸ ਨੇ ਸਰਬ ਸੰਮਤੀ ਨਾਲ ਵਿੱਤੀ ਰਿਪੋਰਟ ਪਾਸ ਕੀਤੀ ਅਤੇ ਅਗਲੇ 2 ਸਾਲ ਲਈ ਸੋਹਨ ਮਾਨ ਨੂੰ (ਪ੍ਰਧਾਨ), ਮਾਸਟਰ ਭਜਨ ਗਿੱਲ ਨੂੰ (ਜਨਰਲ ਸਕੱਤਰ), ਜੀਤਇੰਦਰਪਾਲ ਨੂੰ (ਖਜਾਨਚੀ), ਪ੍ਰੋ. ਗੋਪਾਲ ਜੱਸਲ ਨੂੰ (ਪਰੈਸ ਸਕੱਤਰ), ਕਮਲਪ੍ਰੀਤ ਪੰਧੇਰ ਨੂੰ (ਆਡੀਟਰ) ਅਤੇ ਹਰਕੇਸ਼ ਸੋਹਲ (ਡਾਇਰੈਟਰ) ਦੀ ਚੋਣ ਨੂੰ ਪ੍ਰਵਾਨਗੀ ਦਿੱਤੀ । ਗੀਤਾਂ, ਗਜ਼ਲਾਂ, ਕਵਿਤਾਵਾਂ ਅਤੇ ਕਵੀਸ਼ਰੀ  ‘ਚ ਹੇਠ ਲਿਖਿਆਂ ਨੇ ਭਾਗ ਲਿਆ।

ਮਾਸਟਰ ਬਚਿੱਤਰ ਗਿੱਲ ਨੇ ਸ਼ਹੀਦ ਭਗਤ ਸਿੰਘ ਬਾਰੇ ਇਉਂ ਕਿਹਾ

ਪੀਵਾਂਗੇ ਹੱਸ ਹੱਸ ਕੇ
ਅਸੀਂ ਮੌਤ ਦੇ ਜਾਮ
ਮੇਰੀ ਜਾਂਦੀ ਵਾਰ ਦੀ ਮਾਤਾ ਜੀ ਪ੍ਰਣਾਮ

ਕੇਸਰ ਸਿੰਘ ਨੀਰ ਦੀ ਗਜ਼ਲ (ਪੰਜਾਬ ਦੁਖਾਂਤ) ਦੀਆਂ ਕੁਝ ਲਾਈਨਾਂ

ਮੇਰੇ ਨੈਣਾਂ ਚ ਹਨ ਅਣਵਗੇ ਅੱਥਰੂ
ਪੀੜ ਏਨ੍ਹਾਂ ਦੀ ਮੈਨੂੰ ਸਤਾੳਂੁਦੀ ਰਹੀ
ਮੈ ਤਾਂ ਏਨ੍ਹਾਂ ਨੂੰ ਵਗਣੋ ਰਿਹਾ ਰੋਕਦਾ
ਅੱਗ ਏਨ੍ਹਾਂ ਦੀ ਦਿਲ ਨੂੰ ਜਲਾਉਂਦੀ ਰਹੀ
ਹਰਨੇਕ ਬੱਧਨੀ ਨੇ ਕਿਹਾ
ਪਕੌੜੇ ਵੇਚਣ ਵਾਲੇ ਏਥੇ ਬਣ ਜਾਂਦੇ ਐ ਨੇਤਾ
ਕੋਈ ਸ਼ਹੀਦਾਂ ਦੇ ਕਫਨ ਵੇਚ ਗਿਆ ਕੋਈ ਵੇਚ ਗਿਆ ਰੇਤਾ

ਸੁਰਜੀਤ ਸਿੰਘ ਪੰਨੂੰ ਨੇ ਕਿਹਾ

ਅਣਖਾਂ ਵਾਲੀ ਕੌਮ ਸਾਧਾਂ ਦੇ ਟੇਟੇ ਚੜ੍ਹ ਗਈ
ਕਿੰਨੀ ਉਚਾਈੳਂ ਡਿੱਗਕੇ ਆ ਕਿੱਥੇ ਖੜ ਗਈ

ਅਜੈਬ ਸੇਖੋਂ, ਕੁੰਦਨ ਸ਼ੇਰਗਿੱਲ, ਜਸਵੰਤ ਸੇਖੋਂ ਨੇ ਅਪਣੀਆਂ ਰਚਨਾਵਾਂ ਸੁਣਾਈਆਂ। ਮੇਜਰ ਸਿੰਘ ਧਾਲੀਵਾਲ, ਸਰਬਣ ਸਿੰਘ ਗਿੱਲ, ਰਣਜੀਤ ਬੜਿੰਗ, ਜਰਨੈਲ ਤੱਗੜ, ਸਰਪਾਲ ਸੰਘਾ, ਕਮਲਪ੍ਰੀਤ ਕੌਰ ਪੰਧੇਰ, ਵਿਦਿਆ, ਸੁਰਿੰਦਰ ਕੌਰ ਗਿੱਲ, ਮਲਕੀਤ ਸਿੰਘ, ਤੇਜਿੰਦਰ ਸਿੰਘ, ਬਲਤੇਜ ਸਿੰਘ ਅਤੇ ਗੁਰਤੇਜ ਸਿੰਘ ਵੀ ਹਾਜ਼ਰ ਸਨ।

ਅਗਲੀ  ਮੀਟਿੰਗ  5 ਅਗਸਤ 2012 ਠਕਿ 2 ਵਜੇ ਤੋਂ 5 ਵਜੇ ਸ਼ਾਮ ਹੋਵੇਗੀ । ਹੋਰ ਜਾਣਕਾਰੀ ਲਈ: ਗੋਪਾਲ ਜੱਸਲ 403 280 0709,  ਮਾ. ਭਜਨ ਗਿੱਲ 403  455 4220 ‘ਤੇ ਫੋਨ ਕੀਤਾ ਜਾ ਸਕਦਾ ਹੈ ।

****

No comments:

Post a Comment