ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਨਮਾਨ ਸਮਾਰੋਹ ਇਥੇ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ. ਕਰਾਂਤੀ ਪਾਲ, ਬਲਕਾਰ ਸਿੰਘ ਦਲ ਸਿੰਘ ਵਾਲਾ, ਪ੍ਰੋ. ਜਸਪਾਲ ਘਈ, ਅਮਰਦੀਪ ਗਿੱਲ ਅਤੇ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਕੀਤੀ। ਸਮਾਰੋਹ ਦੌਰਾਨ ਪ੍ਰਸਿੱਧ ਗ਼ਜ਼ਲਗੋ ਪ੍ਰੋ. ਜਸਪਾਲ ਘਈ ਨੂੰ ਉਸਤਾਦ ਦੀਪਕ ਜੈਤੋਈ ਐਵਾਰਡ ਅਤੇ ਉਘੇ ਗੀਤਕਾਰ ਅਮਰਦੀਪ ਗਿੱਲ ਨੂੰ ਪ੍ਰੋ. ਰੁਪਿੰਦਰ ਮਾਨ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਮਾਰੋਹ ਦਾ ਆਗ਼ਾਜ਼ ਸਭਾ ਦੇ ਸਰਪ੍ਰਸਤ ਪ੍ਰੋ. ਤਰਸੇਮ ਨਰੂਲਾ ਸਵਾਗਤੀ ਸ਼ਬਦਾਂ ਨਾਲ ਹੋਇਆ। ਅਰਸ਼ਦੀਪ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਮਰਹੂਮ ਦੀਪਕ ਜੈਤੋਈ ਦਾ ਗੀਤ 'ਸਾਥੋਂ ਝੱਲੀਆਂ ਨਾ ਜਾਣ ਇਹ ਜੁਦਾਈਆਂ ਰਾਝਣਾਂ' ਅਤੇ ਪ੍ਰੋ. ਰਿਪੰਦਰ ਮਾਨ ਦੀ ਗ਼ਜ਼ਲ 'ਮਨਾਂ ਦੇ ਤਖਤਿਆਂ ਉਤੇ...' ਗਾ ਕੇ ਦੋਹਾਂ ਸ਼ਖ਼ਸੀਅਤਾਂ ਨੂੰ ਸਜਦਾ ਕੀਤਾ। ਭੁਪਿੰਦਰ ਜੈਤੋ ਨੇ ਦੀਪਕ ਜੈਤੋਈ ਦੇ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਰਚਨਾ ਬਾਰੇ ਜਾਣਕਾਰੀ ਦਿੱਤੀ। ਹਰਮੀਤ ਵਿਦਿਆਰਥੀ ਨੇ ਪ੍ਰੋ. ਜਸਪਾਲ ਘਈ ਵੱਲੋਂ ਗ਼ਜ਼ਲ ਦੇ ਖੇਤਰ ਵਿਚ ਪਾਏ ਗੁਣਾਤਮਿਕ ਯੋਗਦਾਨ ਬਾਰੇ ਚਰਚਾ ਕੀਤੀ ਅਤੇ ਕਹਾਣੀ ਪੰਜਾਬ ਦੇ ਆਨਰੇਰੀ ਸੰਪਾਦਕ ਡਾ. ਕਰਾਂਤੀ ਪਾਲ ਨੇ ਅਮਰਦੀਪ ਗਿੱਲ ਦੇ ਰਚਨਾ ਸੰਸਾਰ ਨਾਲ ਸਰੋਤਿਆਂ ਦੀ ਸਾਂਝ ਪੁਆਈ। ਪ੍ਰੋ. ਬ੍ਰਹਮ ਜਗਦੀਸ਼ ਸਿੰਘ ਨੇ ਦੀਪਕ ਜੈਤੋਈ ਨੂੰ ਪੰਜਾਬੀ ਗਜ਼ਲ ਦਾ ਬਾਬਾ ਬੋਹੜ ਦਸਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ, ਗੀਤਕਾਰੀ, ਪੰਜਾਬੀ ਭਾਸ਼ਾ ਅਮੀਰ ਕਰਨ ਲਈ ਪਾਏ ਵੱਡਮੁੱਲੇ ਯੋਗਦਾਨ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ ਅਤੇ ਉਨ੍ਹਾਂ ਪ੍ਰੋ. ਰੁਪਿੰਦਰ ਮਾਨ ਵੱਲੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਤਾਰੀਫ ਕੀਤੀ।
ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਪੰਜਾਬੀ ਭਾਸ਼ਾ ਦੀ ਅਥਾਹ ਸਮਰੱਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆਂ ਦੀਆਂ ਵਿਕਸਤ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਅਖੌਤੀ ਵਿਦਵਾਨਾਂ ਅਤੇ ਰਾਜਨੀਤਕਾਂ ਦੇ ਇਹ ਖ਼ਦਸ਼ੇ ਉਕਾ ਹੀ ਨਿਰਮੂਲ ਹਨ ਕਿ ਪੰਜਾਬੀ ਭਾਸ਼ਾ, ਅੰਗਰੇਜ਼ੀ ਦੇ ਹਾਣ ਦੀ ਨਹੀਂ ਹੋ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਪਾਠਕਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਸਾਹਿਤ ਪੜ੍ਹਨ ਵਾਲੇ ਪਾਠਕਾਂ ਦੀ ਗਿਣਤੀ ਵੀ ਕਈ ਗੁਣਾਂ ਵਧੀ ਹੈ। ਉਨ੍ਹਾਂ ਦਲੀਲ ਦਿੱਤੀ ਕਿ ਅੱਜ ਪੰਜਾਬੀ ਵਿਚ ਇਕ ਸਾਲ ਵਿਚ 800 ਤੋਂ ਵਧੇਰੇ ਨਵੀਆਂ ਪੁਸਤਕਾਂ ਛਪ ਰਹੀਆਂ ਹਨ, ਪੰਜਾਬੀ ਅਖਬਾਰਾਂ ਦੀ ਛਪਣ ਗਿਣਤੀ ਵੀ ਦਸ ਲੱਖ ਦੇ ਕਰੀਬ ਹੈ। ਇਹ ਤਾਂ ਹੀ ਛਪ ਰਹੀਆਂ ਹਨ ਕਿ ਇਨ੍ਹਾਂ ਨੂੰ ਲੋਕ ਖਰੀਦ ਰਹੇ ਹਨ ਅਤੇ ਪੜ੍ਹ ਰਹੇ ਹਨ। ਉਨ੍ਹਾਂ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਸਬੰਧੀ ਦੇਣ ਨੂੰ ਬਹੁਤ ਮਹਾਨ ਦੱਸਿਆ ਅਤੇ ਉਨ੍ਹਾਂ ਦੀ ਖ਼ੁਦਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ. ਰੁਪਿੰਦਰ ਮਾਨ ਇਕ ਸਮਰੱਥਾ ਵਾਲਾ ਸ਼ਾਇਰ, ਆਲੋਚਕ ਅਤੇ ਬੁਲਾਰਾ ਸੀ। ਪ੍ਰੋ. ਗੁਰਦਿਆਲ ਸਿੰਘ ਨੇ ਇਨ੍ਹਾਂ ਸਨਮਾਨਾਂ ਲਈ ਪ੍ਰੋ. ਜਸਪਾਲ ਘਈ ਅਤੇ ਅਮਰਦੀਪ ਗਿੱਲ ਦੀ ਚੋਣ ਨੂੰ ਬਹੁਤ ਹੀ ਢੁਕਵੀਂ ਦੱਸਿਆ ਅਤੇ ਸਾਹਿਤ ਸਭਾ ਦੀ ਸ਼ਲਾਘਾ ਕੀਤੀ।
ਸਮਾਰੋਹ ਦੇ ਦੂਜੇ ਦੌਰ ਵਿਚ ਹੋਏ ਕਵੀ ਦਰਬਾਰ ਵਿਚ ਪ੍ਰੋ. ਜਸਪਾਲ ਘਈ, ਅਮਰਦੀਪ ਗਿੱਲ, ਤਰਲੋਕ ਜੱਜ, ਹਰਮਿੰਦਰ ਕੋਹਾਰਵਾਲਾ, ਪ੍ਰੋ. ਸਾਧੂ ਸਿੰਘ, ਮਨਜੀਤ ਕੋਟੜਾ, ਕੁਲਵਿੰਦਰ ਬੱਛੋਆਣਾ, ਅਨਿਲ ਆਦਮ, ਭੁਪਿੰਦਰ ਪੰਨੀਵਾਲੀਆ, ਮਲਕੀਤ ਮੀਸ਼,, ਸੁਨੀਲ ਚੰਦਿਆਣਵੀ, ਇਕਬਾਲ ਗਿੱਲ, ਡਾ. ਸੁਖਪਾਲ, ਸਤੀਸ਼ ਠੁਕਰਾਲ ਸੋਨੀ, ਬਲਵਿੰਦਰ ਚਾਹਲ, ਜਨਕ ਰਾਜ ਜਨਕ, ਬਲਦੇਵ ਬੰਬੀਹਾ, ਸਾਧੂ ਸਿੰਘ ਚੀਦਾ ਨੇ ਆਪਣਾ ਕਲਾਮ ਪੇਸ਼ ਕੀਤਾ। ਸਭਾ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਸੂਰੇਵਾਲੀਆ ਨੇ ਅੰਤ ਵਿਚ ਸਭਨਾਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਲ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾ। ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਮਾਸਟਰ ਕਰਤਾ ਰਾਮ, ਸ਼ਾਹ ਚਮਨ, ਜੋਰਾ ਸਿੰਘ ਸੰਧੂ, ਰਾਜਪਾਲ ਸਿੰਘ, ਖੁਸ਼ਵੰਤ ਬਰਗਾੜੀ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਨਾਟਕਕਾਰ ਜਗਦੇਵ ਢਿੱਲੋਂ, ਅਮਰਜੀਤ ਢਿੱਲੋਂ, ਦਰਸ਼ਨ ਬਲ੍ਹਾੜੀਆ, ਮੰਗਤ ਸ਼ਰਮਾ, ਹਰਜਿੰਦਰ ਢਿੱਲੋਂ, ਬਲਦੇਵ ਸਿੰਘ ਢਿੱਲੋਂ, ਹਰਮੇਲ ਪਰੀਤ, ਮਲਕੀਤ ਕਿੱਟੀ, ਬਲਕਰਨ ਸੂਫ਼ੀ, ਸਤਵਰਨ ਦੀਪਕ, ਦਰਸ਼ਨ ਸਿੰਘ ਦਰਸ਼ਨ , ਸੁੰਦਰ ਪਾਲ ਪ੍ਰੇਮੀ, ਅਮਰਜੀਤ ਸਿੱਧੂ ਨਥਾਣਾ, ਗੁਰਨਾਮ ਸਿੰਘ ਦਰਸ਼ੀ, ਰਾਮਦਿਆਲ ਸਿੰਘ, ਸਤਵਿੰਦਰਪਾਲ ਸੱਤੀ, ਚਰਨਜੀਤ ਸਿੰਘ ਆਰਟਿਸਟ, ਰੰਜਨ ਆਤਮਜੀਤ, ਸ਼ਗਨ ਕਟਾਰੀਆ, ਯਸ਼ ਪਾਲ ਸ਼ਰਮਾ, ਨਰੇਸ਼ ਸੇਠੀ, ਅਸ਼ੋਕ ਧੀਰ ਆਦਿ ਸ਼ਾਮਲ ਹੋਏ।
No comments:
Post a Comment