ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦਾ ਛੇਵਾਂ ਗ਼ਜ਼ਲ ਸੰਗ੍ਰਹਿ ‘ਢਲ ਰਹੇ ਐ ਸੂਰਜਾ’........ ਪੁਸਤਕ ਰੀਵਿਊ / ਗੁਰਬਚਨ ਬਰਾੜ



ਅੰਤਲੇ ਸਾਹਾਂ ਤੱਕ ਜੀਵਨ ਨੂੰ ਮਾਨਣ ਦੀ ਰੀਝ

ਪੰਜਾਬੀ ਗ਼ਜ਼ਲ ਨੂੰ ਪ੍ਰਫੁਲਿਤ ਕਰਨ ਵਿੱਚ ਡਾ: ਸਾਧੂ ਸਿੰਘ ਹਮਦਰਦ, ਪਿੰ: ਤਖਤ ਸਿੰਘ, ਜਨਾਬ ਦੀਪਕ ਜੈਤੋਈ ਆਦਿ ਦਾ ਵਿਸ਼ੇਸ਼ ਹੱਥ ਹੈ। ਜਿਵੇਂ ਜਿਵੇਂ ਪੰਜਾਬੀ ਕਵਿਤਾ ਵਿੱਚ ਅਧੁਨਿਕਤਾ ਨੇ ਪ੍ਰਵੇਸ਼ ਕੀਤਾ, ਤਿਵੇਂ ਤਿਵੇਂ ਪੰਜਾਬੀ ਗ਼ਜ਼ਲ ਵਿੱਚ ਵੀ ਤਬਦੀਲੀ ਆਈ। ਹਮਦਰਦ, ਜੈਤੋਈ ਧੜੇ ਨੇ ਗ਼ਜ਼ਲ ਵਿੱਚ ਪੁਰਾਤਨ ਵਿਸ਼ੇ ਤੇ ਉਰਦੂ ਸ਼ਬਦਾਵਲੀ ਦਾ ਖਹਿੜਾ ਨਹੀਂ ਸੀ ਛੱਡਿਆ ਜਦੋਂ ਕਿ ਅਧੁਨਿਕ ਸ਼ਾਇਰਾਂ ਪਿੰ: ਤਖਤ ਸਿੰਘ, ਡਾ: ਜਗਤਾਰ, ਡਾ: ਰਣਧੀਰ ਸਿੰਘ ਚੰਦ, ਡਾ: ਐਸ ਤਰਸੇਮ ਆਦਿ ਸ਼ਾਇਰਾਂ ਨੇ ਗ਼ਜ਼ਲ ਨੂੰ ਸਮਾਜ ਦੇ ਵਿਸ਼ਾਲ ਕੈਨਵਸ ਤੇ ਫੈਲਾਅ ਦਿੱਤਾ। ਇਨ੍ਹਾ ਗ਼ਜ਼ਲਕਾਰਾਂ ਨੇ ਜਿੱਥੇ ਸਮਾਂ ਵਿਹਾ ਚੁੱਕੀ ਉਰਦੂ ਸ਼ਬਦਾਵਲੀ ਦਾ ਤਿਆਗ ਕਰਕੇ ਲੋਕ-ਬੋਲੀ ਪੰਜਾਬੀ ਨੂੰ ਸ਼ਾਇਰੀ ਵਿੱਚ ਸਤਕਾਰਿਤ ਥਾਂ ਦਿੱਤੀ ਉੱਥੇ ਮਨੁਖੀ ਮਨ ਤੇ ਪਏ ਹਰ ਸਮੂਹਿਕ ਪ੍ਰਭਾਵ ਅਤੇ ਅਧੁਨਿਕ ਸੰਵੇਦਨਾ ਦਾ ਪ੍ਰਤੀਕਾਤਮਿਕ ਪ੍ਰਗਟਾਅ ਆਪਣੀਆਂ ਗ਼ਜ਼ਲਾਂ ਵਿੱਚ ਕੀਤਾ।



ਕਿਸੇ ਵੀ ਸ਼ਾਇਰ ਦੀ ਸ਼ਾਇਰੀ ਤੇ ਉਸਦੇ ਭੂਗੋਲਿਕ ਖਿੱਤੇ, ਉਸਤੇ ਪਏ ਰਾਜਨੀਤਿਕ, ਆਰਥਿਕ, ਸਮਾਜਿਕ ਪ੍ਰਭਾਵਾਂ ਅਤੇ ਉਸਦੀ ਗਿਆਨ ਵਿਗਿਆਨ ਪਹੁੰਚ ਤੋਂ ਇਲਾਵਾ ਉਸਦੀ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਦਾ ਵੀ ਵਿਸ਼ੇਸ਼ ਪ੍ਰਭਾਵ ਝਲਕਦਾ ਹੈ। ਕੇਵਲ ਛੰਦਬੰਦੀ, ਸ਼ਾਇਰ ਨੂੰ ਬੁਲੰਦ ਨਹੀਂ ਬਣਾਉਂਦੀ, ਉਸਦੀ ਸੰਵੇਦਨਾ, ਸੁਚੇਤਨਾ, ਉਸਦਾ ਸ਼ਬਦ ਭੰਡਾਰ, ਮਾਂ ਬੋਲੀ ਪੰਜਾਬੀ ਤੇ ਪਕੜ ਵਿਸ਼ੇਸ਼ ਅਤੇ ਉੱਚਤਮ ਪ੍ਰਾਪਤੀ ਤੀਕ ਪੁੱਜਣ ਦਾ ਵਸੀਲਾ ਬਣਦੀ ਹੈ। ਪ੍ਰੋ: ਸ਼ਮਸ਼ੇਰ ਸਿੰਘ ਸੰਧੂ ਦਾ ਸੰਵੇਦਨਸ਼ੀਲ ਮਨ ਜਿੱਥੇ ਭਾਵਨਾ ਤੌਰ ਤੇ ਮਨੁੱਖੀ ਰਿਸ਼ਤਿਆਂ ਅਤੇ ਸਮਾਜਿਕ ਵਰਤਾਰਿਆਂ ਨਾਲ ਜੁੜਿਆ ਹੋਇਆ ਹੈ, ਉਥੇ ਉਸਦੇ ਨਿੱਜੀ ਮਨੋਭਾਵ, ਵਲਵਲੇ ਰੀਤਾਂ ਆਦਿ ਵੀ ਉਸਦੀ ਸ਼ਾਇਰੀ ਵਿੱਚ ਸਹਿਜੇ ਹੀ ਵੇਖੇ ਜਾ ਸਕਦੇ ਹਨ। ਜੀਵਨ ਪੰਧ ਦੇ ਅੰਤਮ ਪੜਾਅ ਵਲ ਤੁਰਿਆ ਜਾਂਦਾ ਵੀ ਉਹ ਚੁਪ ਨਹੀਂ ਅਤੇ ਸਿਰਜਣਾਤਮਕ ਪ੍ਰਕ੍ਰਿਆ ਨੂੰ ਆਪਣੀ ਵਿਸ਼ੇਸ਼ ਸ਼ੈਲੀ ਵਿੱਚ ਲਗਾਤਾਰ ਬੁਲੰਦ ਕਰ ਰਿਹਾ ਹੈ। ਉਸਨੇ 2003 ਤੋਂ 2011  ਵਿੱਚ ਛੇ ਗ਼ਜ਼ਲ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਹਨ। 

1- ਗਾ ਜ਼ਿੰਦਗੀ ਦੇ ਗੀਤ ਤੂੰ  (ਗ਼ਜ਼ਲ ਸੰਗ੍ਰਹਿ) 2003
2- ਜੋਤ ਸਾਹਸ ਦੀ ਜਗਾ  (ਕਾਵਿ ਸੰਗ੍ਰਹਿ)  2005
3- ਬਣ ਸ਼ੁਆ ਤੂੰ          (ਗ਼ਜ਼ਲ ਸੰਗ੍ਰਹਿ) 2006
4- ਰੌਸ਼ਨੀ ਦੀ ਭਾਲ  (ਗ਼ਜ਼ਲ ਸੰਗ੍ਰਹਿ) 2007
5- ਸੁਲਗਦੀ ਲੀਕ  (ਗ਼ਜ਼ਲ ਸੰਗ੍ਰਹਿ) 2008
6- ਢਲ ਰਹੇ ਐ ਸੂਰਜਾ          (ਗ਼ਜ਼ਲ ਸੰਗ੍ਰਹਿ) 2011

ਇਸ ਸਾਲ ਦੇ ਚੜ੍ਹਦਿਆਂ ਹੀ ਸ: ਸ਼ਮਸ਼ੇਰ ਸਿੰਘ ਸੰਧੂ ਨੇ ਇਹ ਛੇਵਾਂ ਗ਼ਜ਼ਲ ਸੰਗ੍ਰਹਿ ਪਾਠਕਾਂ ਲਈ ਪੇਸ਼ ਕੀਤਾ ਹੈ। ਵੱਡੀ ਉਮਰ ਦੇ ਬਾਵਜੂਦ ਗ਼ਜ਼ਲ ਦੀਆਂ ਬਰੀਕੀਆਂ ਸੰਬੰਧੀ ਜਾਣਕਾਰੀ ਹਾਸਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਆਪਣੇ ਜੀਵਨ ਦੇ ਦੂਜੇ ਪੱਖਾਂ ਵਾਂਗ ਇੱਥੇ ਵੀ ਨਿਪੁੰਨਤਾ ਨੂੰ ਉੱਚਤਾ ਤੇ ਰੱਖਿਆ ਹੈ। ਸੰਧੂ ਸੰਵੇਦਨਸ਼ੀਲ ਕਵੀ ਹੈ ਜਿਸ ਕਾਰਣ ਪਿਆਰ, ਵਫਾ, ਆਸ਼ਾ, ਵਿਸ਼ਵਾਸ਼, ਨੇਕੀ, ਨਿਮਰਤਾ, ਅਮਨ, ਚੈਨ ਆਦਿ ਸਥਾਈ ਧੁਨੀਆਂ ਉਸਦੇ ਸ਼ੇਅਰਾਂ ਵਿੱਚੋਂ ਮਹਿਸੂਸ ਕੀਤੀਆਂ ਜਾ ਸਕਦੀਆਂ ਹਨ। ਜਿੱਥੇ ਕਿਤੇ ਇਨ੍ਹਾਂ ਧੁਨੀਆਂ ਦੇ ਪ੍ਰਗਟਾਵੇ ਲਈ ਕਿਸੇ ਰੂਪਕ ਜਾਂ ਬਿੰਬ ਦੀ ਵਰਤੋਂ ਕੀਤੀ ਗਈ ਹੈ, ਉੱਥੇ ਇਹਨਾਂ ਸ਼ੇਅਰਾਂ ਵਿੱਚ ਲੁਕਿਆ ਹੋਇਆ ਸਹਿਜ ਪ੍ਰਗਟਾਅ ਬੜੀ ਸਰਲਤਾ ਨਾਲ ਪ੍ਰਸਤੁਤ ਹੋਇਆ ਹੈ। ਸੰਧੂ ਵਿੱਚ ਗ਼ਜ਼ਲ ਦੇ ਰੂਪਕ ਪੱਖੋਂ ਏਨੀ ਪਰਪੱਕਤਾ ਆਈ ਹੈ ਕਿ ਕਿਤੇ ਵੀ ਵਜ਼ਨ ਬਹਿਰ ਅਤੇ ਤਕਨੀਕ ਵਿੱਚ ਕੋਈ ਕਮੀ ਲੱਭੀ ਨਹੀਂ ਜਾ ਸਕਦੀ। ਉਸਦੀਆਂ ਗ਼ਜ਼ਲਾਂ ਰੂਪਕ ਪੱਖ ਦੇ ਨਾਲ ਨਾਲ ਭਾਵ, ਵਿਚਾਰ, ਗਹਿਰਾਈ ਅਤੇ ਉਚਾਈ ਪੱਖੋਂ ਵੀ ਬਹੁਤ ਸਲਾਹੁਣਯੋਗ ਹਨ। ਸੰਧੂ ਦਾ ਲੰਬਾ ਜੀਵਨ ਤਜ਼ਰਬਾ ਅਤੇ ਪਰਪੱਕ ਦ੍ਰਿਸ਼ਟੀਕੋਣ ਉਸਦੀ ਕਾਵਿ ਰਚਨਾ ਨੂੰ ਤੀਖਣਭਾਵੀ ਬਣਾ ਕੇ ਵਿਦਵਤਾ ਦੇ ਉੱਚੇ ਮਿਆਰ ਨੂੰ ਸਿਰਜਦਾ ਹੈ, ਜਿਸ ਨਾਲ ਪਾਠਕ ਨੂੰ ਸੋਚਣ ਸਮਝਣ ਲਈ ਅਨੇਕ ਨੁਕਤੇ ਮਿਲਦੇ ਹਨ।

ਕਿਉਂਕਿ ਕਵਿਤਾ ਕਵੀ ਦੇ ਦਰਦ ਦੀ ਹੂਕ, ਖੁਸ਼ੀ ਦੀ ਕਿਲਕਾਰੀ, ਸੋਗ ਦਾ ਧੂਆਂ, ਨਿਰਾਸ਼ਾ ਦੀ ਉਦਾਸੀ, ਹੌਂਸਲੇ ਦੀ ਗੜਗੱਜ ਅਤੇ ਪਿਆਰ ਦੀ ਖੁਸ਼ਬੂ ਦੀ ਪ੍ਰਤੀਕ ਹੁੰਦੀ ਹੈ, ਇਸੇ ਲਈ ਹੀ ਕਵਿਤਾ ਨੂੰ ਕਵੀ ਦੀ ਰੂਹ ਦੀ ਅਵਾਜ਼ ਕਿਹਾ ਜਾਂਦਾ ਹੈ। ਕਵੀ ਵਿੱਚ ਮਨੁੱਖੀ ਅਨੁਭਵ ਨੂੰ ਗ੍ਰਹਿਣ ਕਰਕੇ, ਆਪਣੀ ਸੋਚ ਵਿੱਚ ਢਾਲ ਕੇ, ਸ਼ਬਦਾਂ ਦਾ ਰੂਪ ਦੇਣ ਦੀ ਕਲਾ ਅਤੇ ਸਮਰੱਥਾ ਹੁੰਦੀ ਹੈ। ਕਈ ਵਾਰ ਕੁਝ ਲੋਕ ਢੁਕਵੇਂ ਸ਼ਬਦ ਭੰਡਾਰ ਦੀ ਅਣਹੋਂਦ ਕਾਰਨ ਹੀ ਆਪਣੀ ਗੱਲ ਕਹਿ ਸਕਣ ਤੋਂ ਅਸਮਰੱਥ ਹੁੰਦੇ ਹਨ। ਸੰਧੂ ਕੋਲ ਕਹਿਣ ਨੂੰ ਵੀ ਬਹੁਤ ਕੁਝ ਹੈ ਅਤੇ ਕਹਿਣ ਦੀ ਤਕਨੀਕ ਅਤੇ ਸ਼ਬਦ ਭੰਡਾਰ ਵੀ ਅਥਾਹ ਹੈ। ਨਿਰਸੰਦੇਹ ਹਥਲੇ ਗ਼ਜ਼ਲ ਸੰਗ੍ਰਹਿ ਵਿੱਚ ਮੁਹੱਬਤ ਦਾ ਵਿਸ਼ਾ ਹੀ ਭਾਰੂ ਰਿਹਾ ਹੈ ਪਰ ਨਾਲ ਦੀ ਨਾਲ ਹੀ ਸੰਧੂ ਨੇ ਰਾਜਨੀਤਕ, ਸਮਾਜਿਕ, ਆਰਥਿਕ ਤੇ ਧਾਰਮਿਕ ਵਿਸ਼ੇ ਵੀ ਛੋਹੇ ਹਨ। ਹੇਠਾਂ ਕੁਝ ਸ਼ੇਅਰ ਮਹਿਬੂਬ ਨੂੰ ਮਿਲਣ ਦੀ ਤਾਂਘ ਨੂੰ ਪ੍ਰਗਟਾਉਂਦੇ ਹੋਏ ਪੇਸ਼ ਹਨ:-

ਕਿਵੇਂ ਯਾਰ ਤੇਰੀ ਜੁਦਾਈ ਸਹਾਰਾਂ,
ਮੈਂ ਸੱਸੀ ਦੇ ਵਾਂਗੂ ਹੀ ਰਸਤੇ ਨਿਹਾਰਾਂ।

ਤੇਰੀ ਜੁਦਾਈ ਮੈਨੂੰ ਕੀਤਾ ਨਿਢਾਲ ਸੱਜਣਾ,
ਤਰਸੇ ਪਏਂ ਹਾਂ ਕਦ ਤੋਂ ਮੁਖੜਾ ਦਿਖਾਲ ਸੱਜਣਾ।

ਕੂਕੇ ਪਪੀਹਾ ਦਿਲ ਦਾ ਆਈ ਬਹਾਰ ਕੈਸੀ,
ਆਵਣ ਦਿਹੁੰ ਤੇ ਰਾਤੀਂ ਹਾਏ ਨਾਂ ਯਾਰ ਆਵੇ।

ਜਾਨੀ ਸਦਾ ਹੀ ਲੋੜਾਂ ਹਰਦਮ ਹੀ ਦੀਦ ਤੇਰੀ,
ਮੇਰਾ ਜਹਾਨ ਸਾਰਾ ਤੂੰ ਤੇ ਸ਼ੰਗਾਰ ਦੇਵੇਂ।

ਤੇ ਫਿਰ ਜਦੋਂ ਕਿਤੇ ਕੁਝ ਪਲ ਮਹਿਬੂਬ ਨਾਲ ਮੇਲ ਹੋ ਜਾਵੇ ਤਾਂ ਸ਼ਾਇਰ ਨੂੰ ਇਉਂ ਲੱਗਦਾ ਹੈ ਕਿ ਦੁਨੀਆਂ ਦੀ ਕੋਈ ਵੀ ਬਹੁਮੁੱਲੀ ਚੀਜ਼ ਏਨ੍ਹਾਂ ਪਲਾਂ ਤੋਂ ਹਜਾਰ ਵਾਰੀ ਵਾਰ ਸਕਦਾ ਹੈ-

ਸਮਿਆਂ ਦੀ ਕੁੱਖ ‘ਚੋਂ ਮਿਲਦਾ ਹੀਰਾ ਕਿਸੇ ਕਿਸੇ ਨੂੰ,
ਮਿਲਿਆ ਕੁਬੇਰ ਵਾਲਾ ਮੈਨੂੰ ਤੇ ਧਨ ਹੀ ਸਾਰਾ।

ਮੁਸ਼ਕਲ ਰਹੇ ਨਾਂ ਰਸਤੇ ਤੇਰਾ ਹੈ ਸਾਥ ਮਿਲਿਆ,
ਮੁਸ਼ਕਲਕੁਸ਼ਾਂ ਐ ਮੇਰੇ ਹੋਇਆ ਹੈ ਕਰਮ ਤੇਰਾ।

ਆਮਦ ਤੇਰੀ ਕਰਿਸ਼ਮਾਂ ਮੌਸਮ ਬਦਲ ਗਏ ਨੇ,
ਮਹਿਕਾਂ ਨੇ ਆਣ ਲਾਇਆ ਚਾਰੋਂ ਤਰਫ਼ ਹੀ ਡੇਰਾ।

ਸੰਧੂ ਦੀ ਸ਼ਾਇਰੀ ਵਿੱਚ ਮਨੁੱਖੀ ਭਾਵਾਂ ਅਤੇ ਜਜ਼ਬਿਆਂ ਦੀ ਠੰਡੀ ਆਬਸ਼ਾਰ ਫੁਟਦੀ ਨਜ਼ਰ ਆਉਂਦੀ ਹੈ। ਮਾਨਵਵਾਦੀ ਪਿਆਰ ਦੇ ਝਲਕਾਰੇ ਉਸਦੀ ਸ਼ਾਇਰੀ ਵਿੱਚ ਸਪਸ਼ਟ ਵੇਖੇ ਜਾ ਸਕਦੇ ਹਨ। ਮੁਹੱਬਤ ਵਿੱਚ ਖੁਸ਼ੀ ਗ਼ਮ, ਗਿਲੇ ਸ਼ਿਕਵੇ, ਮੇਲ ਵਿਛੋੜਾ, ਆਸ਼ਾ ਨਿਰਾਸ਼ਾ ਆਦਿ ਭਾਵਾਂ ਦੀ ਝਲਕ ਉਸਦੀ ਸ਼ਾਇਰੀ ਨੂੰ ਵਿਲੱਖਣ ਬਣਾਉਂਦੀ ਹੈ-

ਕਦਮ ਮਿਲਾਕੇ ਬਹਿਰਾਂ ਦੇ ਸੰਗ ਮਟਕ ਮਟਕ ਕੇ ਤੁਰਨਾ ਜਾਨਣ,
      ਮੇਲ ਵਿਛੋੜੇ ਖੁਸ਼ੀਆਂ ਗਮੀਆਂ ਮੇਰੀਆਂ ਗ਼ਜ਼ਲਾਂ ਦੇ ਸਿਰਨਾਵੇਂ।

ਜਾਣਾਂ ਕਿ ਤੂੰ ਨ੍ਹੀ ਆਉਣਾ ਫਿਰ ਵੀ ਉਡੀਕ ਕਰਦਾਂ,
ਦਿਲ ਨੂੰ ਫ਼ਰੇਬ ਦੇਨਾਂ ਲਾਰੇ ਲਗਾ ਲਗਾ ਕੇ।

ਤੇਰੀ ਭਾਲ ਕਰਦਾ ਹਾਂ ਹੋਇਆ ਸ਼ੁਦਾਈ,
ਆ ਮੇਰੇ ਮਸੀਹਾ ਤੂੰ ਗ਼ਮ ਦੀ ਦਵਾ ਦੇ।

ਉਦਾਸੀ ਹਰਾਸੀ ਨਿਰਾਸੀ ਹਯਾਤੀ,
ਪਿਆਰਾਂ ਦਾ ਦਰਿਆ ਤੂੰ ਆ ਕੇ ਵਹਾ ਦੇ।

ਜਿਵੇਂ ਇਨਸਾਨ ਦੀ ਖੂਬਸੂਰਤੀ ਤੇ ਸਿਹਤ ਦਾ ਅੰਦਾਜਾ ਉਸਦੇ ਚਿਹਰੇ ਤੋਂ ਲੱਗ ਜਾਂਦਾ ਹੈ, ਗ਼ਜ਼ਲ ਦੀ ਖੂਬਸੂਰਤੀ ਉਸਦੇ ਮਤਲੇ ਤੋਂ ਪਰਖੀ ਜਾ ਸਕਦੀ ਹੈ। ਸੰਧੂ ਦੀਆਂ ਗ਼ਜ਼ਲਾਂ ਦੇ ਕੁਝ ਖੂਬਸੂਰਤ ਮਤਲੇ ਨਮੂਨੇ ਵਜੋਂ ਪੇਸ਼ ਹਨ-

ਢਲ ਰਹੇ ਐ ਸੂਰਜਾ ਤੂੰ ਬਾਤ ਮੇਰੀ ਸੁਣ ਜ਼ਰਾ,
ਵੀਰ ਬਣ ਕੇ ਕਿਰਨ ਕੋਈ ਝੁੱਗੀਆਂ ਦੇ ਵਿੱਚ ਪਾ।

ਚਮਕਣ ਹਜਾਰ ਜੁਗਨੂੰ ਤਾਰੇ ਹਟਾਣ ਨ੍ਹੇਰਾ,
ਰਸਤਾ ਬੜਾ ਹਨੇਰਾ ਤੇਰੇ ਬਿਨਾਂ ਹੈ ਮੇਰਾ।

ਲਾਈ ਹੈ ਗ਼ਮ ਦੀ ਮਹਿੰਦੀ ਵੇਖੀਂ ਤੂੰ ਯਾਰ ਆ ਕੇ,
ਕੈਸਾ ਹੈ ਰੰਗ ਚੜ੍ਹਿਆ ਰੱਖਾਂ ਸਜਾ ਸਜਾ ਕੇ।

ਅੱਖਾਂ ਦਾ ਨੂਰ ਜਾਵੇ ਤੇਰਾ ਦੀਦਾਰ ਕਰਦੇ,
ਸਾਹਾਂ ਦੀ ਡੋਰ ਟੁੱਟੇ ਤੇਰਾ ਹੀ ਨਾਂ ਉਚਰਦੇ।

ਕਿਉਂਕਿ ਸੰਧੂ ਇਕ ਲੰਬਾ ਅਰਸਾ ਸਿੱਖਿਆ ਵਿਭਾਗ ਵਿੱਚ ਕਾਰਜਸ਼ੀਲ ਰਿਹਾ ਹੈ। ਪੜ੍ਹਨ ਪੜ੍ਹਾਉਣ ਤੱਕ ਦੇ ਸਫ਼ਰ ਨੂੰ ਤੈਅ ਕਰਦਿਆਂ ਤੇ ਫਿਰ ਪ੍ਰਬੰਧਕੀ ਖੇਤਰ ਵਿੱਚ ਵਿਚਰਦਿਆਂ ਅਣਗਿਣਤ ਲੋਕਾਂ ਨਾਲ ਵਾਹ ਵਾਸਤਾ ਪੈਣ ਕਾਰਣ ਅਨੇਕ ਤਰਾਂ ਦੇ ਹਾਲਾਤ ਨਾਲ ਦੋ ਚਾਰ ਹੁੰਦਾ ਰਿਹਾ ਹੈ। ਉਹਨਾਂ ਸਾਰੇ ਖੱਟੇ ਮਿੱਠੇ ਤਜ਼ਰਬਿਆਂ ਨੇ ਸੰਧੂ ਨੂੰ ਇੱਕ ਫਿਲਾਸਫਰ ਜਿਹੀ ਸੋਚ ਪ੍ਰਦਾਨ ਕੀਤੀ ਹੈ, ਇਸੇ ਲਈ ਹੀ ਕੁਝ ਫਿਲਾਸਫੀ ਭਰੇ ਸ਼ੇਅਰ ਉਸਦੀਆਂ ਗ਼ਜ਼ਲਾਂ ਵਿੱਚ ਮਿਲਦੇ ਹਨ ਜਿਵੇਂ-

ਆਦਮੀ ਨੇ ਹੌਸਲਾ ਜੇ ਕਦੇ ਨਾਂ ਹਾਰਿਆ,
ਫਾਸਲੇ ਤੇ ਔਕੜਾਂ ਪੈਰ ਆ ਕੇ ਢਹਿਣਗੇ।

ਬਾਤ ਕੇਵਲ ਅਰਚਨਾਂ ਤੇ ਸਾਧਨਾਂ ਦੀ ਹੀ ਨਹੀਂ,
ਕਰਮ ਤੇ ਵਿਸ਼ਵਾਸ ਕਰਦਾ ਜਾਲਮਾਂ ਤੋਂ ਨਾ ਡਰੇ।

ਪੰਜਾਬ ਵਿਚਲੇ ਕੁਝ ਅਲੋਚਕਾਂ ਵੱਲੋਂ ਵਿਦੇਸ਼ੀਂ ਵਸਦੇ ਕਵੀਆਂ ਤੇ ਵਿਸ਼ਿਆਂ ਦੀ ਘਾਟ ਦੀ ਤੁਹਮਤ ਲਾਈ ਜਾਂਦੀ ਰਹੀ ਹੈ, ਜਦੋਂ ਕਿ ਇਹ ਮੂਲੋਂ ਹੀ ਨਿਰਾਧਾਰ ਹੈ। ਸੰਧੂ ਨੇ ਆਪਣੀਆਂ ਗ਼ਜ਼ਲਾਂ ਵਿੱਚ ਅਣਗਿਣਤ ਵਿਸ਼ਿਆਂ ਤੇ ਕਲਮ ਅਜ਼ਮਾਈ ਹੈ ਜਿਵੇਂ-

ਵਗਦੇ ਤੂਫਾਨ ਰਹਿਣੇ ਡਰਦਾ ਨਾਂ ਇਸਤੋਂ ਮੂਲੋਂ,
ਪਰਬਤ ਦਾ ਵਹਿਣ ਮੈਂ ਹਾਂ ਪੱਥਰ ਵੀ ਰੇਤ ਕਰਦਾ।

ਰਾਜ ਅਮਨਾਂ ਦਾ ਤਦੇ ਹੀ ਧਰਤ ਤੇ ਹੈ ਆਵਣਾ,
ਲੋਕ ਰਲਕੇ ਦਹਿਸ਼ਤੀਂ ਜੇ ਨੱਥ ਪਾਉਂਦੇ ਰਹਿਣਗੇ।

ਰੂਪ ਧਾਰੇ ਨੇ ਸਦਾ ਇਸ ਆ ਕੇ ਵੱਖੋ ਵੱਖਰੇ,
ਬਣਕੇ ਬਾਬਰ ਤੇ ਕਦੇ ਬੁਸ਼ ਜੁਲਮ ਢਾਹੁੰਦੇ ਰਹਿਣਗੇ।

ਰਾਵਣਾਂ ਦੀ ਲੰਕ ਸਾਰੀ ਖਾਕ ਹੈ ਹੋ ਜਾਵਣੀ,
ਜੁਲਮ ਦੇ ਇਹ ਬੁਰਜ ਸਾਰੇ ਲਾਜ਼ਮੀ ਹੀ ਢਹਿਣਗੇ।

ਉੱਠੇਗਾ ਫੇਰ ਸੂਰਾ ਕੋ ਭਗਤ ਜਾਂ ਸਰਾਭਾ,
ਚੰਡੀ ਦਾ ਰੂਪ ਧਿਰਣ ਆਖਰ ਤਾਂ ਬਦ ਦੁਆਵਾਂ।

ਮਜ੍ਹਬ ਦੇ ਜੇ ਝਮੇਲੇ ਦੇਵੋਂ ਤਿਆਗ ਜੇਕਰ,
ਸਾਂਝਾਂ ਦਾ ਤਾਂ ਹੀ ਸੂਰਜ ਆ ਕੇ ਹੈ ਫਿਰ ਨਿਕਲਣਾ।

ਡਾ: ਦਰਸ਼ਣ ਗਿੱਲ ਦਾ ਕਥਨ ਹੈ ਕਿ ਲੰਬੀ ਬਹਿਰ ਨਾਲੋਂ ਛੋਟੀ ਬਹਿਰ ਦੀ ਗ਼ਜ਼ਲ ਪ੍ਰਭਾਵਸ਼ਾਲੀ ਹੁੰਦੀ ਹੈ ਤੇ ਇਸ ਕਥਨ ਨੂੰ ਸੰਧੂ ਨੇ ਬਾਖੂਬੀ ਪ੍ਰਮਾਣਿਤ ਕਰ ਵਿਖਾਇਆ ਹੈ-

ਮੈਨੂੰ ਵੀ ਨਾਂ ਬੁਲਾਵੇ,
ਖੁਦ ਵੀ ਨਾਂ ਕੋਲ ਆਵੇ।
ਦਿਨ ਰਾਤ ਬੀਤ ਜਾਵੇ,
ਯਾਦਾਂ ਦੇ ਹੀ ਭੁਲਾਵੇ।

ਸੰਧੂ ਨੇ ਆਪਣੇ ਸ਼ੇਅਰਾਂ ਵਿੱਚ ਢੁਕਵੇਂ ਅਲੰਕਾਰ, ਤਕਰਾਰ, ਟੁਕੜੀਆਂ ਦੀ ਵਰਤੋਂ ਤੇ ਪੰਜਾਬੀ ਮੁਹਵਰੇ ਖੂਬ ਮੋਤੀਆਂ ਪਰੋਏ ਨੇ ਤੇ ਇੱਥੋਂ ਤੱਕ ਕਿ ਕਈ ਨਵੇਂ ਮੁਹਾਵਰੇ ਵੀ ਅਚਨਚੇਤੀ ਸਿਰਜੇ ਗਏ ਜਾਪਦੇ ਹਨ-  

ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗ਼ਜ਼ ਸੁਣਦੇ ਆਏ ਸਾਂ, 
ਹਾਲਤ ਐਸੀ ਕਰ ਦਿੱਤੀ ਹੈ ਧਰਮਾਂ ਦੇ ਅਸਥਾਨਾਂ ਦੀ। 

ਬਿਨਾਂ ਜਾਗ ਲਾਇਆਂ ਨਾਂ ਜੰਮੇ ਦਹੀਂ ਵੀ, 
ਮੈਂ ਦੀਵੇ ਤੋਂ ਦੀਵੇ ਨੂੰ ਮੁੜ ਮੁੜ ਜਗਾਵਾਂ। 

ਦੌਲਤ ਪਿਆਰ ਵਾਲੀ ਜਿਸ ਤੋਂ ਨਾਂ ਸਾਂਭ ਹੋਈ, 
ਚੱਟੀ ਜਿਉਣ ਵਾਲੀ ਐਵੇਂ ਰਹੇ ਨੇ ਭਰਦੇ। 

ਔਂਦਾ ਨਿਖਾਰ ਨਿਸਦਿਨ ਮੇਰੀ ਗ਼ਜ਼ਲ ਤੇ ਤਾਂ ਹੀ, 
ਪੀੜਾਂ ਦੇ ਸ਼ਬਦ ਬੀੜਾਂ ਅਥਰਾਂ ‘ਚ ਰੋਜ਼ ਧੋ ਕੇ। 

ਅਜੋਕੇ ਦੌਰ ਵਿੱਚ ਨਸ਼ਿਆਂ ‘ਚ ਨਿੱਘਰਦੀ ਜਾ ਰਹੀ ਜਵਾਨੀ ਪ੍ਰਤੀ ਵੀ ਸੰਧੂ ਚਿੰਤਤ ਹੈ ਤੇ ਨਸ਼ੇ ਦੇ ਵਪਾਰੀਆਂ ਤੋਂ ਨੌਜਵਾਨਾਂ ਨੂੰ ਬਾਖਬਰ ਵੀ ਬਾਖੂਬੀ ਕਰਦਾ ਹੈ-

ਨਸ਼ਿਆਂ ਨੇ ਖਾ ਲਈ ਜਿਸ ਕੋਮ ਦੀ ਜਵਾਨੀ, 
ਹੋਣੇ ਨੇ ਉਸ ਥਾਂ ਤੇ ਪੈਦਾ ਵਿਕਾਰ ਬੀਬਾ। 

ਨਸ਼ਿਆਂ ਦੀ ਲਤ ਲਾ ਕੇ ਸਭਨੂੰ ਨਸਲਾਂ ਨੂੰ ਬਰਬਾਦ ਕਰਨ, 
ਜੀਵਨ ਦਾ ਉਹ ਰਾਹ ਨਾਂ ਦੱਸਦੇ ਰਾਹ ਦੱਸਣ ਸ਼ਮਸ਼ਾਨਾਂ ਦਾ। 

ਉਪਰੋਕਤ ਸ਼ੇਅਰ ਵੰਨਗੀਆਂ ਮਾਤਰ ਹੀ ਹਨ, ਪਰ ਸੰਧੂ ਦੀਆਂ ਗ਼ਜ਼ਲਾਂ ਵਿੱਚ ਫੁਲਝੜੀ ਦੇ ਰੰਗਾਂ ਵਾਂਗ ਬੇਸ਼ੁਮਾਰ ਰੰਗ ਪਸਰੇ ਦਿਖਾਈ ਦਿੰਦੇ ਹਨ। ਉਦਹਾਰਣ ਵਜੋਂ ਸੰਧੂ ਨੇ ਪ੍ਰਦੇਸੋਂ ਜਾ ਕੇ ਆਪਣੇ ਦੇਸ਼ ਵਿਚਲੇ ਘਰ ਦੀ ਹਾਲਤ ਦਾ ਦ੍ਰਿਸ਼ ਚਿਤਰਣ ਬਹੁਤ ਹੀ ਆਕਰਸ਼ਕ ਢੰਗ ਨਾਲ ਕੀਤਾ ਹੈ ਅਤੇ ਆਪਣੀ ਧਰਮ ਪਤਨੀ ਵੱਲੋਂ ਜੀਵਨ ਭਰ ਦਿੱਤੇ ਸਹਿਯੋਗ ਦੇ ਸ਼ੁਕਰਾਨੇ ਵਜੋਂ ਇੱਕ ਗ਼ਜ਼ਲ ਉਸਨੂੰ ਵੀ ਸਮਰਪਿਤ ਕੀਤੀ ਹੈ। 

ਮੈਨੂੰ ਇਸ ਗੱਲ ਤੇ ਬੜੀ ਸੰਤੁਸ਼ਟੀ ਹੈ ਕਿ ਪਿਛਲੇ ਕਾਫੀ ਅਰਸੇ ਤੋਂ ਬਿਮਾਰੀ ਦੀ ਹਾਲਤ ਵਿੱਚ ਵੀ ਸੰਧੂ ਨੇ ਆਪਣਾ ਹੌਸਲਾ ਬੁਲੰਦ ਰੱਖਿਆ ਹੋਇਆ ਹੈ ਅਤੇ ਲਿਖਣ ਦੇ ਇਸ ਸੁਖ਼ਮ ਕਾਰਜ਼ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਭਾਂਵੇ ਉਸਦੇ ਅੰਗ ਪੂਰੀ ਤਰਾਂ ਸਵਸਥ ਨਹੀਂ, ਪਰ ਫਿਰ ਵੀ ਉਹ ਸਾਹਿਤਕ ਮਹਿਫਲਾਂ ਵਿੱਚ ਹਰ ਹੀਲੇ ਪਹੁੰਚਣ ਦਾ ਯਤਨ ਕਰਦਾ ਹੈ। ਆਉਣ ਵਾਲੇ ਸਮੇਂ ਵਿੱਚ ਪਾਠਕਾਂ ਨੂੰ ਇਸ ਕਲਮ ਤੋਂ ਹੋਰ ਵੀ ਵਧੇਰੇ ਉਮੀਦਾਂ ਹਨ। ਸੰਧੂ ਦੀ ਲੰਬੀ ਉਮਰ ਅਤੇ ਸਿਹਤਯਾਬੀ ਦੀ ਅਸੀਂ ਕਾਮਨਾਂ ਕਰਦੇ ਹੋਏ ਇੱਕ ਵਾਰ ਫਿਰ ਏਨ੍ਹਾਂ ਦੇ ਇਸ ਛੇਵੇਂ ਗ਼ਜ਼ਲ ਸੰਗ੍ਰਹਿ ਨੂੰ ਖੁਸ਼ ਆਮਦੀਦ ਕਹਿੰਦੇ ਹਾਂ। 

****

No comments:

Post a Comment