ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ .......... ਮਾਸਿਕ ਇਕੱਤਰਤਾ / ਜਸਵੀਰ ਸਿੰਘ ਸਿਹੋਤਾ

IMG_8838- Dec 10.JPGIMG_8841-Dec 10.JPGਕੈਲਗਰੀ : ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਦਸੰਬਰ 2010 ਦਿਨ ਸ਼ਨੀਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਕਸ਼ਮੀਰਾ ਸਿੰਘ ਚਮਨ ਅਤੇ ਜਸਵੀਰ ਸਿੰਘ ਸਿਹੋਤਾ ਦੀ ਪ੍ਰਧਾਨਗੀ ਵਿਚ ਹੋਈ। ਜੱਸ ਚਾਹਲ ਹੋਰਾਂ ਸਟੇਜ ਸਕੱਤਰ ਦੀਆਂ ਜਿੰਮੇਂਵਾਰੀਆਂ ਨਿਭਾਉਂਦੇ ਹੋਏ ਸਭ ਤੋਂ ਪਹਿਲਾਂ ਕੈਲਗਰੀ ਦੀ ਮਹਾਨ ਸ਼ਖਸੀਅਤ, ਸਭਾਵਾਂ ਦੇ ਸ਼ਿਗਾਰ, ਪ੍ਰੋ.ਮੋਹਨ ਸਿੰਘ ਔਜਲਾ ਜੀ ਦੇ ਸਦੀਵੀ ਵਿਛੋੜੇ ਤੇ ਪ੍ਰਵਾਰ ਅਤੇ ਸਮੂਹ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਕਾਮਨਾ ਕੀਤੀ। ਨਾਲ ਹੀ ਤਰਸੇਮ ਸਿੰਘ ਪਰਮਾਰ ਹੋਰਾਂ ਦੇ ਛੋਟੇ ਭਰਾ ਹਰਭਜਨ ਸਿੰਘ ਪਰਮਾਰ ਦੇ ਇੰਡੀਆ ਫੇਰੀ ਦੌਰਾਨ ਦੇਹਾਂਤ ਹੋ ਜਾਣ ਤੇ ਸਭਾ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ। ਇਸ ਦੁੱਖਦਾਈ ਘੜੀ ਵਿਚ, ਰਾਈਟਰਜ਼ ਫੋਰਮ ਕੈਲਗਰੀ ਦੇ ਸਮੂਹ ਮੈਂਬਰ ਸ਼ਰੀਕ ਹੁੰਦੇ ਹੋਏ ਮ੍ਰਿਤਕਾਂ ਦੀ
ਰੂਹ ਲਈ ਸ਼ਾਂਤੀ ਦੀ ਅਰਦਾਸ ਕਰਦੇ ਹਨ।

    ਜੱਸ ਚਾਹਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕੇ ਪਰਵਾਨ ਕੀਤੀ ਗਈ। ਰਚਨਾਵਾਂ ਦਾ ਦੌਰ ਸ਼ੁਰੂ ਕਰਦੇ ਹੋਏ ਹਰਮਿੰਦਰ ਸਿੰਘ ਪਲਾਹਾ ਨੇ ਮੋਲਿਕ ਰਚਨਾ ਸੁਣਾਈ -
‘ਮਿੱਤਰਾ ਤੂੰ ਇਕ ਬੁਲਬਲ੍ਹਾ ਹੈਂ ਪਾਣੀ ਦਾ
 ਕੀ ਹੋਣਾ ਏਥੇ ਕਿਸੇ ਨਾ ਡਿਠਾ ਅਗਲੇਰਾ ਕੱਲ੍ਹ’
ਤਰਸੇਮ ਸਿੰਘ ਪਰਮਾਰ ਹੋਰਾਂ ਉਲਫਤ ਬਾਜਵਾ ਦੀ ਰਚਨਾ ਸੁਣਾਈ -
‘ਸਿਰਜ ਕੇ ਰੱਬ ਦੇ ਭਵਨ ਵੀ ਬਸਤੀਆ ਦੇ ਨਾਲ ਨਾਲ,
 ਸਿਹ ਦੇ ਤੱਕਲੇ ਗੱਡ ਲਏ ਖੁਦ ਹੀ ਘਰਾਂ ਦੇ ਨਾਲ ਨਾਲ।
 ਆਦਮੀ ਸੀ ਆਦਮੀ ਜਦ ਤੱਕ ਨਹੀਂ ਸਨ ਰੱਬ ਦੇ ਘਰ
 ਇਹ ਵੀ ਪੱਥਰ ਹੋ ਗਿਆ ਹੈ ਪੱਥਰਾਂ ਦੇ ਨਾਲ ਨਾਲ’।
ਰਛਪਾਲ ਸਿੰਘ ਬੋਪਾਰਾਏ ਨੇ ‘ਸਾਉਥ ਏਸ਼ੀਅਨ ਕਨੇਡੀਅਨ ਐਸੋਸੀੲੈਸ਼ਨ’ ਵਲੌਂ ਨਵੇਂ ਸਾਲ ਦੀ ਸੈਲੀਬ੍ਰੇਸ਼ਨ, 15 ਜਨਵਰੀ ਨੂੰ ਪਾਈਨਰਿਜ ਕਮਿਉਨਿਟੀ ਹਾਲ ਵਿਚ ਮਨਾਉਣ ਲਈ ਸਾਰੇ ਕੈਲਗਰੀ ਨਿਵਾਸੀਆਂ ਨੂੰ ਖੁੱਲ੍ਹਾਂ ਸੱਦਾ ਦਿੱਤਾ।
ਚੰਦ ਸਿੰਘ ਸਦਿਓੜਾ ਹੋਰਾਂ ਰਾਈਟਰਜ਼ ਫੋਰਮ ਦੀ ਸ਼ਲਾਘਾ ਕਰਦਿਆਂ ਨਵੇਂ ਸਾਲ ਲਈ ਸ਼ੁਭ ਕਾਮਨਾਵਾਂ ਕੀਤੀਆ ਅਤੇ ਪ੍ਰੋ.ਮੋਹਨ ਸਿੰਘ ਔਜਲਾ ਹੋਰਾਂ ਨੁੰ ਸਤਿਕਾਰ ਸਹਿਤ ਭਾਵਭਿੰਨੀ ਸ਼ਰਧਾਂਜਲੀ ਵਾਲਾ ਲੇਖ, ਜੋ ਕਿ‘ਪੰਜਾਬੀ ਨੈਸਨਲ’ਅਤੇ‘ਪੰਜਾਬੀ ਲਿੰਕ’ਵਿਚ ਛਪ ਚੁੱਕਾ ਹੈ, ਸਰੋਤਿਆਂ ਨਾਲ ਸਾਂਝਾ ਕੀਤਾ।
ਜਸਵੰਤ ਸਿੰਘ ਸੇਖੋਂ ਹੋਰਾਂ ਵਤਨ ਦੀ ਲੁੱਟ ਘਸੁੱਟ ਦੀ ਚਿੰਤਾ ਕਰਦਿਆਂ ਕਾਮੇਂ,ਕਿਸਾਨਾਂ ਮਜਦੂਰਾਂ ਦਾ ਪੱਖ ਪੂਰਦਿਆ ਕਵਿਤਾ ਸੁਣਾਈ -
‘ਮਿੱਟੀ ਦੇ ਨਾਲ ਮਿੱਟੀ ਹੋ ਕੇ ਇੱਟਾਂ ਮੈਂ ਬਣਾਈਆਂ ਨੇ
 ਬੇ-ਖੌਫ ਮੈਂ ਮੌਤ ਤੋਂ ਹੋ ਕੇ ਇੱਟਾਂ ਮੈਂ ਬਣਾਈਆ ਨੇ
 ਅੰਬਾਨੀ ਅਤੇ ਸੰਘਾਨੀ ਸਾਂਭੀਆਂ ਮੇਰੇ ਹਿਸੇ ਸਾਰੇ ਨੀ
 ਜਾਗ ਜਰਾ ਤੂੰ ਹੋਸ਼’ਚ ਆਜਾ ਹਿੰਦ ਦੀਏ ਸਰਕਾਰੇ ਨੀ’ 
ਕਸ਼ਮੀਰਾ ਸਿੰਘ ਚਮਨ ਕੈਲਗਰੀ ਦੇ ਜਾਣੇ-ਪਹਿਚਾਣੇ ਗ਼ਜ਼ਲਗੋ ਨੇ ਆਪਣੇ ਸੁਹਿਰਦ ਦੋਸਤ ਪ੍ਰੋ.ਮੋਹਨ ਸਿੰਘ ਔਜਲਾ ਜੀ ਦੀ ਯਾਦ ਵਿਚ ਦੋ ਗ਼ਜ਼ਲਾਂ ਪੜ੍ਹੀਆਂ ਅਤੇ ਅੰਤ ਸਮੇਂ ਨੂੰ ਦੁੱਖਦਾਈ ਸੱਚਾਈ ਜਾਣ ਕੇ ਉਸ ਦੇ ਭਾਣੇ’ਚ ਰਹਿਣ ਦੀ ਗੱਲ ਆਖੀ -
‘ਟੁਰਦੇ ਜਾਣ ਮੁਸਾਫਿਰ ਜਿਉਂ ਜਿਉਂ ਮੁਕਦੇ ਜਾਂਦੇ ਪੈਡੇ
 ਆਪਣੀ ਆਪਣੀ ਮੰਜਿਲ ਸਭ ਦੀ ਅੱਡੋ ਅੱਡ ਦਿਸ਼ਾਵਾਂ।
 ਮੁੱਕਦੀ ਹੈ ਆਸ ਚਮਨ ਜਦ ਰੂਹ ਡਾਢੀ ਕੁਰਲਾਂਦੀ
 ਰੋ ਰੋ ਕੇ ਜਿੰਦ ਰੱਬ ਨੂੰ ਆਖੇ ਕਿਸ ਨੂੰ ਹਾਲ ਸੁਣਾਵਾਂ’।
ਤਾਰਿਕ ਮਲਿਕ ਹੋਰਾਂ ਅਹਿਮਦ ਫਰਾਜ਼ ਦੀ ਗਜ਼ਲ ਪੇਸ਼ ਕੀਤੀ -
‘ਸੁਨਾ ਹੈ ਕਿ ਲੋਗ ਉਸੇ ਆਂਖ ਭਰਕੇ ਦੇਖਤੇ ਹੈਂ
 ਸੋ ਉਸਕੇ ਸ਼ਹਿਰ ਕੁਛ ਦਿਨ ਠਹਿਰਕੇ ਦੇਖਤੇ ਹੈਂ।
 ਸੁਨਾ ਹੈ ਬੋਲੇ ਤੋ ਬਾਤੋਂ ਸੇ ਫੂਲ ਝੜਤੇ ਹੈਂ
 ਯੇ ਬਾਤ ਹੈ ਤੋ ਚਲੋ ਬਾਤ ਕਰਕੇ ਦੇਖਤੇ ਹੈਂ।
ਅਜੈਬ ਸਿੰਘ ਸੇਖੋਂ ਉਨ੍ਹਾਂ ਲਿਖਾਰੀਆਂ ਵਿਚੋਂ ਇੱਕ ਹਨ ਜਿਨ੍ਹਾਂ ਨੇ ਕਨੇਡਾ ਆਕੇ ਲਿਖਣਾ ਸ਼ੁਰੂ ਕੀਤਾ ਅਤੇ ਪ੍ਰਕ੍ਰਿਤੀ ਨੂੰ ਵੇਖਦਿਆਂ ਭਾਵਕ ਹੋ ਕੇ ਆਪ-ਮੁਹਾਰੇ ਕਲਮ ਫੜ ਲੈਂਦੇ ਹਨ -
‘ਖੂਬਸੂਰਤੀ ਦੀ ਪ੍ਰਸੰਸਾ ਕਰੋ ਸਾਡੀਆਂ ਅੱਖਾਂ ਹੀ ਨਹੀਂ ਠਾਰਦੀ
 ਪ੍ਰਸੰਨ ਕਰੇ ਮੁਰਝਾਇਆ ਚਿੱਤ ਆਪਣੇ ਦੁਆਲੇ ਸੁੰਦਰਤਾ ਖਲਾਰਦੀ’
ਗੁਰਚਰਨ ਕੌਰ ਥਿੰਦ ਨੇ ਸੰਨ 1947 ਦੇ ਵੇਲ਼ਿਆਂ, ਜਿਸ ਪਿੱਛੇ ਸਤਾੱ ਦੀ ਭੁੱਖ ਵੱਡਾ ਕਾਰਨ ਸੀ, ਤੇ ਲਿਖੀ ਕਵਿਤਾ “ਇਹ ਕੇਹਾ ਜੀਣਾ” ਸੁਣਾਈ-
‘ਕੋਈ ਅੱਧੀ ਕੁ ਸਦੀ ਪਹਿਲਾਂ
 ਸੱਤਾ ਦੀ ਹਿਰਸ ਨੇ,ਧਰਤੀ ਦੀ ਹਿੱਕ ਤੇ ਲੀਕ ਵਾਹੀ,
 ਲੀਕ ਦੇ ਆਰ ਪਾਰ ਦਹਿਸ਼ਤ ਦੇ ਝੱਖੜ’ਚ
 ਉਸ ਮਾਂਹਮਾਰੀ ਦਾ ਸ਼ਿਕਾਰ ਹੋ,
 ਉਹ ਤੁਰ ਗਿਆ
 ਉਹ ਜੋ ਉਸਦੇ ਸਿਰ ਦਾ ਸਾਂਈ ਸੀ
 ਉਹਦੀਆਂ ਦੋ ਧੀਆਂ ਦਾ ਬਾਪ ਸੀ’
ਆਰਮੀ ਅਤੇ ਵਿਦਿਆ ਦੇ ਖੇਤਰ ਵਿਚ ਯੋਗਦਾਨ ਪਾਉਂਦੇ ਹੋਏ, ਇੱਕ ਗੀਤਕਾਰ ਦੇ ਤੌਰ ਤੇ ਜਾਣੇ ਜਾਂਦੇ ਗੁਰਚਰਨ ਸਿੰਘ ਹੇਅਰ ਜਗਰਾਉਂ ਸਾਹਿਤ ਸਭਾ ਦੇ ਮੈਂਬਰ ਹਨ ਜੋ ਕਿ ਏਥੇ ਆਪਣੇ ਬੱਚਿਆਂ ਦੇ ਕੋਲ ਆਉਣ ਦੇ ਸਬੱਬ ਨਾਲ ਅੱਜ ਰਾਈਟਰਜ਼ ਫੋਰਮ ਵਿਚ ਹਾਜ਼ਰੀ ਲਗਵਾ ਰਹੇ ਨੇ। ਅਸੀਂ ਇਨ੍ਹਾਂ ਨੂੰ ਜੀ ਆਇਆਂ ਆਖਦੇ ਹਾਂ।ਇਨ੍ਹਾਂ ਕੂਝ ਰਚਨਾਵਾਂ ਗਾਇਕੀ ਦੇ ਅੰਦਾਜ਼ ਵਿਚ ਸੁਣਾਈਆਂ -                                
‘ਮੈਂ ਤੈਨੂੰ ਸੱਜਣ,ਕਿੰਝ ਕਰ ਆਖਾਂ
 ਸੱਜਣ ਸ਼ਬਦ ਬੜਾ ਹੈ ਮਹਿੰਗਾ
 ਧਰਤੀ ਤੋਂ ਸੂਰਜ ਤੱਕ ਲੱਭ ਲੈ
 ਹੋਰ ਧਰਤੀਆਂ ਨੂੰ ਵੀ ਜੋਹ ਲੈ
 ਪਰ ਸੱਜਣ ਨਾ ਮਿਲਦੇ ਐਂਵੇ
 ਬਹੁਤ ਬਖੇੜਾ ਬੜਾ ਹੈ ਪੈਂਡਾ
 ਸੱਜਣ ਸ਼ਬਦ ਬੜਾ ਹੈ ਮਹਿੰਗਾ’
ਕੇ.ਐਨ. ਮਹਿਰੋਤਰਾ ਜੋ ਕੇ ਹਿੰਦੀ ਦੇ ਸ਼ਾਇਰ ਨੇ, ਨੇ ਆਪਣੀ ਕਵਿਤਾ ‘ਜਿੰਦਗੀ’, ਜੋ ਕਿ ਹਾਸੇ ਵਿਅੰਗ ਵਿਖਰੇਵਿਆਂ ਦਾ ਸੰਗਮ ਹੈ ਸੁਣਾਈ –
‘ਆਓ ਤੁਮ ਸਭਕੋ ਸੁਨਾਂਏਂ ਇੱਕ ਕਥਾ
 ਜਿਸ ਮੇਂ ਹੱਸਯ ਵਿਯਾਥਾ ਵਿਅੰਗ ਕਾ ਅਨੂਠਾ ਸੰਗਮ ਹੈ’
ਸਭਰੰਗ ਰੇਡਿਓ ਦੇ ਡਾਇ੍ਰੇਕਟਰ  ਰਾਜੇਸ਼ ਹੋਰਾਂ ਇਕੱਤਰਤਾ ਦਾ ਅਨੰਦ ਮਾਣਦੇ ਹੋਏ ਰਾਈਟਰਜ਼ ਫੋਰਮ ਦੀ ਸ਼ਲ਼ਾਘਾ ਕੀਤੀ ਅਤੇ ਅਗੋਂ ਤੋਂ ਵੀ ਆਉਂਦੇ ਰਹਿਣ ਦੀ ਖਾਹਿਸ਼ ਜਾਹਿਰ ਕੀਤੀ।
ਸੁਰਜੀਤ ਸਿੰਘ ‘ਸੀਤਲ’ਪੰਨੂ ਜੋ ਕਿ ਇੱਕ ਮਹੀਨੇ ਲਈ ਇੰਡੀਆ ਗਏ ਸਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕਰਦਿਆਂ, ਮਾਣ ਨਾਲ ਇਹ ਸੂਚਨਾਂ ਸਾਂਝੀ ਕੀਤੀ ਕਿ ਗੁਰੂ ਕੀ ਵਡਾਲ਼ੀ ਵਿਚ ਸ਼੍ਰੋਮਣੀ ਕਮੇਟੀ ਵਲੋਂ ਸੋਹਣ ਸਿੰਘ ਸੀਤਲ ਢਾਡੀ ਕਾਲਜ ਖ੍ਹੋਲਿਆ ਜਾ ਰਿਹਾ ਹੈ ਜੋ ਕਿ ਪੰਜਾਬ ਵਾਸੀਆਂ ਦੇ ਲਈ ਬੜੇ ਮਾਣ ਦੀ ਗੱਲ ਹੈ। ਗੁਰੂ ਕੀ ਵਡਾਲ਼ੀ ਉਹ ਪਿੰਡ ਹੈ ਜਿੱਥੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ ਸੀ। ਨਾਲ ਹੀ ਆਪਣੇ ਸੱਜਣ ਪਿਆਰੇ ਦੋਸਤ ਪ੍ਰੋ.ਮੋਹਨ ਸਿੰਘ ਜੀ ਦੇ ਵਿਛੋੜੇ ਤੇ ਪ੍ਰਵਾਰ ਨਾਲ ਦੁੱਖ ਦੀਆਂ ਘੜੀਆਂ ਵਿਚ ਸ਼ਾਂਝ ਪਾਉਂਦੇ ਹੋਏ ਇੱਕ ਗ਼ਜ਼ਲ ਕਹੀ -
‘ਨਹੀਂ ਦਿੱਸਦੇ ਕਿਤੇ ਸਾਵੇ ਪੱਤੇ
 ਕਿਧਰ ਤੁਰ ਗਏ ਤੱਤ-ਪੜ੍ਹੱਤੇ
 ਉਹ ਵੀ ਕਰ ਗਏ ਤੋੜਵਿਛੋੜੇ
 ਜੋ ਸੀ ਹਿੱਕ ਨਾਲ ਲਾਕੇ ਰੱਖੇ’
ਪ੍ਰਭਦੇਵ ਸਿੰਘ ਗਿੱਲ ਨੇ ਸੰਖੇਪ ਜਿਹੇ ਸ਼ਬਦਾਂ ਵਿਚ ਪੜ੍ਹੇ ਲਿਖੇ ਵਿਦਵਾਨਾਂ ਦੇ ਵਿਚਾਰਾਂ ਦੇ ਨਾਲ ਨਾਲ ਗੌਡ-ਗਿਫਟਿਡ ਬੁਧੀਜੀਵੀਆਂ ਦੀ ਗੱਲ ਸੁਣਨ ਦੀ ਪ੍ਰੇਰਨਾ ਕੀਤੀ।
ਡਾ. ਪਰਮਜੀਤ ਸਿੰਘ ਬਾਠ ਰੇਡੀਓ ਸਭਰੰਗ ਤੇ ਦੋ ਘੰਟੇ ਦਾ ਪ੍ਰੋਗਰਾਮ ਦਿੰਦੇ ਨੇ, ਜੋ ਕਿ ਸਾਈਡ ਬੈਂਡ ਤੇ ਸੁਣਿਆਂ ਜਾ ਸਕਦਾ ਹੈ। ਉਹਨਾਂ ਨੇ ਇੱਕ ਗਜ਼ਲ ਸੁਣਾਈ -
‘ਉਹ ਆਇਆ ਉੱਠ ਤਨਹਾਈ ਚਲੀ ਗਈ
 ਉਹ ਚੱਲਿਆ ਤਾਂ ਆ ਬੈਠੀ ਤਨਹਾਈ ਹੈ
 ਇੱਕ ਰੁੱਖ ਝੂਠੇ ਜੰਗਲ ਵਿਚ ਸੱਚ ਬੋਲ ਪਿਆ
 ਸਭ ਰੁੱਖ ਉਸਨੂੰ ਆਖਣ ਕੋਈ ਸ਼ੁਦਾਈ ਹੈ’
ਜਨਰਲ ਸਕੱਤਰ ਜੱਸ ਚਾਹਲ ਜੋ ਕਿ ਹਰ ਬੁਲਾਰੇ ਨੂੰ ਸੱਦਾ ਦੇਣ ਲਈ ਜੀ ਆਇਆਂ ਆਖਦੇ ਹੋਏ ਅਕਸਰ ਇੱਕ ਸ਼ਿਅਰ ਬੋਲਦੇ ਹਨ, ਨੇ ਅੰਤ ਵਿਚ ਇਕ ਗਜ਼ਲ ਆਖ ਕੇ ਬੁਲਾਰਿਆਂ ਵਿਚ ਨਾਂ ਲਿਖਵਾਇਆ -
‘ਪੂਛ ਨ ਮੁਝਸੇ, ਕਯਾ ਕੁਝ ਹੈ, ਗੰਵਾਯਾ ਮੈਂਨੇ
 ਤੁਝੇ ਪਾਨਾ ਥਾ, ਸੋ ਖੁਦ ਕੋ, ਮਿਟਾਯਾ ਮੈਨੇ।
 ਲਬੋਂ ਪੇ ਤੇਰੇ, ਤਬੱਸਮ, ਹਸੀਂ,  ਸਜਾਨੇ ਕੋ
 ਨ ਪੂਛ ਦਿਲ ਮੇਂ, ਕਯਾ-ਕਯਾ ਹੈ ਸਮਾਯਾ ਮੈਂਨੇ’।
ਜਸਵੀਰ ਸਿੰਘ ਸਿਹੋਤਾ ਨੇ ਸਾਰੇ ਬੁਲਾਰਿਆਂ ਦਾ ਤੇ ਹਾਜ਼ਰੀਨ ਦਾ ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ੰਮਸ਼ੇਰ ਸਿੰਘ ਸੰਧੂ ਵਲੋਂ (ਜੋ ਕਿ ਇੰਡੀਆ ਗਏ ਹੋਏ ਹਨ) ਅਤੇ ਆਪਣੇ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ।ਅਤੇ ਆਪਣੀਆਂ ਕੁਝ ਲਾਈਨਾਂ ਸਾਂਝੀਆਂ ਕੀਤੀਆਂ -
‘ਕੰਡੇ ਹਾਲੇ ਵੀ ਨਹੀਂ ਮੁੱਕੇ,ਮੁੱਕੀ ਕਦੋਂ ਦੀ ਫਲਾਹੀ
 ਫਲਾਹੀ ਨੁੰ ਤਾਂ ਮਿਲਦੀ ਸੀ ਐਵੇਂ ਵਾਧੂਦੀ ਬੁਰਾਈ।
 ਜਿਨ੍ਹਾਂ ਨੂੰ ਨੇ ਕੰਡੇ ਰੁੱਖ ਰਾਹਾਂ ਉੱਤੇ ਹਾਲੇ ਵੀ ਬਥੇਰੇ
 ਕੰਡਿਆਂ ਦੇ ਹੱਲ ਲਈ ਨਹੀਂ ਸੀ ਵੱਡ੍ਹਣੀ ਫਲਾਹੀ।
 ਫਲਾਹੀ ਦਿਸਦੀ ਨਹੀਂ ਕਿਤੇ ਅੱਖੋਂ ਹੋ ਗਈ ਅਲੋਪ
 ਸਾਡੇ ਰਾਹ ਹਾਲੇ ਤੀਕ ਵੀ ਨਹੀਂ ਹੋਏ ਸੁੱਖਦਾਈ।
ਹਾਜ਼ਰੀਨ ਨੇ ਅਗਲੀ ਇਕੱਤਰਤਾ ਨਵੇਂ ਸਾਲ ਦੇ ਦਿਨ ਤੇ ਹੀ ਕਰਨ ਦੀ ਖ਼ਾਹਿਸ਼ ਜ਼ਾਹਿਰ ਕੀਤੀ, ਸੋ ਪ੍ਰਧਾਨਗੀ ਮੰਡਲ ਨੇ ਸਭ ਨੂੰ ਧੰਨਵਾਦ ਸਮੇਤ ਨਵੇਂ ਸਾਲ ਦੀ ਸ਼ੁਭ ਆਮਦ ਦੀ ਕਾਮਨਾ ਕਰਦੇ ਹੋਏ ਇਕੱਤਰਤਾ ਦੀ ਸਮਾਪਤੀ ਕੀਤੀ।
    ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ ਅਦਬ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
    ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸ਼ਨਿਚਰਵਾਰ, 1 ਜਨਵਰੀ 2011 ਨੂੰ 2-00 ਤੋਂ 5-00 ਵਜੇ ਤਕ ਕੋਸੋ ਦੇ ਹਾਲ 102-3208, 8 ਐਵੇਨਿਊ ਵਿਚ ਹੋਵੇਗੀ। ਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਵੱਨ ਸਵੰਨੀ ਸਾਹਿਤਕ ਇਕਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ ਜਾਣਕਾਰੀ ਲਈ ਸਲਾਹੁਦੀਨ ਸਬਾ ਸ਼ੇਖ਼(ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 293-8912, ਸੁਰਿੰਦਰ ਸਿੰਘ ਢਿਲੋਂ(ਸਹਿ-ਸਕੱਤਰ) ਨਾਲ 285-3539, ਪੈਰੀ ਮਾਹਲ (ਖਜ਼ਾਨਚੀ) ਨਾਲ 403-616-0402, ਜਾਂ ਜਾਵੇਦ ਨਜ਼ਾਮੀਂ (ਈਵੈਂਟਸ ਕੋਆਰਡੀਨੇਟਰ) ਨਾਲ 403-988-3961 ਅਤੇ ਜਸਵੀਰ ਸਿੰਘ ਸਿਹੋਤਾ (ਮੈਂਬਰ ਕਾਰਜਕਾਰਨੀ) ਨਾਲ 403-681-8281 ਤੇ ਸੰਪਰਕ ਕਰੋ

No comments:

Post a Comment