ਸਮਾਜ ਨੂੰ ਪ੍ਰੇਰਦਾ ਹਰ ਦਸਵਾਂ ਗੀਤ ਹੀ ਸਾਡਾ ਦਸਵੰਧ – ਮਨਮੋਹਨ ਵਾਰਿਸ......... ਰਿਸ਼ੀ ਗੁਲਾਟੀ

ਐਡੀਲੇਡ : ਪੰਜਾਬੀ ਵਿਰਸਾ 2011 ਦੀ ਲੜੀ ਦੇ ਤਹਿਤ ਪੰਜਾਬੀ ਗਾਇਕ ਭਰਾਵਾਂ ਮਨਮੋਹਨ ਵਾਰਿਸ, ਸੰਗਤਾਰ ਹੀਰ ਤੇ ਕਮਲ ਹੀਰ ਵੱਲੋਂ ਐਡੀਲੇਡ ਇੰਟਰਟੇਨਮੈਂਟ ਹਾਲ ਵਿਖੇ ਪ੍ਰੋਗਰਾਮ ਪੇਸ਼ ਕੀਤਾ ਗਿਆ । ਐਡੀਲੇਡ ਵਿਖੇ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਪ੍ਰੋਗਰਾਮ ‘ਚ “ਹਾਲ ਫੁੱਲ” ਦਾ ਬੋਰਡ ਲਗਾਇਆ ਗਿਆ ਹੋਵੇ । ਐਡੀਲੇਡ ਵਰਗੇ ਇਲਾਕੇ ‘ਚ ਕਰੀਬ ਹਫ਼ਤੇ ਦੇ ਵਕਫ਼ੇ ਤੇ ਇਹ ਦੂਜਾ ਪੰਜਾਬੀ ਸ਼ੋਅ ਸੀ ਪਰ ਇਸ ਵਾਰ ਵੀ ਦਰਸ਼ਕਾਂ ਦਾ ਭਾਰੀ ਇਕੱਠ ਹੋਣਾ ਮਾਇਣੇ ਰੱਖਦਾ ਹੈ ।

ਸ਼ੋਅ ਦੀ ਸ਼ੁਰੂਆਤ ਤਿੰਨੇ ਭਰਾਵਾਂ ਨੇ ਇੱਕ ਧਾਰਮਿਕ ਗੀਤ ਨਾਲ ਕੀਤੀ । ਇਸ ਵਾਰ ਸੰਗਤਾਰ ਵੀ ਗਾਇਕ ਦੇ ਰੂਪ ‘ਚ ਦਰਸ਼ਕਾਂ ਦੇ ਰੂਬਰੂ ਹੋਇਆ । ਹਾਲਾਂਕਿ ਮਨਮੋਹਣ ਵਾਰਿਸ ਤੇ ਕਮਲ ਹੀਰ ਤੱਕ ਪਹੁੰਚਣ ਲਈ ਉਸਨੂੰ ਲੰਬਾ ਸਫ਼ਰ ਤੈਅ ਕਰਨਾ ਪਵੇਗਾ ਪਰ ਉਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ‘ਚ ਕਾਮਯਾਬ ਰਿਹਾ । ਇਸ ਤੋਂ ਬਾਅਦ ਕਮਲ ਹੀਰ ਨੇ ਇੱਕ ਤੋਂ ਬਾਅਦ ਇੱਕ ਗੀਤਾਂ ਤੇ ਭੰਗੜੇ ਨਾਲ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ । ਕਮਲ ਹੀਰ ਨੇ ਕਿਹਾ ਕਿ ਸਟੇਜ ਤੇ ਪ੍ਰਦਰਸ਼ਨ ਦੌਰਾਨ ਉਸਨੂੰ ਆਪਣੇ ਸਾਹਾਂ ‘ਚ ਤਬਲਾ ਵੱਜਦਾ ਮਹਿਸੂਸ ਹੁੰਦਾ ਹੈ । ਕਮਲ ਤੋਂ ਬਾਅਦ ਮਨਮੋਹਨ ਵਾਰਿਸ ਨੇ ਸ਼ਾਇਰ ਸੁਰਜੀਤ ਪਾਤਰ ਦੀ ਗ਼ਜ਼ਲ ਨਾਲ਼ ਆਪਣੀ ਪਾਰੀ ਦਾ ਆਗਾਜ਼ ਕੀਤਾ ਤੇ ਕਈ ਹੋਰ ਸ਼ਾਇਰਾਂ ਜਿਵੇਂ ਅਮਰ ਸਿੰਘ ਸ਼ੌਂਕੀ ਤੇ ਹਰੀ ਸਿੰਘ ਦਿਲਬਰ ਦੀਆਂ ਰਚਨਾਵਾਂ ਪੇਸ਼ ਕੀਤੀਆਂ । ਅੰਨ੍ਹਾ ਹਜ਼ਾਰੇ ਵੀ ਇਸ ਸ਼ਾਇਰੀ ਦਾ ਮਹੱਤਵਪੂਰਣ ਹਿੱਸਾ ਰਿਹਾ । ਪੂਰੇ ਪ੍ਰੋਗਰਾਮ ਦੌਰਾਨ ਇਸ ਤਿੱਕੜੀ ਵੱਲੋਂ 14 ਨਵੇਂ ਗੀਤ ਪੇਸ਼ ਕੀਤੇ ਗਏ ।

ਇਹ ਕਾਮਯਾਬ ਸ਼ੋਅ ਕਰਵਾਉਣ ਦਾ ਸਿਹਰਾ ਰਾਇਲ ਪ੍ਰੋਡਕਸ਼ਨਜ਼ ਤੇ ਥ੍ਰੀ ਜੀ ਇੰਟਰਟੇਨਮੈਂਟ ਦੇ ਰਿਪਨ ਗਿੱਲ, ਤ੍ਰਿਮਾਨ ਗਿੱਲ, ਅਮਰਜੀਤ ਗਰੇਵਾਲ, ਸੁੱਖੀ ਬਣਵੈਤ ਨੂੰ ਜਾਂਦਾ ਹੈ ਤੇ ਵਾਰਿਸ ਭਰਾਵਾਂ ਦੇ ਸ਼ੋਆਂ ਦੇ ਮੁੱਖ ਪ੍ਰਮੋਟਰ ਸਰਬਣ ਸੰਧੂ ਤੇ ਜੋਗਿੰਦਰ ਸਿੰਘ ਸੰਧੂ ਤੇ ਪਲਾਜ਼ਮਾ ਰਿਕਾਰਡਰਜ਼ ਤੋਂ ਦੀਪਕ ਬਾਲੀ ਵੀ ਪਹੁੰਚੇ ਹੋਏ ਸਨ । ਇਸ ਮੌਕੇ ‘ਤੇ ਪਰਿਵਾਰ ਵੀ ਭਾਰੀ ਗਿਣਤੀ ‘ਚ ਪੁੱਜੇ ਹੋਏ ਸਨ ਤੇ ਹੋਰਨਾਂ ਤੋਂ ਇਲਾਵਾ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ, ਬਾਂਇੰਡ ਇੰਡੀਆ ਤੋਂ ਉਮੇਸ਼ ਨਾਗਾਜਾਂਡਰਾ, ਐਨ ਟੀ.ਵੀ. ਤੋਂ ਨਵਨੀਤ ਚੌਜਰ, ਆਸਟ੍ਰੇਲੀਆਈ ਗੋਰਾ ਸਿੱਖ ਦਵਿੰਦਰ (ਡੌਨ ਗੋਲਡਸਮਿੱਥ) ਸਿੰਘ, ਜਗਤਾਰ ਸਿੰਘ ਨਾਗਰੀ, ਸੁਮਿਤ ਟੰਡਨ, ਰਾਣਾ ਵੈਹਣੀਪਾਲ, ਮੋਹਣ ਸਿੰਘ ਮਲਹਾਂਸ, ਪੰਜਾਬ ਲਾਇਨਜ਼ ਕਲੱਬ ਦੇ ਮੈਂਬਰ ਹਾਜ਼ਰ ਸਨ ।
ਬਾਅਦ ‘ਚ ਨਿਯਤ ਸਮੇਂ ਤੋਂ ਡੇਢ ਘੰਟਾ ਲੇਟ ਸ਼ੁਰੂ ਹੋਈ ਪ੍ਰੈਸ ਕਾਨਫਰੰਸ ‘ਚ ਮਨਮੋਹਨ ਵਾਰਿਸ ਨੇ ਆਪਣੇ ਗਾਇਕੀ ਦੇ ਸਫ਼ਰ ਬਾਰੇ ਦੱਸਦਿਆਂ ਕਿਹਾ ਕਿ ਲੋਕ ਬੜੇ ਤਰੀਕਿਆਂ ਨਾਲ਼ ਦਸਵੰਧ ਕੱਢਦੇ ਹਨ ਪਰ ਦਸ ਗਾਣਿਆਂ ਪਿੱਛੇ ਸਮਾਜ ਨੂੰ ਪ੍ਰੇਰਦਾ ਇੱਕ ਗੀਤ ਹੀ ਸਾਡਾ ਦਸਵੰਧ ਹੈ । ਜਿੱਥੇ ਬਹੁਤੇ ਗਾਇਕ ਆਪਣੀ ਗਾਇਕੀ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਰੂਪ ਦੇਣ ਦੀ ਕੋਸਿ਼ਸ਼ ਕਰਦੇ ਹਨ, ਉੱਥੇ ਵਾਰਿਸ ਨੇ ਬੜੀ ਖੁੱਲਦਿਲੀ ਨਾਲ ਸਵੀਕਾਰ ਕੀਤਾ ਕਿ ਗਾਇਕੀ ਹੀ ਉਨ੍ਹਾਂ ਦਾ “ਫੁੱਲ ਟਾਈਮ” ਕਿੱਤਾ ਤੇ ਰੋਜ਼ੀ ਰੋਟੀ ਦਾ ਸਾਧਨ ਹੈ । ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਫਿਲਮਾਂ ‘ਚ ਆਉਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ । ਕਮਲ ਹੀਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਭਰਾਵਾਂ ਦੇ ਸਿਰ ਬੰਨ੍ਹਿਆਂ । ਉਨ੍ਹਾਂ ਦੱਸਿਆ ਕਿ 25 ਸਿਤੰਬਰ ਨੂੰ ਮੈਲਬੌਰਨ ਵਿਖੇ ਹੋ ਰਹੇ ਪੰਜਾਬੀ ਵਿਰਸਾ ਸ਼ੋਅ ਦੀ ਰਿਕਾਰਡਿੰਗ ਕੀਤੀ ਜਾਵੇਗੀ ਤੇ ਪਲਾਜ਼ਮਾ ਕੰਪਨੀ ਵੱਲੋਂ ਪੰਜਾਬੀ ਵਿਰਸਾ 2011 ਦੀ ਡੀ ਵੀ ਡੀ ਰਿਲੀਜ਼ ਕੀਤੀ ਜਾਵੇਗੀ । ਪੰਜਾਬੀ ਸ਼ਾਇਰ ਹਰੀ ਸਿੰਘ ਦਿਲਬਰ ਦੀ ਮੱਦਦ ਕਰਨ ਲਈ ਵਾਰਿਸ ਨੇ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੀ ਜਿੰਮੇਵਾਰੀ ਲਗਾਈ ਤੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਮਿਲਣ ਦਾ ਵਾਅਦਾ ਕੀਤਾ । ਚੇਤੇ ਰਹੇ ਦਿਲਬਰ ਹਰ ਸਾਲ ਆਜ਼ਾਦੀ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਉਸ ਸਮੇਂ ਤੋਂ ਕਾਵਿ ਉਚਾਰਣ ਕਰ ਰਹੇ ਹਨ, ਜਦ ਦੀ ਭਾਰਤ ਨੂੰ ਆਜ਼ਾਦੀ ਮਿਲੀ ਹੈ । ਅੱਜ ਦਿਲਬਰ ਬੇਹੱਦ ਗੁਰਬਤ ਦੀ ਹਾਲਤ ‘ਚ ਦਿਨ ਕਟੀ ਕਰ ਰਹੇ ਹਨ ਤੇ ਪੇਟ ਪਾਲਣ ਲਈ ਚਾਹ ਦੀ ਰੇਹੜੀ ਲਗਾਉਂਦੇ ਹਨ ।
****

No comments:

Post a Comment