ਸੰਪਾਦਕ : ਕਰਨ ਭੀਖੀ, ਸੁਖਵਿੰਦਰ ਸੁੱਖੀ ਭੀਖੀ
ਪੰਨੇ : 143, ਮੁੱਲ : 150
ਪ੍ਰਕਾਸ਼ਕ : ਉਡਾਨ ਪਬਲੀਕੇਸ਼ਨ, ਮਾਨਸਾ।
ਬਹੁਤ ਸਾਰੇ ਲੋਕ ਹਨ ਜਿਹੜੇ ਆਪਣੇ ਮਨੋ-ਭਾਵਾਂ ਨੂੰ ਸ਼ਬਦਾਂ ਦੇ ਜ਼ਰੀਏ ਪੇਸ਼ ਕਰਨ ਦਾ ਸ਼ੌਕ ਪਾਲ ਲੈਂਦੇ ਹਨ। ਪੈਸੇ ਦੇ ਇਸ ਯੁੱਗ ਵਿੱਚ ਹਰ ਇੱਕ ਦੇ ਇਹ ਵੱਸ ਨਹੀਂ ਹੁੰਦਾ ਜਾਂ ਹਿੰਮਤ ਨਹੀਂ ਹੁੰਦੀ ਕਿ ਇਹਨਾਂ ਨੂੰ ਕਿਤਾਬ ਦਾ ਰੂਪ ਦੇ ਕੇ ਲੋਕਾਂ ਸਾਹਮਣੇ ਲੈ ਆਵੇ। ਅਜਿਹੇ ਤਕਰੀਬਨ ਅਰਧ ਸੈਂਕੜਾ ਨੌਜਵਾਨ ਕਵੀਆਂ ਨੂੰ ਇਸ ਪੁਸਤਕ ਰਾਹੀਂ ਪਲੇਟਫਾਰਮ ਮੁਹੱਈਆ ਕਰਵਾਇਆ ਹੈ ਭੀਖੀ ਦੇ ਦੋ ਨੌਜਵਾਨਾਂ ਕਰਨ ਅਤੇ ਸੁਖਵਿੰਦਰ ਸੁੱਖੀ ਨੇ।
ਸਾਡੀ ਅੱਜ ਦੀ ਗਾਇਕੀ ਵਾਂਗ ‘ਹਰਫ਼ਾਂ ਦਾ ਸਫ਼ਰ’ ਵਿੱਚ ਸ਼ਾਮਿਲ ਗ਼ਜ਼ਲ, ਗੀਤ ਅਤੇ ਕਵਿਤਾਵਾਂ ਵਿੱਚ ਮੁੰਡੇ-ਕੁੜੀਆਂ ਦੇ ਸਿਰਫ਼ ਅਖੌਤੀ ਇਸ਼ਕ ਦੀਆਂ ਗੱਲਾਂ ਹੀ ਨਹੀਂ ਕੀਤੀਆਂ, ਸਗੋਂ ਸਾਡੇ ਸਮਾਜ ਵਿੱਚ ਪਨਪਦੀਆਂ ਹਰ ਪ੍ਰਕਾਰ ਦੀਆਂ ਅਲਾਮਤਾਂ ਦੇ ਪਾਜ ਉਧੇੜੇ ਹਨ। ਇਹਨਾਂ ਨਜ਼ਮਾਂ ਵਿੱਚ ਮਨੁੱਖੀ ਜ਼ਿੰਦਗੀ ਦੇ ਦਰਦ ਦੀਆਂ ਬਾਤਾਂ ਹਨ। ਇਹਨਾਂ ਅਸਲੋਂ ਨਵੇਂ ਅਤੇ ਕੁੱਝ ਥੋੜ•ੇ ਜਾਣੇ ਪਹਿਚਾਣੇ ਕਵੀਆਂ ਨੇ ਕੁੱਖ ਵਿੱਚ ਜ਼ਿੰਦਗੀ ਦੀ ਆਸ ਲਈ ਸਹਿਮੀਆਂ ਮਾਸ ਦੀਆਂ ਲੋਥੜੀਆਂ, ਥਾਂ-ਥਾਂ ਰਹਿਮ ਦਾ ਪਾਤਰ ਬਣੀਆਂ ਬਾਲੜੀਆਂ, ਦਾਜ ਲਈ ਮਰ ਰਹੀਆਂ ਮੁਟਿਆਰਾਂ ਅਤੇ ਪਲ-ਪਲ ਸੋਸ਼ਿਤ ਹੋ ਰਹੀ ਨਾਰੀ ਦੀਆਂ ਕਹਾਣੀਆਂ ਵੀ ਬਾਖੂਬ ਕਹੀਆਂ ਨੇ ਤੇ ਬੁੱਢੇ ਮਾਪਿਆਂ ਦੇ ਦੁੱਖ, ਬੇਬਸੀਆਂ ਵੀ ਢੰਗ ਨਾਲ ਉਘਾੜੇ ਨੇ। ਜ਼ਮੀਨਾਂ ਤੋਂ ਵਿਰਵੇ ਹੋ ਰਹੇ ਕਿਸਾਨਾਂ, ਰੋਟੀ ਤੋਂ ਲਾਚਾਰ ਹੋ ਰਹੇ ਮਜ਼ਦੂਰਾਂ ਅਤੇ ਪੇਟ ਦੀ ਖਾਤਰ ਇੱਛਾਵਾਂ ਮਾਰੀ ਫਿਰਦੇ ਬਾਲਾਂ ਦੇ ਹੰਝੂ ਵੀ ਵਿਖਾਏ ਹਨ। ਸਾਡੇ ਕੌਮੀ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਦੀ ਗੱਲ ਕਰਦਿਆਂ, ਹੱਕਾਂ ਲਈ ਸੰਘਰਸ਼ ਕਰਦਿਆਂ ਲੜ ਮਰ ਰਹੇ ਮੁੰਡੇ-ਕੁੜੀਆਂ ਦੇ ਸੇਕੇ ਹੱਢਾਂ ਦਾ ਦਰਦ ਬਿਆਨਦਿਆਂ, ਖੁਦਕਸ਼ੀ ਨੂੰ ਬੁੱਝਦਿਲੀ ਕਰਾਰ ਦੇ ਲੜਨ ਲਈ ਹੋਰ ਤਕੜੇ ਹੋਣ ਦੀ ਪ੍ਰੇਰਨਾ ਵੀ ਹੈ ਇਸ ‘ਹਰਫ਼ਾਂ ਦੇ ਸਫ਼ਰ’ ਵਿੱਚ। ਇਹਨਾਂ ਗੀਤਾਂ ਵਿੱਚ ਧਰਮਾਂ, ਜਾਤਾਂ ਅਤੇ ਦੇਸ਼ਾਂ ਦੀਆਂ ਵੰਡੀਆਂ ਕਾਰਨ ਮਰ ਰਹੀ ਇਨਸ਼ਾਨੀਅਤ ਨੂੰ ਆਪਸੀ ਬਰਾਬਰਤਾ, ਪ੍ਰੇਮ ਭਾਵਨਾ ਅਤੇ ਮਿਲਵਰਤਣ ਵਾਲਾ ਅਗਾਂਹਵਧੂ ਤੇ ਵਿਗਿਆਨਕ ਰਾਹ ਵੀ ਵਿਖਾਇਆ ਹੈ। ਅਖੌਤੀ ਸੱਭਿਆਚਾਰਕ ਗਾਇਕੀ/ਗੀਤਕਾਰੀ ਦੇ ਨਾਮ ’ਤੇ ਵਰਗਲਾਈ ਜਾ ਰਹੀ ਨੌਜਵਾਨੀ ਨੂੰ ਸੇਧ ਦਿੰਦਿਆਂ, ਗੰਦੀ ਰਾਜਨੀਤੀ ਅਤੇ ਭ੍ਰਿਸ਼ਟ ਅਫ਼ਸਰਸ਼ਾਹੀ ਪ੍ਰਤੀ ਵੀ ਸੁਚੇਤ ਕੀਤਾ ਹੈ। ਇਸਤੋਂ ਇਲਾਵਾ ਇਸ ਕਾਵਿ ਰੂਪੀ ਗੁਲਦਸਤੇ ਵਿੱਚ ਮਾਂ-ਬੋਲੀ ਪੰਜਾਬੀ ਅਤੇ ਵਿਦੇਸ਼ੀਆਂ ਦੇ ਵਤਨੀ ਮੋਹ ਵਾਲੇ ਫੁੱਲ ਵੀ ਸ਼ਾਮਿਲ ਹਨ। ਕਹਿਣ ਤੋਂ ਭਾਵ ਇਹਨਾਂ ਕਵੀਆਂ ਦੀਆਂ ਕ੍ਰਿਤਾਂ ਵਿੱਚ ਤੋਲ-ਤੁਕਾਂਤ ਦੀਆਂ ਕਮੀਆਂ ਜ਼ਰੂਰ ਹਨ ਪਰ ਵਿਸ਼ਿਆਂ ਦੀ ਚੋਣ ਪੂਰੀ ਸੁਹਿਰਦਤਾ ਵਾਲੀ ਹੈ। ਰਚਨਾਵਾਂ ਇਕੱਤਰ ਕਰਦਿਆਂ ਸੰਪਾਦਕਾਂ ਨੇ ਪੂਰੀ ਸੁਹਿਰਦਤਾ ਵਿਖਾਈ ਹੈ ਜਿਸ ਕਾਰਨ ਉਹ ਵਧਾਈ ਦੇ ਹੱਕਦਾਰ ਹਨ। ਪੁਸਤਕ ਦੇ ਸ਼ੁਰੂ ਵਿੱਚ ਜਿੱਥੇ ਪ੍ਰਸਿੱਧ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ ਨੇ ਇਹਨਾਂ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ ਹੈ ਉ¤ਥੇ ਆਖਰੀ ਪੰਨੇ ਉ¤ਪਰ ਕਾਵਿ ਜਗਤ ਦੀ ਸਿਰਮੌਰ ਸਖ਼ਸ਼ੀਅਤ ਸੁਰਜੀਤ ਪਾਤਰ ਦਾ ਆਸ਼ੀਰਵਾਦ ਵੀ ਅੰਕਿਤ ਹੈ। ਸੋ, ਇਸ ਪੁਸਤਕ ਨੂੰ ਸਾਡਾ ਵੀ ਜੀ ਆਇਆਂ ਕਹਿਣਾ ਜ਼ਰੂਰ ਬਣਦਾ ਹੈ।
****
No comments:
Post a Comment