ਐਡੀਲੇਡ ਵਿਖੇ ਗਿਆਨੀ ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਕੀਤਾ ਸੰਗਤਾਂ ਨੂੰ ਨਿਹਾਲ……… ਧਾਰਮਿਕ ਸਮਾਗਮ / ਕਰਨ ਬਰਾੜ

ਐਡੀਲੇਡ : ਗੁਰਦੁਆਰਾ ਸਰਬੱਤ ਖਾਲਸਾ ਪ੍ਰਾਸਪੈਕਟ, ਐਡੀਲੇਡ ਵਿਖੇ ਪ੍ਰਸਿੱਧ ਢਾਡੀ ਗਿਆਨੀ ਸੰਤ ਸਿੰਘ ਪਾਰਸ ਦੇ ਜਥੇ ਵਲੋਂ 26 ਤੋਂ 29 ਜੁਲਾਈ ਤੱਕ ਗੁਰੂ ਇਤਿਹਾਸ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਹਨਾਂ ਦੀਆਂ ਢਾਡੀ ਵਾਰਾਂ ਸੁਨਣ ਲਈ ਦੂਰੋਂ ਨੇੜਿਓਂ ਐਡੀਲੇਡ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਗੁਰੂਦੁਵਾਰਾ ਸਾਹਿਬ ਪਹੁੰਚੀਆਂ।ਸੰਤ ਸਿੰਘ ਪਾਰਸ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀਆਂ ਗੱਲਾਂ ਬਾਰੇ ਚਾਨਣਾ ਪਾਉਂਦੇ ਹੋਏ ਸਿੱਖ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਉਹਨਾਂ ਦੁਆਰਾ ਸੁਣਾਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਨੂੰ ਸੰਗਤਾਂ ਨੇ ਬੜੇ ਭਾਵੁਕ ਮਨ ਤੇ ਸ਼ਰਧਾ ਭਾਵਨਾ ਨਾਲ ਸੁਣਿਆ। ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੁੜਣ ਅਤੇ ਨਸ਼ਿਆਂ ਤੋਂ ਰਹਿਤ ਰਹਿਣ ਲਈ ਪ੍ਰੇਰਿਆ।ਜਿੱਥੇ ਉਹਨਾਂ ਆਸਟ੍ਰੇਲੀਆ ਰਹਿੰਦੀਆਂ ਸਿੱਖ ਸੰਗਤਾਂ ਦਾ ਗੁਰੂ ਘਰ ਨਾਲ ਪਿਆਰ ਦੇਖ ਕੇ ਖੁਸ਼ੀ ਜ਼ਾਹਿਰ ਕੀਤੀ ਕਿ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖੀ ਦੀ ਸ਼ਾਨ ਬਰਕਰਾਰ ਰੱਖੀ ਹੈ, ਓਥੇ ਪੰਜਾਬ ਵਿੱਚ ਰਹਿੰਦੇ ਨੌਜਵਾਨਾਂ ਦੁਆਰਾ ਕੀਤੇ ਜਾਂਦੇ ਨਸ਼ੇ ਤੇ ਗੁਰੂ ਘਰ ਨਾਲੋਂ ਟੁੱਟਣ ਦਾ ਦੁਖ ਜ਼ਾਹਿਰ ਕੀਤਾ। 

ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਲੋਕ ਅਰਪਣ........... ਪੁਸਤਕ ਰਿਲੀਜ਼

ਅੱਜ ਦੀਆਂ ਕਰੂੰਬਲਾਂ ਕੱਲ ਦੇ ਰੁੱਖ ਹਨ ਅਤੇ ਇਹਨਾ ਰੁੱਖਾਂ ਦੀਆਂ ਛਾਵਾਂ ਸਾਡਾ ਭਵਿੱਖੀ ਆਸਰਾ ਹੋਣਗੀਆਂ।  ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ (ਰਜਿ:), ਤਰਨ ਤਾਰਨ ਦੇ ਸਰਗਰਮ ਮੈਂਬਰ ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਯੂਥ ਹੋਸਟਲ, ਤਰਨ ਤਾਰਨ ਵਿਖੇ ਜਗਤ ਪ੍ਰਸਿੱਧ ਸਾਹਿਤਕਾਰ ਡਾ:ਜੋਗਿੰਦਰ ਸਿੰਘ ਕੈਰੋਂ ਜੀ ਵੱਲੋਂ ਲੋਕ ਅਰਪਣ ਕੀਤਾ ਗਿਆ।  ਡਾ:ਜੋਗਿੰਦਰ ਸਿੰਘ ਕੈਰੋਂ ਜੀ ਨੇ ਇਸ ਸਾਹਿਤਕ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਿ਼ਰਕਤ ਕੀਤੀ।  ਪੰਜਾਬੀ ਸਾਹਿਤ ਦੀ ਫੁੱਲਵਾੜੀ ਅੰਦਰ ਮਹਿਕ ਰੂਪੀ ਫੁੱਲ ਬਣਨ ਦੀ ਇੱਛਾ ਨਾਲ ਆਪਣੇ ਪਲੇਠੇ ਕਾਵਿ ਸੰਗ੍ਰਹਿ “ਉਜਾੜ ਪਈਆਂ ਰਾਹਾਂ” ਦੀ ਘੁੰਡ ਚੁਕਾਈ ਰਸਮ ਵਿੱਚ ਪੰਜਾਬੀ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਵੱਲੋਂ ਭਰਵੀ ਗਿਣਤੀ ਵਿੱਚ ਸਮੂਲੀਅਤ ਕੀਤੀ ਗਈ।  ਪ੍ਰਧਾਨਗੀ ਮੰਡਲ ਵਿੱਚ ਜੁਗਿੰਦਰ ਸਿੰਘ ਫੁੱਲ, ਨਰੇਸ਼ ਕੋਹਲੀ, ਐਡਵੋਕੇਟ ਇਕਬਾਲ ਸਿੰਘ, ਰਘਬੀਰ ਸਿੰਘ ਤੀਰ, ਬਲਬੀਰ ਸਿੰਘ ਭੈਲ, ਕੁਲਦੀਪ ਸਿੰਘ ਅਰਸ਼ੀ ਅਤੇ ਜਸਬੀਰ ਸਿੰਘ ਝਬਾਲ ਸ਼ਾਮਿਲ ਹੋਏ। ਜੁਗਿੰਦਰ ਸਿੰਘ ਫੁੱਲ ਜੀ ਨੇ ਇਸ ਕਾਵਿ ਸੰਗ੍ਰਹਿ ਬਾਰੇ ਬੋਲਦੇ ਹੋਏ ਕਿਹਾ “ਉਜਾੜ ਪਈਆਂ ਰਾਹਾਂ” ਹਰਦਰਸ਼ਨ ਸਿੰਘ ਕਮਲ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਆਰਥਿਕ ਤੰਗੀਆਂ ਅਤੇ ਗੁਰਬਤ ਦਾ ਅਹਿਸਾਸ ਇਸ ਸਿਰਜਨਾ ਦੀਆਂ ਬਹੁ ਸੰਖਿਅਕ ਕਵਿਤਾਵਾਂ ਵਿੱਚੋਂ ਪ੍ਰਗਟ ਹੋ ਰਿਹਾ ਹੈ।

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ..........ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਤੇ ਜਨਾਬ ਸਬ੍ਹਾ ਸ਼ੇਖ ਹੋਰਾਂ ਦੀ ਪ੍ਰਧਾਨਗੀ ਵਿੱਚ ਅੱਜ ਦੀ ਮੀਟਿੰਗ ਦੀ ਕਾਰਵਾਈ ਸ਼ੁਰੂ ਕੀਤੀ। ਸਕੱਤਰ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹ ਕੇ ਸੁਣਾਈ, ਜੋ ਕਿ ਸਭਾ ਵਲੋਂ ਪ੍ਰਵਾਨ ਕੀਤੀ ਗਈ।
ਪ੍ਰੋ। ਸ਼ਮਸ਼ੇਰ ਸਿੰਘ ਸੰਧੂ ਹੋਰਾਂ ਪੰਜਾਬੀ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਸਾਂਝਿਆਂ ਕਰਦਿਆਂ ਉਹਨਾਂ ਦੇ ਸਾਹਿਤਕ ਜੀਵਨ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ। ਸਭਾ ਵਲੋਂ 1 ਮਿੰਟ ਦਾ ਮੌਨ ਰਖਕੇ ਅਜਾਇਬ ਚਿੱਤਰਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਅਪਣੀ ਇਸ ਗ਼ਜ਼ਲ ਨਾਲ ਅੱਜ ਦਾ ਸਾਹਿਤਕ ਦੌਰ ਸ਼ੁਰੂ ਕੀਤਾ :

'ਵੇਖੋ  ਦਰਸ  ਤਿਹਾਈਆਂ   ਅਖੀਆਂ
ਛਮ ਛਮ ਛਹਿਬਰ ਲਾਈਆਂ ਅਖੀਆਂ।
ਸਦਕੇ    ਜਾਵਾਂ    ਦਿਲਬਰ    ਤੇਰੇ
ਨਾਲ ਜਿਦ੍ਹੇ  ਮੈਂ  ਲਾਈਆਂ  ਅਖੀਆਂ।
ਬੰਦਾ    ਬੰਦੇ   ਦਾ    ਕਿਉ   ਵੈਰੀ
ਤਕ ਤਕ ਨੇ  ਸ਼ਰਮਾਈਆਂ  ਅਖੀਆਂ'।

ਸਹੀ ਸ਼ਬਦ ਉਚਾਰਣ ਤੇ ਹੋਈ ਚਰਚਾ ਅਤੇ ਸੁਰੀਤਮ ਰਾਏ ਨੂੰ ਚਿੱਤਰ ਭੇਂਟ.......... ਮਾਸਿਕ ਇਕੱਤਰਤਾ / ਬਲਜਿੰਦਰ ਸੰਘਾ

ਬ੍ਰਹਮਪ੍ਰਕਾਸ਼ ਲੁੱਡੂ ਗਦਰੀ ਬਾਬਿਆਂ ਦੇ ਮੇਲੇ ਦਾ ਸੱਦਾ ਪੱਤਰ ਸਭਾ ਨੂੰ ਦੇਣ ਵਿਸ਼ੇਸ਼ ਤੌਰ ਤੇ ਪੁੱਜੇ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਸਾਹਿਤਕ ਇਕੱਤਰਤਾ ਕੋਸੋ ਹਾਲ ਕੈਲਗਰੀ ਵਿਚ ਹੋਈ । ਸਭਾ ਦੇ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆ ਪ੍ਰਧਾਨ  ਮਹਿੰਦਰਪਾਲ ਸਿੰਘ ਪਾਲ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਪ੍ਰਸਿੱਧ ਸਖ਼ਸ਼ੀਅਤ ਸੁਰੀਤਮ ਰਾਏ (ਪੰਜਾਬੀ ਲਿੰਕ) ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸਤੋਂ ਬਾਅਦ ਬਲਜਿੰਦਰ ਸੰਘਾ ਨੇ ਸਦੀਵੀ ਵਿਛੋੜਾ ਦੇ ਗਈਆਂ ਮਹਾਨ ਹਸਤੀਆਂ, ਲੋਕ ਗਾਇਕ ਕਰਨੈਲ ਗਿੱਲ, ਕਾਮਰੇਡ ਸੁਰਜੀਤ ਗਿੱਲ, ਆਜਿੲਬ ਚਿੱਤਰਕਾਰ ਅਤੇ ਬਹੁਪੱਖੀ ਸ਼ਖਸ਼ੀਅਤ ਦਾਰਾ ਸਿੰਘ ਬਾਰੇ ਦੱਸਿਆ ਅਤੇ ਸਭਾ ਵੱਲੋ ਸ਼ੋਕ ਮਤੇ ਪਾਏ ਗਏ। ਸਭਾ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਪਾਲ ਨੇ ਅਜਾਇਬ ਚਿੱਤਰਕਾਰ ਅਤੇ ਦਾਰਾ ਸਿੰਘ ਬਾਰੇ ਆਪਣੇ ਵਿਚਾਰ ਸਾਝੇ ਕੀਤੇ। ਕਹਾਣੀਕਾਰ ਜ਼ੋਵਰਾਵਰ ਬਾਂਸਲ ਨੇ ਕਰਨੈਲ ਗਿੱਲ ਦੇ ਜੀਵਨ ਬਾਰੇ ਦੱਸਿਆ । ਪ੍ਰੋ ਮਨਜੀਤ ਸਿੰਘ ਸਿੱਧੂ ਨੇ ਕਾਮਰੇਡ ਸੁਰਜੀਤ ਗਿੱਲ ਬਾਰੇ ਦੱਸਿਆ। ਬਲਵੀਰ ਗੋਰੇ ਨੇ ਸਾਹਿਤਕ ਪ੍ਰੋਗਾਰਮ ਦੀ ਸ਼ੁਰੂਆਤ ਤਰਕਪੂਰਨ ਗੀਤ ਨਾਲ ਕੀਤੀ, ਹਰਮਿੰਦਰ ਕੌਰ ਢਿਲੋਂ ਨੇ ਪੰਜਾਬੀ ਬੋਲੀ ਨਾਲ ਸਬੰਧਤ ਗੀਤ ‘ਤੇਰੇ ਨਾਲ ਗੂਹੜਾ-ਗੂਹੜਾ ਪਿਆਰ ਸੋਹਣੀਏ’ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ। ਇਸ ਤੋਂ ਬਾਅਦ ਗੁਰਬਚਨ ਬਰਾੜ ਨੇ ਪੰਜਾਬੀ ਬੋਲੀ ਦੇ ਸਹੀ ਸ਼ਬਦ ਉਚਾਰਣ ਤੇ ਆਪਣਾ ਭਾਵਪੂਰਤ ਲੇਖ ਪੜ੍ਹਦੇ ਹੋਏ ਕਿਹਾ ਕਿ ਪੰਜਾਬੀ ਬੋਲੀ 14 ਕਰੋੜ ਲੋਕਾਂ ਦੀ ਬੋਲੀ ਹੈ,ਹੋਰਾਂ ਭਾਸ਼ਾਵਾਂ ਦੇ ਸਾਢੇ ਤਿੰਨ ਲੱਖ ਸ਼ਬਦ ਇਸ ਵਿਚ ਸਮਾਅ ਚੁੱਕੇ ਹਨ। ਇਸ ਤਰ੍ਹਾਂ ਇਸ ਬੋਲੀ ਦੇ ਖ਼ਤਮ ਹੋਣ ਦਾ ਕੋਈ ਖਤਰਾ ਨਹੀਂ। ਹੋਰ ਬਹੁਤ ਵਿਚਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਹਰੇਕ ਮਨੁੱਖ ਦਾ ਆਪਣਾ-ਆਪਣਾ ਸ਼ਬਦ ਉਚਾਰਣ ਢੰਗ ਹੁੰਦਾ ਹੈ ਜੋ ਸਹੀ ਸ਼ਬਦ ਉਚਾਰਣ ਨੂੰ ਪ੍ਰਭਾਵਿਤ ਕਰਦਾ ਹੈ। ਮਹਿੰਦਰਪਾਲ ਸਿੰਘ ਪਾਲ ਅਤੇ ਕੁਲਬੀਰ ਸ਼ੇਰਗਿੱਲ ਨੇ ਕੁਝ ਸਵਾਲ ਕੀਤੇ ਜਿਹਨਾਂ ਦੇ ਗੁਰਬਚਨ ਬਰਾੜ ਨੇ ਜਵਾਬ ਦਿੱਤੇ।

ਗੁਰਦੁਆਰਾ ਸਿੰਘ ਸਭਾ ਡੀਕੋਟਾ (ਫਰਿਜਨੋ) ਵਿਖੇ ਧਰਮ ਪ੍ਰਚਾਰ ਅਤੇ ਗੁਰਮਤਿ ਸਟਾਲ ……… ਧਾਰਮਿਕ ਸਮਾਗਮ / ਅਵਤਾਰ ਸਿੰਘ ਮਿਸ਼ਨਰੀ

ਬੀਤੇ ਹਫਤੇ ਗੁਰਦੁਆਰਾ ਸਿੰਘ ਸਭਾ ਡੀਕੋਟਾ ਰੋਡ (ਫਰਿਜਨੋ) ਦੇ ਪ੍ਰਬੰਧਕਾਂ, ਸੰਗਤਾਂ ਅਤੇ ਗ੍ਰੰਥੀਆਂ ਦੇ ਸਹਿਯੋਗ ਨਾਲ, “ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ .ਐੱਸ .ਏ .ਵੱਲੋਂ ਗੁਰਬਾਣੀ ਦੀ ਕਥਾ ਵਿਆਖਿਆ ਕੀਤੀ ਅਤੇ ਧਰਮ ਪੁਸਤਕਾਂ ਦਾ ਸਟਾਲ ਲਾਇਆ ਗਿਆ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਮੁੱਖ ਗ੍ਰੰਥੀ ਅਤੇ ਰਾਗੀ ਭਾਈ ਜਸਵੰਤ ਸਿੰਘ ਜੀ, ਸੰਗਤ ਚੋਂ ਇੱਕ ਬੱਚੀ ਸੀਰਤ ਕੌਰ ਅਤੇ ਡਾ . ਮਨਜੀਤ ਸਿੰਘ ਪਟਿਆਲਾ ਨੇ ਵੀ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਇਹ ਸਾਰਾ ਪ੍ਰੋਗਰਾਮ ਗੁਰੂ ਹਰਿਗੋਬਿੰਦ ਸਾਹਿਬ ਸੰਗੀਤ ਅਤੇ ਭੰਗੜਾ ਅਕੈਡਮੀ ਸੰਸਥਾ ਵੱਲੋਂ ਬੱਚਿਆਂ ਦੇ ਗੁਰਮਤਿ ਸਿਖਲਾਈ ਕੈਂਪ ਦੀ ਖੁਸ਼ੀ ਵਿੱਚ ਕੀਤਾ ਗਿਆ ਇਸ ਗੁਰਦੁਆਰੇ ਵਿਖੇ ਭਾਈ ਜਸਵੰਤ ਸਿੰਘ ਬਠਿੰਡੇ ਵਾਲੇ ਮੁੱਖ ਗ੍ਰੰਥੀ ਅਤੇ ਰਾਗੀ ਦੀ ਸੇਵਾ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਸੰਗੀਤ ਵਿਦਿਆ ਵੀ ਰਾਗਾਂ ਵਿੱਚ ਸਿਖਾ ਰਹੇ ਹਨ ਅਤੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਹੁੰਦਾ ਹੈ ਪ੍ਰਸਿੱਧ ਕਥਾਵਾਚਕ, ਰਾਗੀ ਅਤੇ ਪ੍ਰਚਾਰਕ ਵੀ ਹਾਜਰੀਆਂ ਭਰਦੇ ਹਨ

ਆਸਟ੍ਰੇਲੀਆ ਸਰਕਾਰ ਨੂੰ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਬਾਰੇ ਹਾਲੇ ਹੋਰ ਵਿਚਾਰ ਕਰਨ ਦੀ ਲੋੜ - ਡਾਕਟਰ ਹਰਪਾਲ ਸਿੰਘ ਪੰਨੂੰ……… ਵਿਚਾਰ-ਗੋਸ਼ਟੀ / ਜੌਲੀ ਗਰਗ

ਐਡੀਲੇਡ : ਬੀਤੇ ਦਿਨੀਂ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਸਾਊਥ ਆਸਟ੍ਰੇਲੀਆ ਸਰਕਾਰ ਦੇ ਮਹਿਕਮਾ-ਏ-ਮੈਨੂਫੈਕਚਰਿੰਗ, ਇਨਵੈਂਸ਼ਨ, ਟਰੇਡ, ਰੀਸੋਰਸਿਜ਼ ਅਤੇ ਐਨਰਜੀ ਦੇ ਡਿਪਟੀ ਚੀਫ਼ ਐਗਜ਼ਕਟਿਵ ਮਿਸਟਰ ‘ਲਾਂਸ ਵੋਰਲ’ ਅਤੇ ਸਾਊਥ ਆਸਟ੍ਰੇਲੀਆ ਸਰਕਾਰ ਦੇ ਭਾਰਤੀ ਮਾਮਲਿਆਂ ਦੇ ਵਿਸ਼ੇਸ਼ ਦੂਤ ਮਿਸਟਰ ‘ਬ੍ਰਾਇਨ ਹੇਸ’ ਨੇ ਉੱਘੇ ਸਿੱਖ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਪਿਛਲੇ ਵੀਹ ਸਾਲ ਤੋਂ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ‘ਡਾਕਟਰ ਹਰਪਾਲ ਸਿੰਘ ਪੰਨੂੰ’ ਨਾਲ ਇਕ ਗ਼ੈਰ ਰਸਮੀ ਮੁਲਾਕਾਤ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ‘ਚਾਰ ਮੀਨਾਰ’ ਵਿੱਚ ਪਾਲਮ ਮਨੇਸ਼ ਦੇ ਯਤਨਾਂ ਸਦਕਾ ਕੀਤੀ। ਇਸ ਮੌਕੇ ਤੇ ਦੋਹਾਂ ਮੁਲਕਾਂ ਦੇ ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਹੋਇਆ। ਆਸਟ੍ਰੇਲਿਆਈ ਨੁਮਾਂਦਿਆਂ ਨੇ ਡਾਕਟਰ ਪੰਨੂੰ ਦੀਆਂ ਤਰਕ ਭਰਪੂਰ ਦਲੀਲਾਂ ਵਿਚ ਬਹੁਤ ਦਿਲਚਸਪੀ ਦਿਖਾਈ। ਡਾਕਟਰ ਪੰਨੂੰ ਵੱਲੋਂ ਲਿਖੇ ਦੁਨੀਆਂ ਭਰ ਦੀਆਂ ਮਹਾਨ ਸ਼ਖ਼ਸੀਅਤਾਂ ਉਤੇ ਰਿਸਰਚ ਭਰਪੂਰ ਲੇਖਾਂ ਬਾਰੇ ਵਿਸਤਾਰ ’ਚ ਚਰਚਾ ਕੀਤੀ ਗਈ।

ਕਾਵਿ ਪੁਸਤਕ “ਕੀਕਣ ਲਿਖਾਂ ਹਰਫ਼ ਨਵੇਂ” ਦਾ ਲੋਕ ਅਰਪਣ ਤੇ ਕਵੀ ਦਰਬਾਰ ਸੰਪੰਨ........... ਪੁਸਤਕ ਰਿਲੀਜ਼

ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ:) ਮੋਹਾਲੀ ਵੱਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71 ਮੋਹਾਲੀ ਦੇ ਸਹਿਯੋਗ ਨਾਲ਼ ਕਾਵਿ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਉਕਤ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਸ੍ਰ. ਸੁਖਚੈਨ ਸਿੰਘ ਭੰਡਾਰੀ (ਡਾਇਰੈਕਟਰ, ਹਰਿਆਣਾ ਪੰਜਾਬੀ ਸਾਹਿਤ ਅਕੈਡਮੀ), ਉਸਤਾਦ ਗ਼ਜ਼ਲ ਗੋ ਸਰਦਾਰ ਪੰਛੀ ਅਤੇ ਮੈਡਮ ਕੁਲਵੰਤ ਕੌਰ (ਪ੍ਰਧਾਨ, ਪੈਰਾਗਾਨ ਐਜੂਕੇਸ਼ਨ ਸੁਸਾਇਟੀ) ਬਿਰਾਜਮਾਨ ਸਨ । ਜਦ ਕਿ ਸਿੱਖ ਪੰਥ ਦੀ ਉਘੀ ਹਸਤੀ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ (ਸਾਬਕਾ ਪ੍ਰਧਾਨ, ਸ੍ਰੋ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ) ਤਸ਼ਰੀਫ਼ ਲਿਆਏ। ਸ਼੍ਰੀ ਸੱਤਪਾਲ ਸਿੰਘ ਨੂਰ (ਪ੍ਰਧਾਨ, ਪੰਜਾਬੀ ਕਵੀ ਮੰਡਲ ਚੰਡੀਗੜ੍ਹ) ਅਤੇ ਸ. ਪ੍ਰੀਤਮ ਸਿੰਘ ਭੱਲਾ (ਸਮਾਜ ਸੇਵੀ) ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਮੰਚ ਦੇ ਪ੍ਰਧਾਨ ਬਾਬੂ ਰਾਮ ਦੀਵਾਨਾ ਨੇ ਹਾੜ੍ਹ ਸਾਵਣ ਮਹੀਨਿਆਂ ਦੀ ਮਹੱਤਤਾ ਦੱਸਦਿਆਂ ਮੰਚ ਦੀਆਂ ਗਤੀ ਵਿਧੀਆਂ ਦਾ ਜਿ਼ਕਰ ਕੀਤਾ ਤੇ ਸਵਾਗਤੀ ਸ਼ਬਦ ਆਖੇ। ਪ੍ਰਧਾਨਗੀ ਮੰਡਲ ਵੱਲੋਂ ਅਮਰਜੀਤ ਕੌਰ ‘ਹਿਰਦੇ‘ ਦੀ ਦੂਜੀ ਗ਼ਜ਼ਲ ਕਾਵਿ ਪੁਸਤਕ ‘ਕੀਕਣ ਲਿਖਾਂ ਹਰਫ਼ ਨਵੇਂ‘ ਲੋਕ ਅਰਪਣ ਕੀਤੇ ਜਾਣ ਉਪਰੰਤ ਇਸ ‘ਤੇ ਪਰਚਾ ਡਾ. ਅਵਤਾਰ ਸਿੰਘ ਪਤੰਗ ਨੇ ਬਹੁਤ ਵਿਦਵਤਾਪੂਰਨ ਪੇਸ਼ ਕਰਦਿਆਂ ‘ਹਿਰਦੇ‘ ਨੂੰ ਬਹੁਤ ਹੀ ਸੂਖ਼ਮਭਾਵੀ ਤੇ ਸੰਵੇਦਨਸ਼ੀਲ ਕਵਿੱਤਰੀ ਗਰਦਾਨਿਆ । ਪੁਸਤਕ ਬਾਰੇ ਚਰਚਾ ਵਿਚ ਸ੍ਰੋਮਣੀ ਕਵੀ ਡਾ. ਸੁਰਿੰਦਰ ਗਿੱਲ ਨੇ ਕਵਿੱਤਰੀ ਦੀ ਲੇਖਣੀ ਦੇ ਮੀਰੀ ਗੁਣ ਦਾ ਜਿ਼ਕਰ ਕੀਤਾ ਅਤੇ ਪ੍ਰੋ. ਮਨਮੋਹਨ ਸਿੰਘ ਦਾਊਂ ਨੇ ਪੁਸਤਕ ਬਾਰੇ ਨਿੱਗਰ ਵਿਚਾਰ ਪ੍ਰਗਟਾਏ ਅਤੇ ਕੁਝ ਸੁਚੱਜੇ ਸੁਝਾਅ ਵੀ ਕਵਿੱਤਰੀ ਨੂੰ ਦਿੱਤੇ। ਸੁਮਨ ਕੁਮਾਰੀ ਅਤੇ ਰੁਖ਼ਸਾਨਾ ਬੇਗ਼ਮ ਨੇ ‘ਹਿਰਦੇ‘ ਦੀ ਰਿਲੀਜ਼ ਹੋਈ ਪੁਸਤਕ ਵਿੱਚੋਂ ਆਪਣੀ ਬਹੁਤ ਹੀ ਸੁਰੀਲੀ ਅਵਾਜ਼ ਵਿਚ ਗ਼ਜ਼ਲਾਂ ਗਾ ਕੇ ਸਰੋਤਿਆਂ ਨੂੰ ਕੀਲ ਲਿਆ।

ਉੱਘੇ ਸਿੱਖ ਵਿਦਵਾਨ ਹਰਪਾਲ ਸਿੰਘ ਪੰਨੂੰ ਹੋਏ ਐਡੀਲੇਡ ਵਾਸੀਆਂ ਦੇ ਰੂ ਬ ਰੂ……… ਰੂ ਬ ਰੂ / ਕਰਨ ਬਰਾੜ

ਐਡੀਲੇਡ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ ਬੀਤੇ ਦਿਨੀਂ ਪੰਜਾਬੀ ਕਲਚਰਲ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਅਤੇ ਹਰਮਨ ਰੇਡੀਓ ਵੱਲੋਂ ਇੰਪੀਰੀਅਲ ਕਾਲਜ ਆਫ ਟ੍ਰੇਡਰਜ਼ ਵਿਖੇ ਉਘੇ ਸਿੱਖ ਵਿਦਵਾਨ, ਸਾਹਿਤਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਹਰਪਾਲ ਸਿੰਘ ਪੰਨੂੰ ਨੂੰ ਦਰਸ਼ਕਾਂ ਦੇ ਰੂ ਬ ਰੂ ਤੇ ਸਨਮਾਨਿਤ ਕੀਤਾ ਗਿਆ। ਤਕਰੀਬਨ ਚਾਰ ਘੰਟੇ ਚੱਲੇ ਪ੍ਰਭਾਵਸ਼ਾਲੀ ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਬਰਾੜ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਡਾਕਟਰ ਹਰਪਾਲ ਸਿੰਘ ਪੰਨੂੰ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਇਥੇ ਪਹੁੰਚਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਰਿਸਰਚ ਭਰਪੂਰ ਲੇਖਣੀ ਨੂੰ ਸਲੂਟ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਐਸੋਸੀਏਸ਼ਨ ਦੇ ਖ਼ਜ਼ਾਨਚੀ ਬਖਸ਼ਿੰਦਰ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਉਪਰੰਤ ਲੋਕਲ ਸ਼ਾਇਰਾਂ ਅਤੇ ਫ਼ਨਕਾਰਾਂ ਨੇ ਆਪਣੀਆਂ ਨਜ਼ਮਾਂ ਤੇ ਗੀਤਾਂ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ, ਜਿੰਨਾ ਵਿੱਚ ਵੀਰ ਭੰਗੂ, ਸ਼ਿਵਦੀਪ, ਕਰਨ ਬਰਾੜ, ਦਿਲਪ੍ਰੀਤ ਗਿੱਲ ਅਤੇ ਰਮਨਦੀਪ ਕੌਰ ਆਦਿ ਸ਼ਾਮਿਲ ਸਨ। 

ਆਸਟ੍ਰੇਲੀਆ ‘ਚ ਗਰਚਾ ਨੂੰ ਚੁਣਿਆ ਗਿਆ ਲਾਇਨਜ਼ ਕਲੱਬ, ਵੂਲਗੂਲਗਾ ਦਾ ਪ੍ਰਧਾਨ........... ਸਨਮਾਨ ਸਮਾਰੋਹ / ਰਿਸ਼ੀ ਗੁਲਾਟੀ

ਵੂਲਗੂਲਗਾ : ਵਿਦੇਸ਼ੀਂ ਵੱਸਦੇ ਪੰਜਾਬੀਆਂ ਦੁਆਰਾ ਵੱਖ ਵੱਖ ਖੇਤਰਾਂ ‘ਚ ਮੱਲਾਂ ਮਾਰਨ ਦੀ ਲੜੀ ਨੂੰ ਕਾਇਮ ਰੱਖਦਿਆਂ ਜੁਗਿੰਦਰ ਸਿੰਘ ਗਰਚਾ ਨੇ ਆਸਟ੍ਰੇਲੀਆ ਦੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਕਸਬੇ ਵੂਲਗੂਲਗਾ ਦੇ ਲਾਇਨਜ਼ ਕਲੱਬ ਦਾ ਪ੍ਰਧਾਨ ਬਣਨ ਦਾ ਮਾਣ ਹਾਸਲ ਕੀਤਾ ਹੈ । ਲਾਇਨਜ਼ ਕਲੱਬ, ਵੂਲਗੂਲਗਾ ਦੁਆਰਾ ਆਯੋਜਿਤ ਮੀਟਿੰਗ ‘ਚ ਜਿਲ੍ਹਾ 201 ਐਨ-1 ਦੇ ਜਿਲ੍ਹਾ ਗਵਰਨਰ ਪੀਟਰ ਬਲੋਮ ਦੁਆਰਾ 71 ਦੇ ਕਰੀਬ ਮੈਂਬਰਾਂ ਤੇ ਮਹਿਮਾਨਾਂ ਦੀ ਹਾਜ਼ਰੀ ‘ਚ ਸ੍ਰ. ਗਰਚਾ ਨੂੰ ਇਹ ਜਿੰਮੇਵਾਰੀ ਸੌਂਪੀ ਗਈ । ਜੁਗਿੰਦਰ ਸਿੰਘ ਗਰਚਾ ਸੱਤਰਵਿਆਂ ਦੇ ਦੌਰ ਦੀ ਸ਼ੁਰੂਆਤ ‘ਚ ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਗਰਚਾ ਤੋਂ ਆਸਟ੍ਰੇਲੀਆ ਆਏ ਤੇ ਕੁੱਲ 18 ਸਾਲ ਦੀ ਲਾਇਨਜ਼ ਕਲੱਬ ਦੀ ਸੇਵਾ ‘ਚੋਂ ਲਗਾਤਾਰ 13 ਸਾਲ ਡਾਇਰੈਕਟਰ ਤੇ 2 ਸਾਲ ਉਪ ਪ੍ਰਧਾਨ ਰਹਿਣ ਤੋਂ ਬਾਅਦ ਹੁਣ ਕਲੱਬ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ । ਕਿੱਤੇ ਵਜੋਂ ਉਹ ਖੇਤੀਬਾੜੀ ਨਾਲ਼ ਜੁੜੇ ਹੋਏ ਹਨ । ਵਰਨਣਯੋਗ ਹੈ ਕਿ ਆਸਟ੍ਰੇਲੀਆ ਦੇ ਸਭ ਤੋਂ ਜਿ਼ਆਦਾ ਆਬਾਦੀ ਵਾਲੇ ਪ੍ਰਾਂਤ ਨਿਊ ਸਾਊਥ ਵੇਲਜ਼ ਦੇ ਅੱਜ ਤੱਕ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਨੇ ਅਜਿਹੇ ਸਨਮਾਨਯੋਗ ਅਹੁਦੇ ਦੀ ਵਾਗਡੋਰ ਸੰਭਾਲੀ ਹੈ । ਇਸ ਮੌਕੇ ‘ਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ਤੇ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ ।

ਬਲਬੀਰ ਸੰਘੇੜਾ ਦਾ ਨਾਵਲ ਜਾਲ਼: ਔਰਤ ਦਾ ਆਪਣੀ ਹੋਂਦ ਨਾਲ਼ ਸੰਘਰਸ਼........... ਪੁਸਤਕ ਰੀਵਿਊ / ਰਵਿੰਦਰ ਸਿੰਘ (ਡਾ:), ਚੰਡੀਗੜ੍ਹ


ਕਨੇਡਾ ਵਿਚ ਪੰਜਾਬੀ ਪਰਵਾਸ ਦੀ ਕਹਾਣੀ ਵੀਹਵੀਂ ਸਦੀ ਦੇ ਅੰਤਲੇ ਦਹਾਕੇ ਤੋਂ ਆਰੰਭ ਹੋਈ. ਭਾਵੇਂ ਇਹ ਪਹਿਲੇ ਰੂਪ ਵਿਚ ਇਕ ਰਾਜਨੀਤਕ ਕਾਰਨ ਸੀ, ਪਰ ਬਾਦ ਵਿਚ ਇਕ ਆਰਥਿਕ ਮਸਲਾ ਬਣ ਕੇ ਰੂਬਰੂ ਹੋਇਆ. 1897 ਈ: ਨੂੰ ਲੰਡਨ ਵਿਚ ਮਲਕਾ ਵਿਕਟੋਰੀਆ ਦੀ ਤਾਜ਼ਪੋਸ਼ੀ ਦੀ ਡਾਇਮੰਡ ਜੁਬਲੀ ਮਨਾਉਣ ਹਿਤ ਸਿੱਖ ਰੈਜਮੈਂਟ ਨੂੰ ਵੀ ਸਲਾਮੀ ਲਈ ਬੁਲਾਵਾ ਭੇਜਿਆ ਗਿਆ ਅਤੇ ਵਾਪਸੀ ਕਨੇਡਾ, ਅਮਰੀਕਾ ਦੇਸ਼ਾਂ ਰਾਹੀਂ ਜਾਣ ਬੁਝ ਕੇ ਕਰਾਈ ਗਈ ਤਾਂਕਿ ਅੰਗਰੇਜ਼ੀ ਰਾਜ ਦੀਆਂ ਬਸਤੀਆਂ ਦਾ ਨਜ਼ਾਰਾ ਕਰਾਇਆ ਜਾ ਸਕੇ. ਇਸੇ ਦੌਰਾਨ ਕਈ ਫੌਜੀ ਇੱਥੇ ਹੀ ਰਹਿ ਗਏ ਅਤੇ ਕਮਾਈ ਦਾ ਸਾਧਨ ਲੱਭਣ ਲੱਗੇ. ਹੋਣ ਵਾਲੀ ਵੱਧ ਕਮਾਈ ਇਕ ਕਾਰਨ ਬਣ ਨਿੱਬੜੀ ਪੰਜਾਬੀਆਂ ਦੇ ਉੱਥੇ ਆਬਾਦ ਹੋਣ ਦਾ. ਇੰਝ ਕਨੇਡਾ ਦੀ ਧਰਤੀ ‘ਤੇ ਪੰਜਾਬੀ ਪਰਵਾਸ ਦਾ ਆਰੰਭ ਹੋਇਆ. ਵਰਤਮਾਨ ਸਮੇਂ ਸੰਸਾਰ ਦੇ ਹਰ ਦੇਸ਼, ਹਰ ਮਹਾਂਦੀਪ ਵਿਚ ਪੰਜਾਬੀ ਵੱਡੀ ਗਿਣਤੀ ਵਿਚ ਪਹੁੰਚ ਚੁੱਕੇ ਹਨ. ਇਕ ਅੰਦਾਜ਼ੇ ਅਨੁਸਾਰ ਪੂਰੇ ਸੰਸਾਰ ਵਿਚ ਪੰਜਾਬੀਆਂ ਦੀ ਗਿਣਤੀ ਸਵਾ ਗਿਆਰਾਂ ਕਰੋੜ ਤੱਕ ਪੁੱਜ ਚੁੱਕੀ ਹੈ. ਅਮਰੀਕਾ ਮਹਾਂਦੀਪ ਵਿਚ ਪੰਦਰਾਂ ਲੱਖ ਦੇ ਕਰੀਬ ਅਤੇ ਕਨੇਡਾ ਵਿਚ ਅੱਠ ਲੱਖ ਦੇ ਕਰੀਬ ਪੰਜਾਬੀ ਅਬਾਦ ਹੋ ਚੁੱਕੇ ਹਨ ਅਤੇ ਇਹ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ.
 

ਕੈਨੇਡੀਅਨ ਕਵੀ ਮੰਗਾ ਬਾਸੀ ਦੀ ਕਿਤਾਬ ‘ਧਰਤਿ ਕਰੇ ਅਰਜੋ਼ਈ’...........ਪੁਸਤਕ ਰੀਵਿਊ / ਬਲਜਿੰਦਰ ਸੰਘਾ


ਚਰਚਾ ਕਰਤਾ – ਬਲਜਿੰਦਰ ਸੰਘਾ
ਪ੍ਰਕਾਸ਼ਕ –ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ – 125 ਰੁਪਏ

ਕੈਨੇਡੀਅਨ ਕਵੀ ਮੰਗਾ ਬਾਸੀ ਦੋ ਦਹਾਕਿਆਂ ਤੋਂ ਵੱਧ ਸਮਾਂ ਇਸ ਦੇਸ਼ ਦੇ ਨਾਮ ਕਰ ਚੁੱਕਾ ਹੈ। ਹਰ ਇਕ ਪਰਵਾਸੀ ਮਨੁੱਖ ਦੇ ਅੰਦਰ ਇਕ ਯੁੱਧ ਹਮੇਸ਼ਾਂ ਚੱਲਦਾ ਰਹਿੰਦਾ ਹੈ ਜੋ ਕਦੇ ਉਸਨੂੰ ਜਨਮਭੂਮੀ ਨਾਲ ਖੜਾ ਕਰਦਾ ਹੈ ਤੇ ਕਦੇ ਉਸ ਦੇਸ ਦੇ ਨਾਲ ਜਿੱਥੇ ਉਹ ਆਪਣਾ ਦੇਸ ਛੱਡਕੇ ਰਹਿ ਰਿਹਾ ਹੈ। ਹਰ ਇੱਕ ਤਰ੍ਹਾਂ ਦੀ ਸੁੱਖ ਸਹੂਲਤ ਮਾਣਦੀ ਮਾਨਸਿਕਤਾ ਵੀ ਇਸ ਯੁੱਧ ਦਾ ਸਿ਼ਕਾਰ ਕਿਉਂ ਬਣੀ ਰਹਿੰਦੀ ਹੈ ਇਸਦਾ ਕਾਰਨ ਕੋਈ ਸਹੀ ਤਰ੍ਹਾਂ ਪ੍ਰਭਾਸਿ਼ਤ ਨਹੀਂ ਕਰ ਸਕਦਾ। ਮੰਗਾ ਬਾਸੀ ਦਾ ਕੈਨੇਡੀਅਨ ਕਾਵਿਕ ਸਫ਼ਰ ਵੀ ਇੱਥੋ ਹੀ ਸ਼ੁਰੂ ਹੁੰਦਾ ਹੈ। ਚਾਹੇ ਇਹ ਲਿਖਣਾ ਉਸਦੇ ਪੂਰੇ ਕਾਵਿਕ ਜੀਵਨ ਨਾਲ ਨਿਆ ਨਹੀਂ, ਕਿਉਕਿ ਉਸਦੀ ਕਵਿਤਾ ਤਾਂ ਹੁਣ ਤੱਕ ਸੰਸਾਰ ਪੱਧਰ ਤੇ ਹਰ ਤਰ੍ਹਾਂ ਦੇ ਮਸਲਿਆਂ ਵਿਚੋਂ ਗੁਜ਼ਰ ਚੁੱਕੀ ਹੈ ਪਰ ਇਹ ਸਭ ਮੈਂ ਉਹਨਾਂ ਦੀ ਪਹਿਲੀ ਪੁਸਤਕ ‘ਬਰਫ਼ ਦਾ ਮਾਰੂਥਲ’ ਪੜਦਿਆਂ ਮਹਿਸੂਸ ਕੀਤਾ ਸੀ। ਫਿਰ ਦੂਸਰੀ ਕਿਤਾਬ ‘ਵਿੱਚ ਪ੍ਰਦੇਸਾ ਦੇ’ ਅਤੇ ਫਿਰ ਬੋਲੀਆਂ ਦੀ ਕਿਤਾਬ ‘ਕੂੰਜਾਂ ਦੇ ਸਿਰਨਾਵੇਂ’ ਜਦੋਂ ਉਹ ਇਕ ਬੋਲੀ ਵਿਚ ਕਹਿੰਦਾ ਹੈ-

ਚੱਲੇ ਮਰਸਡੀ, ਹੰਬਰੀਂ ਹੂਟੇ
ਮਹਿਲ ਜਿਹਾ ਘਰ ਪਾਇਆ
ਮਨ ਦੇ ਬਾਗਾਂ ਤੇ
ਪਰ ਖੇੜਾ ਨਾ ਆਇਆ

“ਸੰਸਾਰ ਆਰਥਕ ਸੰਕਟ ਅਤੇ ਹੱਲ” ਵਿਸ਼ੇ ਤੇ ਕਨਵੈਨਸ਼ਨ……… ਵਿਚਾਰ ਚਰਚਾ / ਗੋਪਾਲ ਜੱਸਲ (ਪ੍ਰੋ.)

ਕੈਲਗਰੀ : ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ (ਰਜਿ:) ਵੱਲੋਂ “ਸੰਸਾਰ ਆਰਥਕ ਸੰਕਟ ਅਤੇ ਹੱਲ”  ਵਿਸ਼ੇ ਤੇ ਕੋਸੋ ਹਾਲ ਕੈਲਗਰੀ ਕਨੇਡਾ  ਕਨਵੈਨਸ਼ਨ ਕੀਤੀ ਗਈ। ਮੱਖ ਬੁਲਾਰੇ ਜੀਤਇੰਦਰਪਾਲ ਨੇ ਅਪਣੇ ਕੁੰਜੀਵਤ ਭਾਸ਼ਨ ਰਾਹੀਂ ਦੱਸਿਆ ਕਿ  2007 ਤੋਂ ਅਮਰੀਕਾ ਤੋਂ ਚੱਲਿਆ ਇਹ ਸੰਕਟ ਸਾਰੇ ਸੰਸਾਰ ਵਿੱਚ ਫੈਲ ਗਿਆ ਹੈ। ਯੂਰਪ ਦੇ ਦੇਸ਼ਾਂ ਦੀ ਆਰਥਿਕਤਾ ਬੁਰੀ ਤਰਾਂ ਲੜਖੜਾ ਗਈ ਹੈ। ਇਸਨੇ ਭਾਰਤ ਅਤੇ ਏਸ਼ੀਆ ਦੇ ਸਾਰੇ ਮੁਲਕਾਂ ਨੂੰ ਅਪਣੀ ਲਪੇਟ ਵਿੱਚ ਲੈ ਲਿਆ ਹੈ, ਤੇ ਕਿਹਾ ਕਿ ਦੁਨੀਆਂ ਭਰ ਦੇ ਲੋਕਾਂ ਨੂੰ ਇਸ  ਗੰਭੀਰ ਸੰਕਟ ਚੋਂ ਨਿਕਲਣ ਲਈ ਸੋਚਣਾ ਪਵੇਗਾ ।ਹੱਲ ਲੱਭਣ ਲਈ ਅੱਗੇ ਆਉਣਾ ਪਵੇਗਾ।

ਪ੍ਰਧਾਨ ਸੋਹਨ ਮਾਨ ਨੇ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਖਤਮ ਕਰਕੇ ਪਬਲਿਕ ਸੈਕਟਰ ਰਾਹੀਂ  ਹੀ ਦੁਨੀਆਂ ਨੂੰ ਆਰਥਕ ਸੰਕਟ ਦੀ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ। ਮਾਸਟਰ ਭਜਨ ਗਿੱਲ ਨੇ ਦੱਸਿਆ ਕਿ ਸੰਸਾਰ ਆਰਥਕ ਸੰਕਟ ਦਾ ਕਾਰਨ ਸਾਮਰਾਜੀ ਜੰਗਾਂ ਅਤੇ ਸੰਸਾਰ ਦੇ ਕੁਦਰਤੀ ਸਾਧਨਾਂ ਤੇ ਕਬਜਾ ਕਰਨ ਲਈ ਸੁਰੱਖਿਆ ਬਜਟ ਚ ਵਾਧਾ ਕਰਨਾ ਹੈ।ਪ੍ਰੋ. ਜੱਸਲ ਨੇ ਕਿਹਾ ਕਿ ਇਹ ਪ੍ਰਬੰਧ ਆਪਣੀਆਂ ਲੋਕਮਾਰੂ ਨੀਤੀਆਂ ਕਾਰਨ ਆਪ ਹੀ ਤਬਾਹ ਹੋ ਰਿਹਾ ਹੈ । ਉਹਨਾਂ ਕਿਹਾ ਕਿ 23 ਸਤੰਬਰ 2012 ਨੂੰ ਪਬਲਿਕ ਲਾਇਬ੍ਰੇਰੀ ਹਾਲ  ਡਾਊਨ ਟਾਊਨ ਨੇੜੇ ਟਾਉਨ ਹਾਲ ਵਿਖੇ ਹੋ ਰਹੇ “ਤੀਜੇ ਤਰਕਸ਼ੀਲ ਸਭਿਆਚਾਰਕ ਨਾਟਕ ਸਮਾਗਮ” ਚ  ਨਾਟਕਾਂ ਦੀ ਤਿਆਰੀ ਲਈ ਲੇਖਕ ਅਤੇ ਨਿਰਦੇਸ਼ਕ ਹਰਕੇਸ਼ ਚੌਧਰੀ ਅਤੇ ਸੁਰਿੰਦਰ ਸ਼ਰਮਾ (ਲੋਕ ਕਲਾ ਮੰਚ ਮੰਡੀ ਮੁਲਾਂਪੁਰ ਪੰਜਾਬ) ਉਚੇਚੇ ਤੌਰ ਤੇ ਪੁੱਜ ਰਹੇ ਹਨ। ਇਹ ਯਾਦਗਾਰੀ ਸਮਾਗਮ ਪੰਜਾਬੀ ਨਾਟਕ ਜਗਤ ਦੇ ਪਿਤਾਮਾ ਮਰਹੂਮ ਗੁਰਸ਼ਰਨ ਸਿੰਘ (ਭਾਅ ਜੀ) ਪਹਿਲੀ ਬਰਸੀ ਅਤੇ ਗਦਰ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ।

ਡਾ. ਰਾਬਿੰਦਰ ਮਸਰੂਰ ਦੀ ਸੇਵਾਮੁਕਤੀ ਮੌਕੇ ਵਿਦਾਇਗੀ ਸਮਾਗਮ……… ਵਿਦਾਇਗੀ ਸਮਾਰੋਹ / ਨਿਸ਼ਾਨ ਸਿੰਘ ਰਾਠੌਰ

ਕੁਰੂਕਸ਼ੇਤਰ : ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਕਿਹਾ ਕਿ ਪ੍ਰੋ. ਮਸਰੂਰ ਹੋਰਾਂ ਦਾ ਅਧਿਐਨ ਅਤੇ ਅਧਿਆਪਨ ਖੇਤਰ ਵਿਚ ਵੱਡਮੁਲਾ ਯੋਗਦਾਨ ਰਿਹਾ ਹੈ। ਉਨ੍ਹਾਂ ਆਪਣੇ ਅਧਿਆਪਨ ਖੇਤਰ ਦੀ ਸ਼ੁਰੂਆਤ ਇਸੇ ਪੰਜਾਬੀ ਵਿਭਾਗ ਤੋਂ ਹੀ ਕੀਤੀ ਸੀ। ਆਪਣੇ ਸਾਹਿਤਕ ਸਫ਼ਰ ਦੇ ਦੌਰਾਨ ਉਨ੍ਹਾਂ ਦੋ ਪੰਜਾਬੀ ਪੁਸਤਕਾਂ ‘ਪੀਲੇ ਪੱਤ ਕਚਨਾਰ ਦੇ’ ਅਤੇ ‘ਤੁਰਨਾ ਮੁਹਾਲ ਹੈ’ ਅਤੇ ਦੋ ਗ਼ਜ਼ਲ ਕੈਸਟਾਂ ‘ਨਾਮ ਖੁਮਾਰੀ ਨਾਨਕ’ ਅਤੇ ‘ਹੂਕ/ਹੇਕ’ ਪੰਜਾਬੀ ਸਾਹਿਤ ਅਤੇ ਸੰਗੀਤ ਖੇਤਰ ਦੇ ਪ੍ਰੇਮੀਆਂ ਦੀ ਝੋਲੀ ਵਿਚ ਪਾਈਆਂ ਹਨ। ਇਸ ਦੇ ਨਾਲ ਹੀ ਪ੍ਰੋ. ਮਸਰੂਰ ਨੇ ਦੇਸ਼ਾਂ-ਵਿਦੇਸ਼ਾਂ ਦੀਆਂ ਅਨੇਕ ਯਾਤਰਾਵਾਂ ਵੀ ਕੀਤੀਆਂ ਹਨ। ਆਲੋਚਨਾ ਖੇਤਰ ਵਿਚ ਉਨ੍ਹਾਂ ਦੇ ਅਨੇਕਾਂ ਹੀ ਖੋਜ-ਪੱਤਰ ਪ੍ਰਕਾਸ਼ਤ ਹੋਏ ਹਨ।

ਸਾਹਿਤ ਸਭਾ ਜ਼ੀਰਾ (ਰਜਿ:) ਨੇ ਪੁਸਤਕ "ਬੋਲੋਗੇ ਕਿ ਬੋਲਤਾ ਹੈ" ਲੋਕ-ਅਰਪਣ ਅਤੇ ਵਿਚਾਰ ਗੋਸ਼ਟੀ ਸਮਾਗਮ........... ਵਿਚਾਰ ਗੋਸ਼ਟੀ / ਦੀਪ ਜ਼ੀਰਵੀ

ਸਾਹਿਤ ਅਤੇ ਮਾਂ -ਬੋਲੀ ਪੰਜਾਬੀ ਦੇ ਸਰੋਕਾਰਾਂ ਨਾਲ ਜੁੜੀ ਸੰਸਥਾ, ਸਾਹਿਤ ਸਭਾ ਜ਼ੀਰਾ (ਰਜਿ:) ਪਿਛਲੇ ਕਾਫੀ ਸਮੇਂ ਤੋਂ ਸਾਹਿਤਕ ਗਤੀਵਿਧੀਆਂ ਲਈ ਯਤਨਸ਼ੀਲ ਹੈ। ਏਸੇ ਕੜੀ ਤਹਿਤ ਪਿਛਲੇ ਦਿਨੀਂ ਸ੍ਰੀ ਸਵਤੈ ਪ੍ਰਕਾਸ ਸਰਵਹਿਤਕਾਰੀ ਸਕੂਲ, ਜ਼ੀਰਾ ਦੇ ਹਾਲ ਵਿੱਚ ਇੱਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਦੇ ਉੱਘੇ ਵਿਦਵਾਨ ਡਾਕਟਰ ਸੁਰਜੀਤ ਸਿੰਘ ਬਰਾੜ, ਧਰਮਪਾਲਸਾਹਿਲ, ਅਸ਼ੋਕ ਚੁਟਾਨੀ, ਸ੍ਰੀ ਦੇਸਰਾਜ ਜੀਤ, ਦੀਪ ਜ਼ੀਰਵੀ, ਗੁਰਚਰਨ ਨੂਰਪੁਰ, ਹਰਮੀਤ ਵਿਦਿਆਰਥੀ ਪ੍ਰਧਾਨਗੀ ਮੰਡਲ ਵਿੱਚ ਵਿਰਾਜਮਾਨ ਸਨ। ਪ੍ਰੋਗਰਾਮ ਦਾ ਅਰੰਭ ਪ੍ਰੋ ਪ੍ਰੀਤਮ ਸਿੰਘ ਪ੍ਰੀਤ ਅਤੇ ਸੱਤਪਾਲ ਖੁੱਲਰ ਦੀਆਂ ਕਵਿਤਾਵਾਂ ਨਾਲ ਹੋਇਆ। ਇਸ ਉਪਰੰਤ ਸ੍ਰੀ ਦੀਪ ਜੀਰਵੀ ਦੀ ਹਿੰਦੀ ਦੀ ਵਾਰਤਕ ਪੁਸਤਕ "ਬੋਲੋਗੇ ਕਿ ਬੋਲਤਾ ਹੈ" ਦੀ ਘੁੰਡ ਚੁਕਾਈ ਦੀ ਰਸਮ ਪ੍ਰਧਾਨਗੀ ਮੰਡਲ ਵੱਲੋਂ ਅਦਾ ਕੀਤੀ ਗਈ। ਇਸ ਪੁਸਤਕ ਬਾਰੇ ਬੋਲਦਿਆਂ ਸ੍ਰੀ ਧਰਮਪਾਲ ਸਾਹਿਲ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਡੰਗ ਤੇ ਚੋਭਾਂ ਵੀ ਹਨ ਅਤੇ ਸੋਚਾਂ ਨੂੰ ਮਧਾਣੀ ਪਾਉਣ ਦੀ ਯੋਗਤਾ ਵੀ ਹੈ। ਇਸ ਉਪਰੰਤ ਸ੍ਰੀ ਧਰਮਪਾਲ ਸਾਹਿਲ ਦੇ ਨਵੇਂ ਨਾਵਲ 'ਪਥਰਾਟ' 'ਤੇ ਉੱਘੇ ਵਿਦਵਾਨ ਅਲੋਚਕ ਡਾ ਸੁਰਜੀਤ ਬਰਾੜ ਵੱਲੋਂ ਪਰਚਾ ਪੜਿਆ ਗਿਆ। ਨਾਵਲ ਸਬੰਧੀ ਸ੍ਰੀ ਨਰਿੰਦਰ ਸ਼ਰਮਾਂ, ਹਰਮੀਤ ਵਿਦਿਆਰਥੀ, ਅਸ਼ੋਕ ਚਟਾਨੀ ਅਤੇ ਗੁਰਚਰਨ ਨੂਰਪੁਰ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
 

ਬਲਬੀਰ ਸਿੰਘ ਮੋਮੀ ਵਿਦਿਆਰਥੀਆਂ ਦੇ ਰੂ-ਬ-ਰੂ……… ਰੂ ਬ ਰੂ / ਨਿਸ਼ਾਨ ਸਿੰਘ ਰਾਠੌਰ

ਕੁਰੂਕਸ਼ੇਤਰ : ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਨੇਡਾ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਮੋਮੀ ਨੂੰ ਵਿਭਾਗ ਦੇ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਹਰਿਆਣਾ ਦੇ ਵਿਭਿੰਨ ਜ਼ਿਲ੍ਹਿਆਂ ਦੇ ਸਾਹਿਤਕਾਰ, ਵਿਦਿਆਰਥੀ ਅਤੇ ਵਿਦਵਾਨ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਸੁਖਚੈਨ ਸਿੰਘ ਭੰਡਾਰੀ ਨੇ ਕੀਤੀ। ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਅਤੇ ਸੀਨੀਅਰ ਪ੍ਰੋਫ਼ੈਸਰ ਡਾ. ਰਜਿੰਦਰ ਸਿੰਘ ਭੱਟੀ ਨੇ ਆਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡਾ. ਬਲਵਿੰਦਰ ਸਿੰਘ ਥਿੰਦ ਨੇ ਬਲਬੀਰ ਸਿੰਘ ਮੋਮੀ ਦੇ ਸਾਹਿਤਕ ਸਫ਼ਰ ਤੇ ਖੋਜ-ਪੱਤਰ ਪੜ੍ਹਿਆ। ਕਨੇਡਾ ਤੋਂ ਆਏ ਬਲਬੀਰ ਸਿੰਘ ਮੋਮੀ ਨੇ ਆਪਣੇ ਜੀਵਨ ਅਤੇ ਸਾਹਿਤਿਕ ਸਫ਼ਰ ਬਾਰੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।

ਕੈਲਗਰੀ ਵਿਚ ਸਾਹਿਤਕ ਮਿਲਣੀ ਹੋਈ ਅਤੇ ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਵੱਲੋ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਚਿੱਤਰ ਭੇਂਟ..........ਮਾਸਿਕ ਇਕੱਤਰਤਾ / ਬਲਜਿੰਦਰ ਸੰਘਾ

ਕੈਲਗਰੀ  : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 17 ਜੂਨ 2012 ਨੂੰ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਮੀਟਿੰਗ ਦੀ ਸ਼ਰੂਆਤ ਵਿਚ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ.ਪਾਲ, ਕਾਰਜਕਾਰੀ ਮੈਂਬਰ ਬੀਜਾ ਰਾਮ, ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਅਤੇ ਲੇਖਿਕਾ ਗੁਰਚਰਨ ਕੌਰ ਥਿੰਦ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਸਭ ਹਾਜ਼ਰ ਸਾਹਿਤ ਪ੍ਰੇਮੀਆਂ ਨੂੰ ਫਾਦਰਜ਼ ਡੇਅ ਦੀ ਵਧਾਈ ਦਿੰਦਿਆ ਨਾਲ ਹੀ ਇਹ ਦੁੱਖ ਦੀ ਖ਼ਬਰ ਸਾਝੀ ਕੀਤੀ ਕਿ ਲੇਖਕ ਨਿੰਦਰ ਘੁਗਿਆਣਵੀ ਦੇ ਪਿਤਾ ਜੀ ਸ੍ਰੀ ਰੋਸ਼ਨ ਲਾਲ ਅਤੇ ਗਜ਼ਲ-ਏ-ਸ਼ਹਿਨਸ਼ਾਹ ਮਹਿੰਦੀ ਹਸਨ ਇਸ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਗਏ ਹਨ। ਸਭਾ ਵੱਲੋ ਇਹਨਾਂ ਨੂੰ ਸ਼ਰਧਾਜ਼ਲੀ ਭੇਂਟ ਕੀਤੀ ਗਈ।

ਕੈਲਗਰੀ ਦੇ ਸਕੂਲਾਂ ਵਿਚ ਪੰਜਾਬੀ ਕਲਾਸਾਂ ਸ਼ੁਰੂ ਕਰਾਉਣ ਦੇ ਯਤਨਾਂ ਲਈ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਦਾ ਸਨਮਾਨ.......... ਸਨਮਾਨ ਸਮਾਰੋਹ / ਬਲਜਿੰਦਰ ਸੰਘਾ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ, ਜੋ ਬੜੇ ਲੰਬੇ ਸਮੇਂ ਤੋਂ ਸ਼ਹਿਰ ਵਿਚ ਪੰਜਾਬੀ ਬੋਲੀ ਸਕੂਲਾਂ ਵਿਚ ਸ਼ੁਰੂ ਕਰਵਾਉਣ ਲਈ ਸਭਾ ਦੇ ਪ੍ਰਧਾਨ ਮਹਿੰਦਰਪਾਲ ਐਸ. ਪਾਲ ਰਾਹੀ ਸਰਵਿਸਜ਼ ਮੰਤਰੀ ਮਨਮੀਤ ਭੁੱਲਰ ਨਾਲ ਰਾਬਤਾ ਰੱਖ ਰਹੀ ਸੀ। ਪਿਛਲੇ ਦੋ ਸਾਲਾਂ ਦੌਰਾਨ ਪੰਜਾਬੀ ਭਾਸ਼ਾ ਸਕੂਲਾਂ ਵਿਚ ਕਲਾਸਾਂ ਦੇ ਰੂਪ ਵਿਚ ਪੜ੍ਹਾਉਣ ਲਈ ਕਈ ਤਰਾਂ ਦੇ ਸੈਮੀਨਾਰ ਕਰਕੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਸੀ। ਉਸਦਾ ਸਾਰਥਿਕ ਅਸਰ ਇਹ ਹੋਇਆ ਕਿ ਹੁਣ ਸਰਕਾਰ ਨੇ ਕੈਲਗਰੀ ਨਾਰਥ-ਈਸਟ ਦੇ ਦੋ ਸਕੂਲਾਂ ਲੈਸਟਰ ਬੀ ਪੀਅਰਸਨ ਅਤੇ ਜੇਮਸ ਫੋਲਰ ਹਾਈ ਸਕੂਲ ਵਿਚ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਨ ਨੂੰ ਮਨਜੂਰੀ ਦੇ ਦਿੱਤੀ ਹੈ। ਇਸਦੇ ਸਬੰਧ ਵਿਚ ਸਭਾ ਵੱਲੋਂ ਮੰਤਰੀ ਮਨਮੀਤ ਸਿੰਘ ਭੁੱਲਰ ਦਾ ਹੁਣ ਤੱਕ ਇਸੇ ਸੰਬੰਧ ਵਿਚ ਕੀਤੇ ਯਤਨਾਂ ਸਦਕਾ ਪਲੈਕ ਨਾਲ ਖਚਾ-ਖਚ ਭਰੇ ਹੋਏ ਹਾਲ ਵਿਚ ਸਨਮਾਨ ਕੀਤਾ। ਮਨਮੀਤ ਭੁੱਲਰ ਜੀ ਨੇ ਇਸ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।

ਗ੍ਰਿਫ਼ਥ ਖੇਡਾਂ ਮੇਰੀ ਨਜ਼ਰੇ........... ਖੇਡ ਮੇਲਾ / ਮਿੰਟੂ ਬਰਾੜ

ਭਾਵੇਂ ਮੈਨੂੰ ਆਸਟ੍ਰੇਲੀਆ ਆਏ ਨੂੰ ਪੂਰੇ ਪੰਜ ਵਰ੍ਹੇ ਬੀਤ ਗਏ ਹਨ ਅਤੇ ਪੈਰ ਚੱਕਰ ਹੋਣ ਕਾਰਨ ਇਸੇ ਦੌਰਾਨ ਤਕਰੀਬਨ ਸਾਰਾ ਆਸਟ੍ਰੇਲੀਆ ਗਾਹ ਮਾਰਿਆ, ਪਰ ਪੰਜਾਬੀ ਵਸੋਂ ਵਾਲੇ ਚਾਰ ਆਸਟ੍ਰੇਲਿਆਈ ਪੇਂਡੂ ਇਲਾਕੇ ਹਾਲੇ ਵੀ ਮੇਰੀ ਪਹੁੰਚ ਤੋਂ ਦੂਰ ਹੀ ਸਨ। ਜਿਨ੍ਹਾਂ ਵਿਚ ਗ੍ਰਿਫ਼ਥ, ਸ਼ੈਪਰਟਨ, ਵੂਲਗੂਲਗਾ ਅਤੇ ਕੇਨਜ਼ ਦਾ ਨਾਂ ਜ਼ਿਕਰਯੋਗ ਹੈ। ਸੋ, ਘੁਮੱਕੜ ਕਿਸਮ ਦੇ ਬੰਦੇ ਲਈ ਇਹ ਇਕ ਚੀਸ ਹੀ ਸੀ ਕਿ ਹਾਲੇ ਤੱਕ ਪਿਛਲੇ ਸੋਲ੍ਹਾਂ ਵਰ੍ਹਿਆਂ ਤੋਂ ਹੋ ਰਹੀਆਂ, ਗ੍ਰਿਫ਼ਥ ਦੀਆਂ ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਚ ਕਾਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਤੱਕ ਵੀ ਪਹੁੰਚ ਨਹੀਂ ਸੀ ਕਰ ਸਕਿਆ। ਪਰ ਇਸ ਵਾਰ ਸਬੱਬ ਬਣ ਗਿਆ ਤੇ ਅਸੀਂ ਵੀ ਐਡੀਲੇਡ ਤੋਂ ਤਕਰੀਬਨ 850 ਕਿੱਲੋਮੀਟਰ ਦਾ ਸਫ਼ਰ ਸੜਕ ਰਾਹੀਂ ਕਰ ਕੇ ਖੇਡਾਂ ਦੇ ਪਹਿਲੇ ਦਿਨ ਦੀ ਤੜਕਸਾਰ ਗ੍ਰਿਫ਼ਥ ਦੀ ਧਰਤੀ ਨੂੰ ਜਾ ਛੋਹਿਆ।

ਐਡੀਲੇਡ ਵਿਖੇ ਹਰਭਜਨ ਮਾਨ ਤੇ ਗੁਰਪ੍ਰੀਤ ਘੁੱਗੀ ਦੇ ਸ਼ੋਅ ਦਾ ਪੋਸਟਰ ਤੇ ਟਿਕਟਾਂ ਜਾਰੀ.......... ਮਿੰਟੂ ਬਰਾੜ

ਐਡੀਲੇਡ : ਪੰਜਾਬੀ ਦੇ ਮਸ਼ਹੂਰ ਗਾਇਕ ਹਰਭਜਨ ਮਾਨ ਤੇ ਹਾਸਿਆਂ ਦੇ ਬਾਦਸ਼ਾਹ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਵਿਖੇ ਹੋ ਰਹੇ ਸ਼ੋਆਂ ਦੀ ਲੜੀ ਦੇ ਮੱਦੇ ਨਜ਼ਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਵਿਖੇ, ਟਿਕਟਾਂ ਤੇ ਪੋਸਟਰ ਜਾਰੀ ਕੀਤੇ ਗਏ । ਇਸ ਮੌਕੇ ‘ਤੇ ਸ਼ੋਅ ਦੇ ਪ੍ਰਬੰਧਕਾਂ ਮਨਦੀਪ ਭੁੱਲਰ, ਕੁਲਵਿੰਦਰ ਤਤਲਾ ਤੇ ਵਿਪਨਦੀਪ ਤੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਗੁਰਪਿੰਦਰ ਮਾਨ, ਸੁਖਚੈਨ ਗਰੇਵਾਲ, ਮਨਜਿੰਦਰ ਸਿੰਘ ਤੇ ਜਸਪ੍ਰੀਤ ਸ਼ੇਰਗਿੱਲ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ ।

ਜਿ਼ਕਰਯੋਗ ਹੈ ਕਿ 17 ਜੂਨ, ਐਤਵਾਰ ਵਾਲੇ ਦਿਨ ਹੋਣ ਵਾਲੇ ਇਸ ਸ਼ੋਅ ਲਈ ਐਡੀਲੇਡ ਤੋਂ ਬਿਨਾਂ ਆਸਪਾਸ ਦੇ ਕਰੀਬ ਢਾਈ-ਤਿੰਨ ਸੌ ਕਿਲੋਮੀਟਰ ਦੂਰ ਤੱਕ ਵਿਚਰ ਰਹੇ ਪੰਜਾਬੀ ਪਰਿਵਾਰਾਂ ‘ਚ ਭਰਪੂਰ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸ਼ੋਅ ਦੇ ਪ੍ਰਬੰਧਕਾਂ ਨੇ ਵਾਅਦਾ ਕੀਤਾ ਕਿ ਪਰਿਵਾਰਾਂ ਦੇ ਇਸ ਉਤਸ਼ਾਹ ਨੂੰ ਮੱਦੇ ਨਜ਼ਰ ਰੱਖਦਿਆਂ, ਇਸ ਸ਼ੋਅ ਨੂੰ ਪੂਰੀ ਤਰ੍ਹਾਂ ਪਰਿਵਾਰਿਕ ਮਾਹੌਲ ਪ੍ਰਦਾਨ ਕੀਤਾ ਜਾਏਗਾ ਤੇ ਸਕਿਉਰਟੀ ਦਾ ਪੂਰਾ ਪੂਰਾ ਇੰਤਜ਼ਾਮ ਰਹੇਗਾ । ਪ੍ਰਬੰਧਕਾਂ ਨੇ ਸਭ ਦਰਸ਼ਕਾਂ ਨੂੰ ਸ਼ੋਅ ‘ਚ ਸਮੇਂ ਸਿਰ ਪੁੱਜਣ ਦੀ ਵਿਸ਼ੇਸ਼ ਬੇਨਤੀ ਕੀਤੀ ਕਿਉਂ ਜੋ ਸ਼ੋਅ ਠੀਕ ਦਿੱਤੇ ਗਏ ਸਮੇਂ ਸ਼ਾਮ ਦੇ 6:30 ਵਜੇ ਸ਼ੁਰੂ ਹੋ ਜਾਵੇਗਾ । ਇਸ ਸ਼ੋਅ ਦੇ ਸੰਬੰਧ ‘ਚ ਟਿਕਟਾਂ ਤੇ ਹੋਰ ਜਾਣਕਾਰੀ ਲਈ ਮੋਬਾਇਲ ਨੰਬਰ 0430 025 482, 0433 047 005 ਜਾਂ 0425 245 911 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।

****

ਦੂਜੀ ਵਾਰ ਅੱਖੀਂ ਡਿੱਠਾ ਆਸਟ੍ਰੇਲੀਆ ਦਾ ਗ੍ਰਿਫਥ ਮੇਲਾ……… ਗੱਜਣਵਾਲਾ ਸੁਖਮਿੰਦਰ

ਆਸਟ੍ਰੇਲੀਆ ਦੇ ਛੋਟੇ ਜੇਹੇ ਰਮਣੀਕ ਸ਼ਹਿਰ ਗ੍ਰਿਫਥ ਵਿੱਚ ਜੂਨ ਚਰਾਸੀ ਦੇ ਸਾਕੇ ਦੀ ਯਾਦ ਵਿੱਚ ਖੇਡ ਮੇਲੇ ਦਾ ਪਹਿਲਾ ਦਿਨ  ਸੀ । ਪਿਛਲੇ ਸਾਲ ਵਾਂਗ ਤੇਜਸ਼ਦੀਪ ਸਿੰਘ ਅਜਨੌਦਾ, ਸ਼ਮਿੰਦਰ ਸਿੰਘ ਸੇਖੋਂ ਤੇ ਖਮਾਣੋ ਵਾਲਾ ਵਾਲੀਬਾਲ ਖਿਡਾਰੀ ਅਮਨਦੀਪ ਸਿੰਘ ਮੱਲ੍ਹੀ ਅਸੀਂ ਚਾਰੇ ਗਰਾਉਂਡ ਦੇ ਨੇੜੇ ਪਹੁੰਚੇ ਤਾਂ ਵੇਖ ਕੇ ਅਸ਼ ਅਸ਼ ਕਰ ਉਠੇ  । ਆਸਟ੍ਰੇਲੀਆ ਵਸਦਾ  ਪੰਜਾਬੀ ਭਾਈਚਾਰਾ ਅਤੇ ਖੇਡ ਸਭਿਆਚਾਰ ਨੂੰ ਮੋਹ ਕਰਨ ਵਾਲਾ ਤਬਕਾ ਅੱਤ ਦੀ ਸਰਦੀ ਵਿਚ ਬੜੇ ਉਮੰਗ ਸਹਿਤ ਸ਼ਾਮਲ ਹੋ ਰਿਹਾ ਸੀ ।ਅਜੇ ਸਵੇਰ ਦੇ ਸਾਢੇ ਕੁ ਦਸ ਹੀ ਵੱਜੇ ਸਨ ਕਿ ਕਾਰ ਪਾਰਕਿੰਗ ਭਰ ਗਈ ਸੀ । ਮੈਦਾਨ ਦੇ ਦੁਆਲੇ ਬਣੀ  ਖੂਬਸੁਰਤ ਖੁੱਲੀ ਸੜਕ ਤੇ ਬੜੀ ਸੁਚੱਜੇ ਢੰਗ ਨਾਲ ਰੰਗ ਬਰੰਗੀਆਂ ਗੱਡੀਆਂ ਰੁਕ ਰਹੀਆਂ ਸਨ  ।

ਗੁਰੂ ਘਰ ਦੀਆਂ ਵੱਡੀਆਂ ਬਖਸ਼ਿਸ਼ਾਂ ।  ਬਲਿਹਾਰੇ  ਤੇਰੇ ਸਿੱਖਾਂ ਸੇਵਕਾਂ ਦੇ ।ਸਾਰਾ ਖਾਣ ਪੀਣ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਗ੍ਰਿਫਥ ਤੇ ਲੋਕਲ ਸੰਗਤਾਂ ਵੱਲੋਂ ।ਜਾਣ ਸਾਰ ਨਾਸ਼ਤੇ ਦਾ ਪ੍ਰਬੰਧ ।ਫਲ ਫਰੂਟ, ਸ਼ੁੱਧ ਬਰਫੀ ਤੇ ਗਰਮ ਗਰਮ  ਟਿੱਕੀਆਂ ਸਮੋਸਿਆਂ ਦੇ ਨਾਲ ਕਰਾਰੇ ਛੋਲੇ, ਲੱਡੂ ਤੇ ਨਮਕੀਨੀ ਪਕਵਾਨ, ਕੜੱਕ ਭਾਫਾਂ ਛਡਦੀ ਚਾਹ ਨਾਲ ਵਰਤਾਏ ਜਾ ਰਹੇ ਸਨ । ਕੋਈ ਸ਼ੋਰ ਨਹੀਂ, ਕੋਈ ਧੱਕਮ ਧੱਕਾ ਨਹੀਂ ਬਹੁਤ ਹੀ ਸਲੀਕੇ ਨਾਲ ਲਾਈਨ ਬਣਾ ਕੇ ਚਾਹਵਾਨ ਪਲੇਟਾਂ ‘ਚ ਪੁਆ ਕੇ ਪਿਛੇ ਹਟਦੇ ਜਾਂਦੇ ਸਨ । ਫਿਰ ਸਭ ਲਈ ਲੰਗਰ ਦਾ ਪ੍ਰ੍ਬੰਧ ਸੀ ਤੇ ਦੋਨੋਂ ਦਿਨ 9-10 ਜੂਨ ਦੇ ਦਿਨ ਇਹ ਸਿਲਸਲਾ ਜਾਰੀ ਰਿਹਾ ।

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ……… ਮਾਸਿਕ ਇਕੱਤਰਤਾ / ਜੱਸ ਚਾਹਲ

ਕੈਲਗਰੀ : ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 2 ਜੂਨ 2012 ਦਿਨ ਸ਼ਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ ਹਾਲ ਵਿਚ ਹੋਈ। ਫੋਰਮ ਦੇ ਸਕੱਤਰ ਜੱਸ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਬੀਬੀ ਸੁਰਿੰਦਰ ਗੀਤ ਨੂੰ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਸਕੱਤਰ ਦੇ ਸੱਦੇ ਤੇ ਹਰਸੁਖਵੰਤ ਸਿੰਘ ਸ਼ੇਰਗਿਲ ਨੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪ੍ਰਵਾਨ ਕੀਤੀ ਗਈ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀਆਂ ਦੋ ਗ਼ਜ਼ਲਾਂ ਸੁਣਾਕੇ ਅੱਜ ਦਾ ਰਚਨਾਵਾਂ ਦਾ ਦੌਰ ਸ਼ੁਰੂ ਕੀਤਾ :

1- ਨਾਮ ਤੇਰਾ  ਲੈ ਰਿਹਾਂ ਮੈਂ  ਹਰ ਘੜੀ
   ਸਾਧਨਾ ਹੈ ਭਗਤ ਜਿਉ ਕਰਦਾ ਕੜੀ।
   ਵਾਂਗ ਝਰਨੇ ਪ੍ਰੇਮ ਤੇਰਾ ਝਰ ਰਿਹਾ
   ਵਿਰਦ ਹਾਂ ਗਲਤਾਨ ਬਿਨ ਮਾਲਾ ਫੜੀ।

2-ਤੇਰੇ ਆਵਣ ਦੀ ਖੁਸ਼ੀ ਦਿਲ, ਚੁੰਗੀਆਂ ਭਰਦਾ ਫਿਰੇ
   ਅਲਵਲੱਲੀ ਗੱਲ ਜੀਕਣ, ਬਾਲਕਾ  ਕਰਦਾ ਫਿਰੇ।
   ਵਿਚ ਹਾਵਾਂ ਉਡਦਾ ਹੈ ਦਿਲ ਇਵੇਂ ਮਖਮੂਰ ਹੋ
   ਜਾਪਦਾ ਜੀਕਣ ਖ਼ੁਸ਼ੀ ਦੀ ਲਹਿਰ ‘ਤੇ ਤਰਦਾ ਫਿਰੇ।

ਲਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਕ ਰੱਖਿਆ ਜਾਵੇ.......... ਵਿਚਾਰ-ਗੋਸ਼ਟੀ / ਕੇਹਰ ਸ਼ਰੀਫ਼

ਜਰਮਨੀ ਦੀ ਆਰਥਿਕ ਰਾਜਧਾਨੀ ਦੇ ਤੌਰ ਤੇ ਜਾਣੇ ਜਾਂਦੇ ਸ਼ਹਿਰ ਫਰੈਂਕਫੋਰਟ ਵਿਖੇ  ‘ਚਿੰਗਾਰੀ ਫੋਰਮ ਜਰਮਨੀ’ ਅਤੇ ‘ਪਾਕਿ ਯੂਰੋ ਜਰਨਲਿਸਟ ਫੋਰਮ’ ਵਲੋਂ ਲਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਚੌਕ ਰੱਖਣ ਅਤੇ ਸ਼ਹੀਦਾਂ ਸਬੰਧੀ ਇੱਥੇ ਯਾਦਗਾਰ ਕਾਇਮ ਕਰਨ ਦੀ ਮੰਗ ਬਾਰੇ ਖੁੱਲ੍ਹ ਕੇ ਵਿਚਾਰਾਂ ਕਰਨ ਵਾਸਤੇ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਭਾਰਤ ਦੀ ਅਜਾਦੀ ਦੀ ਲਹਿਰ ਵਿਚ ਦੇਣ ਬਾਰੇ ਅਤੇ ਇਨਕਲਾਬੀਆਂ ਦੇ ਜੀਵਨ ਅਤੇ ਸੰਘਰਸ਼ਾਂ ਸਬੰਧੀ ਦੂਰੋਂ ਨੇੜਿਉਂ ਆਏ ਖੱਬੇ ਪੱਖੀ ਕਾਰਕੁਨਾਂ ਨੇ ਵਿਚਾਰ ਸਾਂਝੇ ਕੀਤੇ।

ਯਾਦ ਰਹੇ ਲਹੌਰ ਵਿਚ ਜਿੱਥੇ ਇਹ ਸ਼ਾਦਮਾਨ ਚੌਕ (ਖੁਸ਼ੀਆਂ ਦਾ ਘਰ ਜਾਂ ਖੁਸ਼ੀਆਂ ਭਰਿਆ ਵਿਹੜਾ) ਹੈ, ਨਾਲ ਹੀ ਇੱਥੇ ਨਵੀਂਆਂ ਉਸਾਰੀਆਂ ਕਰ ਦਿੱਤੀਆਂ ਗਈਆਂ। ਇਹ ਉਹ ਸਥਾਨ ਹੈ ਜਿੱਥੇ ਪਹਿਲਾਂ ਉਹ ਜੇਲ੍ਹ ਹੁੰਦੀ ਸੀ ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸਦੇ ਸਾਥੀ ਬੰਦੀ ਸਨ ਅਤੇ ਇੱਥੇ ਹੀ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ। ਪਰ ਬਾਅਦ ਵਿਚ ਇਹ ਜੇਲ ਵੀ ਤਬਾਹ ਕਰ ਦਿੱਤੀ ਗਈ ਅਤੇ ਜਿਨ੍ਹਾਂ ਜੇਲ੍ਹ  ਕੋਠੜੀਆਂ ਵਿਚ ਸਾਡੇ ਸੂਰਮੇ ਦੇਸ਼ਭਗਤਾਂ ਨੇ ਆਪਣੀ ਜੇਲ੍ਹਬੰਦੀ ਦਾ ਸਮਾਂ ਗੁਜਾਰਿਆਂ ਉਹ ਸਥਾਨ ਤਬਾਹ ਕਰ ਦਿੱਤੇ ਗਏ। ਇਸ ਤਰ੍ਹਾਂ ਇਸ ਯਾਦਗਾਰੀ ਸਥਾਨ ਤਬਾਹ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲੋਂ ਤੋੜਨ ਦਾ ਜਤਨ ਕੀਤਾ ਗਿਆ। ਵਿਰਸੇ ਨੂੰ ਚੇਤੇ ਕਰਦਿਆਂ ਆਪਣੇ ਲੋਕਾਂ ਤੱਕ ਪਹੁੰਚਾਉਣ ਦਾ ਇਹ ਇਕ ਆਰੰਭਕ ਜਤਨ ਕਿਹਾ ਜਾ ਸਕਦਾ ਹੈ।

6ਵੇਂ ਬ੍ਰਿਸਬੇਨ ਕਵੀ ਦਰਬਾਰ ਨੇ ਕੀਲੀ ਰੱਖੇ ਸਰੋਤੇ……… ਕਵੀ ਦਰਬਾਰ / ਮੁਹਿੰਦਰ ਪਾਲ ਸਿੰਘ ਕਾਹਲੋਂ

ਬ੍ਰਿਸਬੇਨ : ਬੀਤੇ ਦਿਨੀਂ ਇਥੋਂ ਦੇ ਇੰਡੋਜ਼ ਸਿੱਖ ਕਮਿਉਨਟੀ ਸੈਂਟਰ ਦੇ ਕਮਿਉਨਟੀ ਹਾਲ ਵਿਚ ਕੀਤੇ ਕਵੀ ਦਰਬਾਰ ਦੀ ਸ਼ਮੂਲੀਅਤ ਨੇ ਆਪਣੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ। ਸਰੋਤਿਆਂ ਨੇ ਚਾਰ ਘੰਟੇ ਤੱਕ 28 ਕਵੀਆਂ ਦੀਆਂ ਰਚਨਾਵਾਂ ਦਾ ਭਰਪੂਰ ਆਨੰਦ ਮਾਣਿਆ । ਇਸ ਦੀ ਸਫਲਤਾ ਦਾ ਸਿਹਰਾ ਮਾਂ ਬੋਲੀ ਪੰਜਾਬੀ ਦੇ ਅਣਥੱਕ ਲਾਡਲੇ ਸਪੂਤ, ਉਘੇ ਸਮਾਜ ਸੇਵੀ, ਰਛਪਾਲ ਸਿੰਘ ਹੇਅਰ ਦੇ ਸਿਰ ਬੱਝਦਾ ਹੈ, ਜਿਸਨੇ ਇਸ ਸਾਹਤਿਕ ਸਮਾਗਮ ਲਈ ਦਿਨ ਰਾਤ ਇਕ ਕਰ ਦਿੱਤਾ। ਆਪ ਪਿਛਲੇ 24 ਸਾਲ ਤੋਂ ਬ੍ਰਿਸਬੇਨ ਦੇ ਰੇਡੀਓ 4 ਈ ਬੀ ਦੇ ਪੰਜਾਬੀ ਪ੍ਰੋਗਰਾਮਾਂ ਰਾਹੀਂ ਵੀ ਸੇਵਾਵਾਂ ਨਿਭਾ ਰਹੇ ਹਨ। ਵਿਦੇਸ਼ਾਂ ਵਿਚ ਪਹਿਲੀ ਵਾਰ ਉਰਦੂ ਦੇ ਮੁਸ਼ਾਇਰਿਆਂ ਦੀ ਤਰਜ਼ ‘ਤੇ ਸ਼ਮ੍ਹਾਂ ਰੋਸ਼ਨ ਕਰਕੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ, ਜਿਸ ਨੂੰ ਇੰਡੋਜ਼ ਪੰਜਾਬੀ ਕਲਚਰਲ ਸੁਸਾਇਟੀ ਦੇ ਰਛਪਾਲ ਸਿੰਘ ਹੇਅਰ, 'ਦਾ ਪੰਜਾਬ' ਦੇ ਐਡੀਟਰ ਮਨਜੀਤ ਬੋਪਾਰਾਏ, ਬ੍ਰਿਸਬੇਨ ਪੰਜਾਬੀ ਸੱਥ ਦੇ ਦਲਵੀਰ ਹਲਵਾਰਵੀ ਨੇ ਰੋਸ਼ਨ ਕੀਤਾ। ਪ੍ਰਧਾਨਗੀ ਮੰਡਲ ਵਿਚ ਇੰਡੋਜ਼ ਸਿੱਖ ਕਮਿਉਨਟੀ ਸੈਂਟਰ ਦੇ ਚੈਅਰਮੇਨ ਸਰਦਾਰ ਪਰਮਜੀਤ ਸਿੰਘ ਸਰਾਏ, ਗੁਰੂ ਨਾਨਕ ਗੁਰਦਵਾਰਾ, ਇਨਾਲਾ, ਬ੍ਰਿਸਬੇਨ ਦੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਰੰਧਾਵਾ, ਖਜ਼ਾਨਚੀ ਸਰਦਾਰ ਜਰਨੈਲ ਸਿੰਘ ਬਾਸੀ ਸਸ਼ੋਭਿਤ ਹੋਏ।

ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਵਿਸ਼ਵ ਪ੍ਰਦੂਸ਼ਨ ਦਿਵਸ ‘ਤੇ ਸੈਮੀਨਾਰ……… ਸੈਮੀਨਾਰ / ਗੋਪਾਲ ਜੱਸਲ

ਕੈਲਗਰੀ : ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਵਿਸ਼ਵ ਪ੍ਰਦੂਸ਼ਨ ਦਿਵਸ ‘ਤੇ ਰੱਖੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾ. ਭਜਨ ਗਿੱਲ ਨੇ ਕਿਹਾ ਕਿ ਪ੍ਰਦੂਸ਼ਨ ਦੀ ਸਮੱਸਿਆ ਸੰਸਾਰ ਵਿਆਪੀ ਹੈ। ਇਸ ਨੂੰ ਦੁਨੀਆਂ ਪੱਧਰ ‘ਤੇ ਜਾਗਰੂਪਤਾ ਮਹਿੰਮ ਚਲਾ ਕੇ ਹੀ ਨਜਿੱਠਿਆ ਜਾ ਸਕਦਾ ਹੈ। ਸੰਸਾਰ ਸਾਮਰਾਜਵਾਦੀ ਆਰਥਿਕ-ਰਾਜਨੀਤਿਕ ਪ੍ਰਬੰਧ ਨੇ ਮੁਨਾਫਿਆਂ ਅਤੇ ਆਪਣੀ ਚੌਧਰ ਕਾਇਮ ਕਰਨ ਲਈ ਮਨੁੱਖਤਾ ਨੂੰ ਖਤਰੇ ਮੂੰਹ ਧੱਕਿਆ ਹੋਇਆ ਹੈ। ਪ੍ਰਦੂਸ਼ਨ ਭਾਵੇਂ ਕਈ ਕਿਸਮ ਦਾ ਹੈ ਪਰੰਤੂ ਵਾਤਾਵਰਨ ਦਾ ਪ੍ਰਦੂਸ਼ਨ ਸਭ ਤੋਂ ਖਤਰਨਾਕ ਹੈ। ਗਰੀਨ ਹਾਊਸ ਗੈਸਾਂ ਅਤੇ ਰੇਡੀਉ ਐਕਟਿਵ ਸਮੱਗਰੀ ਫੈਲਾਉਣ ‘ਚ ਫੌਜ ਦੀ ਭੂਮਿਕਾ, ਬਾਰੂਦੀ ਸੁਰੰਗਾਂ ਦੇ ਵਿਛਾਉਣ ਨਾਲ ਨੁਕਸਾਨ, ਜੰਗ ਦੌਰਾਨ ਜੰਗਲਾਂ ਦਾ ਨੁਕਸਾਨ, ਹਥਿਆਰਾਂ ਦੇ ਉਤਪਾਦਨ ਅਤੇ ਸੰਭਾਲ ਦੌਰਾਨ ਵਾਤਾਵਰਨ ਦਾ ਸਭ ਤੋਂ ਵਧੇਰੇ ਨੁਕਸਾਨ ਹੋਇਆ ਹੈ।
 
ਵਾਤਾਵਰਨ ਨੂੰ ਪ੍ਰਦੂਸ਼ਤ ਕਰਨ ਮੁੱਖ ਭੂਮਿਕਾ ਅਮਰੀਕਾ, ਚੀਨ, ਜਪਾਨ, ਰੂਸ, ਭਾਰਤ, ਜਰਮਨੀ, ਬਰਾਜ਼ੀਲ, ਕਨੇਡਾ, ਸਾਊਦੀ ਅਰਬ, ਦੱਖਣੀ ਕੋਰੀਆ, ਮੈਕਸੀਕੋ, ਫਰਾਂਸ, ਇੰਗਲੈਂਡ, ਇਟਲੀ, ਇਰਾਨ, ਸਪੇਨ ਅਤੇ ਇੰਡੋਨੇਸ਼ੀਆ ਦੀ ਹੈ।

ਹਰਮਨ ਰੇਡੀਓ, ਆਸਟ੍ਰੇਲੀਆ ਵੱਲੋਂ ਕੀਤਾ ਗਿਆ ਪੰਦਰਾਂ ਦਿਨਾਂ ਗੁਰਮਤਿ ਕੈਂਪ ਦਾ ਆਯੋਜਨ………… ਰਿਸ਼ੀ ਗੁਲਾਟੀ

ਐਡੀਲੇਡ : ਆਸਟ੍ਰੇਲੀਆ ਦੇ 24 ਘੰਟੇ ਚੱਲਣ ਵਾਲੇ ਪਹਿਲੇ ਰੇਡੀਓ ਹਰਮਨ ਰੇਡੀਓ ਵੱਲੋਂ ਪਹਿਲੀ ਵਾਰ ਪਟਿਆਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਦੋ ਹਫਤੇ ਤੱਕ ਚੱਲਣ ਵਾਲੇ ਇਸ ਕੈਂਪ ਵਿਚ ਪਟਿਆਲਾ ਤੇ ਆਸ ਪਾਸ ਦੇ ਪਿੰਡਾਂ ਦੇ ਪੰਜਵੀਂ ਜਮਾਤ ਤੋਂ ਬੀ. ਏ. ਤੱਕ ਦੇ 773 ਵਿਦਿਆਰਥੀਆਂ ਨੇ ਭਾਗ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ ਗਈ । ਇਸ ਕੈਂਪ ‘ਚ ਵਿਦਿਆਰਥੀਆਂ ਨੂੰ ਗੁਰ ਇਤਿਹਾਸ, ਗੁਰਬਾਣੀ ਸੰਥਿਆ, ਸਿੱਖ ਇਤਿਹਾਸ, ਗੱਤਕਾ ਤੋਂ ਇਲਾਵਾ ਦਸਤਾਰ ਸਿਖਲਾਈ ਦਿੱਤੀ ਜਾਵੇਗੀ ।

ਕੈਂਪ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੈਂਪ ਕੋਆਰਡੀਨੇਟਰ ਹਨਵੰਤ ਸਿੰਘ ਦੁਆਰਾ ਗੁਰਮਤਿ ਕੈਂਪ ਦੀ ਰੂਪ-ਰੇਖਾ ਦੇ ਨਾਲ-ਨਾਲ ਸਿੱਖ ਰਹਿਤ ਮਰਿਯਾਦਾ ਬਾਰੇ ਭਾਸ਼ਣ ਨਾਲ ਹੋਈ । ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੇ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਵਿਸ਼ੇਸ਼ ਤੌਰ ‘ਤੇ ਪਧਾਰੇ । ਇਸ ਮੌਕੇ ‘ਤੇ ਬੋਲਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਅਜੋਕੇ ਦੌਰ ‘ਚ ਆਪਣੇ ਧਾਰਮਿਕ ਵਿਰਸੇ ਤੋਂ ਦੂਰ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਪਤਿਤਪੁਣੇ ਤੋਂ ਰੋਕਣ ਲਈ ਗੁਰਮਤਿ ਕੈਂਪਾਂ ਦਾ ਆਯੋਜਨ ਬੇਹੱਦ ਮਹੱਤਵਪੂਰਣ ਹੈ । ਉਨ੍ਹਾਂ ਇਸ ਉਦਮ ਲਈ ਹਰਮਨ ਰੇਡੀਓ ਨੂੰ ਵਧਾਈ ਪੇਸ਼ ਕੀਤੀ ।

ਦਰਸ਼ਕਾਂ ਦੇ ਹਰ ਡਾਲਰ ਦਾ ਮੁੱਲ ਮੋੜਾਂਗੇ – ਨਰਿੰਦਰ ਬੈਂਸ……… ਸੁਖਦੀਪ ਬਰਾੜ

ਐਡੀਲੇਡ : ਆਸਟ੍ਰੇਲੀਆ ’ਚ ਅੱਜਕੱਲ੍ਹ ਸ਼ੋਆਂ ਦਾ ਦੌਰ ਆਪਣੇ ਜੋਬਨ ‘ਤੇ ਹੈ। ਇਸੇ ਲੜੀ ਦੇ ਤਹਿਤ “ਪਿਓਰ ਪੰਜਾਬੀ” ਨਾਂ ਹੇਠ ਪ੍ਰੀਤ ਹਰਪਾਲ, ਹਰਜੀਤ ਹਰਮਨ, ਜੈਲੀ ਅਤੇ ਗੁਰਲੀਨ ਚੋਪੜਾ ਦੇ ਹੋ ਰਹੇ ਸ਼ੋਆਂ ਦੇ ਸਿਲਸਿਲੇ ’ਚ ਇਕ ਪ੍ਰੈੱਸ ਮੀਟ ਐਡੀਲੇਡ ਦੇ ਮਸ਼ਹੂਰ ਰੈਸਟੋਰੈਂਟ ‘ਤੰਦੂਰੀ ਕੈਫ਼ੇ’ ਤੇ ਸ਼ੋਅ ਦੇ ਪ੍ਰਮੋਟਰਾਂ ਵੱਲੋਂ ਕੀਤੀ ਗਈ। ਜਿਸ ਦੌਰਾਨ ਆਸਟ੍ਰੇਲੀਆ-ਨਿਊਜ਼ੀਲੈਂਡ ਦੇ ਸ਼ੋਆਂ ਦੇ ਮੁੱਖ ਪ੍ਰਮੋਟਰ ਅਤੇ ਪ੍ਰੀਤ ਹਰਪਾਲ ਦੇ ਛੋਟੇ ਭਰਾ ਨਰਿੰਦਰ ਬੈਂਸ ਅਤੇ ਐਡੀਲੇਡ ਸ਼ੋਅ ਦੇ ਕਰਤਾ-ਧਰਤਾ ਨਿੱਕ ਆਹਲੂਵਾਲੀਆ, ਨਵਦੀਪ ਅਗਨੀਹੋਤਰੀ, ਅਵਿਨਾਸ਼ ਅਤੇ ਜਗਦੀਪ ਸਿੰਘ ਅਤੇ ਐਡੀਲੇਡ ਸ਼ੋਅ ਦੇ ਮੁੱਖ ਸਪਾਂਸਰ ਕੇ. ਡੀ. ਸਿੰਘ ਨੇ ਪੱਤਰਕਾਰਾਂ ਨੂੰ ਹੋ ਰਹੇ ਸ਼ੋਆਂ ਦੀ ਰੂਪ ਰੇਖਾ ਬਾਰੇ ਦੱਸਿਆ। ਇਸ ਸ਼ੋਆਂ ਤੋਂ ਬਾਅਦ ਪ੍ਰੀਤ ਹਰਪਾਲ ਦੀ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ “ਸਿਰ ਫਿਰੇ” ਬਾਰੇ ਵੀ ਵਿਸਤਾਰ ’ਚ ਦੱਸਿਆ। ਇਸ ਮੌਕੇ ਤੇ ਬੋਲਦਿਆਂ ਨਰਿੰਦਰ ਬੈਂਸ ਨੇ ਦੱਸਿਆ ਕਿ ਉਹ ਦਰਸ਼ਕਾਂ ਨਾਲ ਵਾਅਦਾ ਕਰਦੇ ਹਨ ਕਿ ਇਹ ਸ਼ੋਅ ਪੂਰਨ ਰੂਪ ਵਿਚ ਪਰਵਾਰਿਕ ਸ਼ੋਅ ਹੋਣਗੇ। ਸੁਰੱਖਿਆ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਦਰਸ਼ਕਾਂ ਦੇ ਖ਼ਰਚੇ ਇਕ-ਇਕ ਡਾਲਰ ਦਾ ਮੁੱਲ ਮੋੜਿਆ ਜਾ ਸਕੇ। ਇੱਥੇ ਜ਼ਿਕਰਯੋਗ ਹੈ ਕਿ ਨਰਿੰਦਰ ਬੈਂਸ ਦੇ ਨਾਲ ਨਾਲ ਉੱਘੇ ਪ੍ਰਮੋਟਰ ਰੌਕੀ ਭੁੱਲਰ ਵੀ ਇਹਨਾਂ ਸ਼ੋਆਂ ਦੇ ਮੁੱਖ ਪ੍ਰਮੋਟਰ ਹਨ।

****

ਕਲਾ ਕੇਂਦਰ ਟੋਰਾਂਟੋ ਵਲੋਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ.......... ਪੁਸਤਕ ਰਿਲੀਜ਼ / ਮੇਜਰ ਮਾਂਗਟ

ਕਲਾ ਕੇਂਦਰ ਟੋਰਾਂਟੋ ਵਲੋਂ ਬਰੈਂਪਟਨ ਸ਼ਹਿਰ ਦੇ ਮੈਲਨੀ ਅਤੇ ਸਟੀਲ ਦੇ ਕੋਨੇ ਤੇ ਸਥਿਤ ਰੋਇਲ ਇੰਡੀਆ ਸਵੀਟਸ ਐਂਡ ਰੈਸਟੋਰੈਂਟ ਵਿਚ ਸਾਹਿਤ ਪ੍ਰੇਮੀਆਂ ਦੇ ਇਕੱਠ ਵਿਚ ਬਲਬੀਰ ਕੌਰ ਸੰਘੇੜਾ, ਮਿਨੀ ਗਰੇਵਾਲ ਅਤੇ ਮੇਜਰ ਮਾਂਗਟ ਹੁਰਾਂ ਦੁਆਰਾ ਲਿਖੀਆਂ ਤਿੰਨ ਪੁਸਤਕਾਂ ਲੋਕ-ਅਰਪਣ ਕੀਤੀਆਂ ਗਈਆਂ ।
ਕਲਾ ਕੇਂਦਰ ਟੋਰਾਂਟੋ ਦੀ ਸਥਾਪਨਾ 1993 ਵਿਚ ਬਲਬੀਰ ਸੰਘੇੜਾ, ਮੇਜਰ ਮਾਂਗਟ ਅਤੇ ਮੇਜਰ ਨਾਗਰਾ ਦੁਆਰਾ ਕੀਤੀ ਗਈ ਸੀ । ਸਭ ਤੋਂ ਪਹਿਲਾਂ ਇਸ ਸੰਸਥਾ ਨੇ ਮਾਲਟਨ ਦੇ ਕਮਿਉਨਿਟੀ ਸੈਂਟਰ ਵਿਖੇ, ਕੋਈ ਤਿੰਨ ਸੌ ਬੰਦਿਆਂ ਦੇ ਇਕੱਠ ਵਿਚ, ਤਬਲਾ ਵਾਦਕ ਲਛਮਣ ਸਿੰਘ ਸੀਨ ਅਤੇ ਸਿਤਾਰ ਵਾਦਕ ਕਿਨਰ ਸੀਨ ਦਾ ਧਮਾਕੇਦਾਰ ਪ੍ਰੋਗਰਾਮ ਪੇਸ਼ ਕੀਤਾ । ਸਮੇਂ ਸਮੇਂ ਇਸ ਸੰਸਥਾ ਨੇ ਦਰਜਨ ਕੁ ਕਿਤਾਬਾਂ ਰਿਲੀਜ਼ ਕੀਤੀਆਂ ਅਤੇ ਇਨ੍ਹਾਂ ਤੇ ਗੋਸ਼ਟੀਆਂ ਕਰਵਾਈਆਂ । ਅਜ ਇਸ ਸੰਸਥਾ ਨੇ ਨਾਮਵਰ ਸਾਹਿਤਕਾਰਾਂ ਤੇ ਪਾਠਕਾਂ ਦੇ ਭਰਪੂਰ ਇਕੱਠ ਵਿੱਚ ਤਿੰਨ ਕਿਤਾਬਾਂ ਲੋਕ ਅਰਪਣ ਕੀਤੀਆਂ । ਇਨ੍ਹਾਂ ਪੁਸਤਕਾਂ ਤੇ ਵਿਦਵਾਨਾਂ ਵਲੋਂ ਪਰਚੇ ਪੜੇ ਗਏ ਅਤੇ ਭਰਪੂਰ ਚਰਚਾ ਕੀਤੀ ਗਈ । ਬਹੁਤ ਸਵਾਦਿਸ਼ਟ ਪ੍ਰੀਤੀ ਭੋਜਨ ਪਰੋਸਿਆ ਗਿਆ ਅਤੇ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ ।

ਰੰਗ ਮੰਚ ਦੀ ਵਿੱਲਖਣ ਪੇਸ਼ਕਾਰੀ “ਨੌਟੀ ਬਾਬਾ ਇੰਨ ਟਾਊਨ……… ਰੰਗਮੰਚ / ਖੁਸ਼ਪ੍ਰੀਤ ਸਿੰਘ ਸੁਨਾਮ

ਜਿੰਦਗੀ ਨੂੰ ਰੰਗ ਮੰਚ ਦੀ ਸੰਗਿਆ ਦਿੱਤੀ ਜਾਂਦੀ ਹੈ। ਹਰੇਕ ਇਨਸਾਨ ਦੁਨੀਆਂ ਉਪਰ ਆਉਂਦਾ ਹੈ ਅਤੇ ਆਪਣੇ ਹਿੱਸੇ ਦਾ ਰੋਲ ਅਦਾ ਕਰਕੇ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਰੰਗ ਮੰਚ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਵੀ ਜਿੰਦਗੀ ਦਾ ਇੱਕ ਅਟੁੱਟ ਹਿੱਸਾ ਹੀ ਜਾਪਦਾ ਹੈ। ਕਈ ਵਾਰ ਤਾਂ ਰੰਗ ਮੰਚ ਦੇ ਰੰਗ ਇੰਨੇ ਗੂੜੇ ਹੋ ਜਾਂਦੇ ਹਨ ਕਿ ਰੰਗ ਮੰਚ ਅਤੇ ਅਸਲੀ ਜਿੰਦਗੀ ਵਿੱਚ ਅੰਤਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜਦੋਂ ਕਦੀ ਪੰਜਾਬੀ ਰੰਗ ਮੰਚ ਦੀ ਗੱਲ ਤੁਰਦੀ ਹੈ ਤਾਂ ਇਹ ਆਮ ਤੌਰ ‘ਤੇ ਇਨਕਲਾਬੀ ਲੋਕ ਪੱਖੀ ਰੰਗ ਮੰਚ ਦੇ ਸਬੰਧ ਵਿੱਚ ਹੀ ਹੁੰਦੀ ਹੈ। ਪੰਜਾਬ ਦੀਆਂ ਬਹੁਤ ਸਾਰੀਆਂ ਨਾਟਕ ਮੰਡਲੀਆਂ ਪੰਜਾਬ ਦੇ ਅਨੇਕਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੇ ਨਾਟਕ ਅਕਸਰ ਹੀ ਪੇਸ਼ ਕਰਦੀਆਂ ਹਨ। ਇਨ੍ਹਾਂ ਨਾਟਕਾਂ ਦਾ ਵਿਸ਼ਾ ਵਸਤੂ ਆਮ ਲੋਕਾਂ ਖਾਸ ਕਰਕੇ ਕਿਸਾਨਾਂ, ਕਿਰਤੀਆਂ ਦੀਆਂ ਜਿੰਦਗੀ ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਦੁੱਖ ਤਕਲੀਫਾਂ ਅਤੇ ਆਰਥਿਕ ਤੰਗੀਆਂ, ਤੁਰਸ਼ੀਆਂ ਬਾਰੇ ਹੁੰਦਾ ਹੈ। ਇਨ੍ਹਾਂ ਦਾ ਸਰੋਤਾ ਦਰਸ਼ਕ ਵਰਗ ਗੰਭੀਰ ਅਤੇ ਸੰਜੀਦਾ ਕਿਸਮ ਦਾ ਹੁੰਦਾ ਹੈ, ਪਰੰਤੂ ਜਿਸ ਰੰਗ ਮੰਚ ਦੀ ਗੱਲ ਅਸੀਂ ਹਥਲੇ ਲੇਖ ਵਿੱਚ ਕਰਨ ਜਾ ਰਹੇ ਹਾਂ, ੳਹ ਨਾ ਸਿਰਫ ਵਿਸ਼ੇ ਪੱਖੋਂ ਨਿਵੇਕਲਾ ਸਗੋਂ ਬਿਲਕੁਲ ਸਜੱਰਾ, ਮਨੋਰੰਜਨ ਭਰਪੂਰ ਅਤੇ ਸੰਦੇਸ਼ ਵਰਧਕ ਵੀ ਹੈ।

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਵਲੋਂ ਸਨਮਾਨਿਤ.......... ਸਨਮਾਨ ਸਮਾਰੋਹ

ਜਨਵਾਦੀ ਲੇਖਕ ਸੰਘ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਨੇ ਪਰਵਾਸੀ ਗ਼ਜ਼ਲਗੋ ਕੈਲਗਰੀ ਨਿਵਾਸੀ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਦੇ ਸਨਮਾਨ ਵਿਚ ਮਈ ਦੇ ਪਹਿਲੇ ਐਤਵਾਰ ਨੂੰ ਇਕ ਸ਼ਾਨਦਾਰ ਸਮਾਰੋਹ ਦਾ ਪ੍ਰਬੰਧ ਕੀਤਾ, ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਭਾਰੀ ਗਿਣਤੀ ਵਿਚ ਹਿੱਸਾ ਲਿਆ। ਇਸ ਸਮੇਂ ਇਕ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿਚ ਬਹੁਤ ਸਾਰੇ ਕਵੀਆਂ ਨੇ ਹਿੱਸਾ ਲਿਆ। ਪ੍ਰਸਿੱਧ ਸ਼ਾਇਰ ਅਤੇ ਵਕੀਲ ਅਜਾਇਬ ਸਿੰਘ ਹੁੰਦਲ ਨੇ ਇਸ ਦੀ ਸਦਾਰਤ ਕੀਤੀ। ਸਟੇਜ ਸੰਚਾਲਣ ਅੰਮ੍ਰਿਤਸਰ ਦੇ ਪ੍ਰਸਿਧ ਸ਼ਾਇਰ ਦੇਵ ਦਰਦ ਨੇ ਕੀਤਾ। ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਬਾਰੇ ਜਾਣਕਾਰੀ ਦੇਂਦਿਆਂ ਉਹਨਾ ਦੱਸਿਆ ਕਿ ਪ੍ਰੋ. ਸੰਧੂ ਨੇ 65 ਸਾਲ ਦੇ ਹੋਣ ਪਿਛੋਂ ਪੰਜਾਬੀ ਗ਼ਜ਼ਲ ਵੱਲ ਮੁਹਾੜਾਂ ਮੋੜੀਆਂ ਤੇ ਗ਼ਜ਼ਲ ਲਿਖਣੀ ਸ਼ੁਰੂ ਕੀਤੀ। ਹੁਣ 75 ਸਾਲ ਦੇ ਹੋਣ ਤਕ ਉਹਨਾਂ ਨੇ 500 ਤੋਂ ਵੱਧ ਮਿਆਰੀ ਗ਼ਜ਼ਲਾਂ ਲਿਖੀਆਂ ਹਨ। ਉਹਨਾਂ ਦੀਆਂ ਸੱਤ ਕਿਤਾਬਾਂ ਛਪ ਚੁਕੀਆਂ ਹਨ। (1) ਗਾ ਜ਼ਿੰਦਗੀ ਦੇ ਗੀਤ ਤੂੰ 2003 (2) ਜੋਤ ਸਾਹਸ ਦੀ ਜਗਾ 2005 (3) ਬਣ ਸੁਆ ਤੂੰ 2006 (4) ਰੌਸ਼ਨੀ ਦੀ ਭਾਲ 2007 (5) ਸੁਲਗਦੀ ਲੀਕ 2008 (6) ਗੀਤ ਤੋਂ ਸੁਲਗਦੀ ਲੀਕ ਤਕ 2009 (7) ਢਲ ਰਹੇ ਐ ਸੂਰਜਾ 2011। 2003 ਵਿਚ ਉਹਨਾਂ ਨੇ ਕੈਨੇਡਾ ਦੇ ਰਾਸ਼ਟਰ ਗੀਤ ‘ਓ ਕੈਨੇਡਾ’ ਦਾ ਪੰਜਾਬੀ ਵਰਸ਼ਨ ਤਿਆਰ ਕੀਤਾ ਜੋ ਕੈਨੇਡਾ ਦੇ ਆਰਕਾਈਵਜ਼ ਵਿਚ ਰੱਖਿਆ ਗਿਆ। 2005 ਵਿਚ ਉਹਨਾਂ ਦਾ ਤਿਆਰ ਕੀਤਾ ‘ਓ ਕੈਨੇਡਾ’ ਅਤੇ ਅਤੇ ਅਲਬਰਟਾ ਸੂਬੇ ਦੇ ਗੀਤ ‘ਅਲਬਰਟਾ’ ਦਾ ਪੰਜਾਬੀ ਵਰਸ਼ਨ ਅਲਬਰਟਾ ਸੂਬੇ ਦੀ ਅਸੈਂਬਲੀ ਦੇ ਸਥਾਈ ਰੀਕਾਰਡ ਤੇ ਰੱਖਿਆ ਗਿਆ ਤੇ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨੂੰ ਇਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ।ਕੈਨੇਡਾ ਅਤੇ ਭਾਰਤ ਦੀਆਂ ਕਈ ਉਘੀਆਂ ਸੰਸਥਾਵਾਂ ਹੁਣ ਤਕ ਪ੍ਰੋ. ਸੰਧੂ ਨੂੰ ਸਨਮਾਨਿਤ ਕਰ ਚੁਕੀਆਂ ਹਨ।

ਪੰਜਾਬੀ ਗਾਇਕ ਅਮਰਿੰਦਰ ਗਿੱਲ, ਫਿ਼ਰੋਜ਼ ਖ਼ਾਨ ਤੇ ਕਮਲ ਗਰੇਵਾਲ ਇੰਪੀਰਿਅਲ ਕਾਲਜ ਆਫ਼ ਟਰੇਡਜ਼ ਐਡੀਲੇਡ ਵਿਖੇ .......... ਰੂ ਬ ਰੂ / ਕਰਨ ਬਰਾੜ

ਇੰਪੀਰਿਅਲ ਕਾਲੇਜ ਆਫ਼ ਟਰੇਡਜ਼ ਐਡੀਲੇਡ ਵਿਖੇ ਪੰਜਾਬੀ ਗਾਇਕੀ ਦੇ ਚਮਕਦੇ ਸਿਤਾਰੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਹੋਰਾਂ ਦਾ ਵਿਦਿਆਰਥੀਆਂ ਨਾਲ ਰੂਬਰੂ ਪ੍ਰੋਗ੍ਰਾਮ ਆਯੋਜਿਤ ਕੀਤਾ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਅਮਰਿੰਦਰ ਗਿੱਲ ਦੇ ਗਾਏ ਹੋਏ ਗੀਤਾਂ ਤੇ ਡਾਂਸ ਪੇਸ਼ ਕਰ ਕੇ ਸਮੇਂ ਦਾ ਰੰਗ ਬੰਨ੍ਹ ਦਿੱਤਾ । ਆਏ ਹੋਏ ਕਲਾਕਾਰਾਂ ਨੇ ਆਪਣੀ ਦਿਲਕਸ਼ ਅਵਾਜ਼ ‘ਚ ਸੁਰੀਲੇ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ । ਅਮਰਿੰਦਰ ਗਿੱਲ ਹੋਰਾਂ ਦਾ ਕਾਲਜ ਆਓਣਾ ਹੋਰ ਵੀ ਸਾਰਥਕ ਹੋ ਗਿਆ ਕਿਓਂਕਿ ਅਮਰਿੰਦਰ ਗਿੱਲ ਖੁਦ ਵੀ ਅਗਰੀਕਲਚਰ ਵਿਸ਼ੇ ਦੇ ਮਾਹਰ ਹਨ ਅਤੇ ਇੰਪੀਰਿਅਲ ਕਾਲਜ ਵੀ ਪੂਰੇ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਐਡਵਾਂਸ ਡਿਪਲੋਮਾ ਆਫ਼ ਹਾਰਟੀਕਲਚਰ (ਬਾਗਬਾਨੀ ) ਦੀ ਸਿਖਿਆ ਦੇਣ ਵਾਲਾ ਇੱਕੋ ਇਕ ਪ੍ਰਾਈਵੇਟ ਕਾਲਜ ਹੈ । 

ਥ੍ਰੀ ਜ਼ੀ ਐਂਟਰਟੇਨਰ ਦਾ ਐਡੀਲੇਡ ’ਚ ਇਕ ਹੋਰ ਸਫਲ "ਵਤਨੋਂ ਦੂਰ ਮੇਲਾ"……… ਕਰਨ ਬਰਾੜ

ਐਡੀਲੇਡ : ਥ੍ਰੀ ਜ਼ੀ ਐਂਟਰਟੇਨਰ ਵੱਲੋਂ ਕਰਵਾਏ ਗਏ ਭੰਗੜਾ ਵੋਰੀਅਰਸ ਨਾਂ ਦੇ ਅਮਰਿੰਦਰ ਗਿੱਲ, ਫ਼ਿਰੋਜ਼ ਖਾਨ ਅਤੇ ਕਮਲ ਗਰੇਵਾਲ ਦੇ ਸ਼ੋਅ ਦੀ ਕਾਮਯਾਬੀ ਦਾ ਸਿਹਰਾ ਇਕ ਬਾਰ ਫੇਰ ਤਿਰਮਾਨ ਗਿੱਲ, ਅਮਰਜੀਤ ਗਰੇਵਾਲ, ਰਿਪਨ ਗਿੱਲ, ਭਰਤ ਕੈਂਥ ਅਤੇ ਪ੍ਰਭਜੋਤ ਸਾਹਨੀ ਦੀ ਸੁਚੱਜੀ ਅਗਵਾਈ ਨੂੰ ਜਾਂਦਾ ਹੈ। ਹਮੇਸ਼ਾ ਦੀ ਤਰ੍ਹਾਂ ਵਕਤ ਦੀ ਬੇਕਦਰੀ ਨਾਲ ਸ਼ੁਰੂ ਹੋਇਆ ਇਹ ਸ਼ੋਅ ਆਪਣੇ ਸਾਰੇ ਗਿਲੇ ਸ਼ਿਕਵੇ ਦੂਰ ਕਰਦਾ ਹੋਇਆ ਮੁਕਾਮ ਤੇ ਪਹੁੰਚਿਆ। ਸ਼ੋਅ ਦਾ ਆਗਾਜ਼ ਆਸਟ੍ਰੇਲੀਆ ਦੇ ਲੋਕਲ ਗਾਇਕ ਵੀਰ ਭੰਗੂ ਦੀ ਰਸ ਭਰੀ ਅਤੇ ਬੁਲੰਦ ਆਵਾਜ਼ ਨਾਲ ਹੋਇਆ। ਉਨ੍ਹਾਂ ਉੱਤੇ ਥੱਲੇ ਤਿੰਨ ਗੀਤ ਗਾ ਕੇ ਆਪਣੇ ਆਉਣ ਵਾਲੇ ਭਵਿੱਖ ਦੇ ਸੰਕੇਤ ਕਲਾਕਾਰਾਂ ਅਤੇ ਦਰਸ਼ਕਾਂ ਨੂੰ ਦਿੱਤੇ। ਇਸ ਤੋਂ ਬਾਅਦ ਨੌਜਵਾਨ ਗਾਇਕ ਕਮਲ ਗਰੇਵਾਲ ਨੇ ਆਪਣੇ ਹਿੱਟ ਗੀਤਾਂ ਦੇ ਨਾਲ ਨਾਲ ਕੁਝ ਇਕ ਹੋਰ ਗਾਇਕਾਂ ਦੇ ਲੋਕਪ੍ਰਿਆ ਗੀਤ ਗਾ ਕੇ ਦਰਸ਼ਕਾਂ ਦਾ ਪਿਆਰ ਕਬੂਲਿਆ। ਪਰ ਲੋਕਾਂ ਵਿਚ ਉਨ੍ਹਾਂ ਦੀ ਪੇਸ਼ਕਾਰੀ ਬਾਰੇ ਆਮ ਚਰਚਾ ਸੀ ਕਿ ਜਿਵੇਂ ਉਹ ਬੱਬੂ ਮਾਨ ਦੇ ਨਕਸ਼ੇ ਕਦਮ ਤੇ ਚੱਲ ਰਹੇ ਹੋਣ।

ਸਾਹਿਤਕ ਖੇਤਰ ਵਿਚ ਗਹਿਰੀ ਛਾਪ ਛੱਡ ਗਿਆ ਪੰਜਾਬੀ ਲਿਖ਼ਾਰੀ ਸਭਾ.......... ਸਲਾਨਾ ਸਮਾਗਮ / ਬਲਜਿੰਦਰ ਸੰਘਾ

ਕੈਲਗਰੀ ਦੇ 13ਵੇਂ ਸਲਾਨਾ ਸਮਾਗਮ ਵਿਚ ਸਾਧੂ ਬਿਨਿੰਗ ਦਾ ਸਨਮਾਨ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ 13ਵਾਂ ਸਲਾਨਾ ਸਮਾਗਮ 26 ਮਈ 2012 ਦਿਨ ਸ਼ਨੀਵਾਰ ਨੂੰ ਫਾਲਕਿਨਰਿੱਜ / ਕੈਸਲਰਿੱਜ ਕਮਿਊਨਟੀ ਹਾਲ ਕੈਲਗਰੀ, ਕੈਨੇਡਾ ਵਿਚ ਹੋਇਆ। ਤਾੜੀਆਂ ਦੀ ਗੂੰਜ਼ ਵਿਚ ਜਨਰਲ ਸਕੱਤਰ ਬਲਜਿੰਦਰ ਸੰਘਾ ਨੇ ਪ੍ਰਧਾਨ ਮਹਿੰਦਰਪਾਲ ਐਸ.ਪਾਲ, ਮੁੱਖ ਮਹਿਮਾਨ ਸਾਧੂ ਬਿਨਿੰਗ ਜੀ, ਜਗਦੀਸ਼ ਕੌਰ ਬਿਨਿੰਗ, ਰਘਬੀਰ ਸਿੰਘ ਸਿਰਜਣਾ ਅਤੇ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਸ਼ੁਰੂ ਵਿਚ ਬੱਚਿਆਂ ਵੱਲੋਂ ਭੰਗੜੇ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੰਗਾਰੰਗ ਝਲਕ ਪੇਸ਼ ਕੀਤੀ ਗਈ, ਜਿਸਨੂੰ ਭਰੇ ਹੋਏ ਹਾਲ ਦੇ ਦਰਸ਼ਕਾਂ ਨੇ ਖੂ਼ਬ ਪਸੰਦ ਕੀਤਾ। ਬਲਵੀਰ ਗੋਰੇ ਅਤੇ ਤਰਲੋਚਨ ਸੈਂਭੀ ਵੱਲੋਂ ਬੁਲੰਦ ਅਵਾਜ਼ ਵਿਚ ਬਲਵੀਰ ਗੋਰੇ ਦੀ ਰਚਨਾ ਸੁਣਾਕੇ ਸਾਹਿਤਕ ਸਮਾਗਮ ਦਾ ਆਰੰਭ ਕੀਤਾ ਗਿਆ, ਜਿਸਦੇ ਬੋਲ ਸਨ ‘ਲੁੱਟ ਸਾਧ ਪਖੰਡੀ ਨੇ ਲੋਕਾਂ ਨੂੰ ਧਰਮ ਦੀ ਆੜ ‘ਚੋਂ ਖਾਗੇ’। ਇਸਤੋਂ ਬਾਅਦ ਸਭਾ ਵੱਲੋਂ ਪਹਿਲਾਂ ਕਰਵਾਏ ਗਏ ਬੱਚਿਆਂ ਦੇ ਪ੍ਰੋਗਰਾਮ ਦੀ ਡੀ.ਵੀ.ਡੀ. ਸਾਧੂ ਬਿਨਿੰਗ, ਮਹਿੰਦਰਪਾਲ ਐਸ. ਪਾਲ, ਜ਼ੋਰਾਵਰ ਬਾਂਸਲ ਅਤੇ ਰਣਜੀਤ ਲਾਡੀ ਵੱਲੋਂ ਰੀਲੀਜ਼ ਕੀਤੀ ਗਈ।

ਪਰਥ ਪੰਜਾਬੀ ਮੇਲੇ ਵਿੱਚ ਲੱਗੀਆਂ ਰੌਣਕਾਂ……… ਸੱਭਿਆਚਾਰਕ ਸਮਾਗਮ

ਪਰਥ : ਬੀਤੇ ਦਿਨੀਂ ਪਰਥ ਵਿਖੇ ਇੱਕ ਪੰਜਾਬੀ ਮੇਲਾ ਕਰਵਾਇਆ ਗਿਆ ਜਿਸ ਦੌਰਾਨ ਗਾਇਕ ਅਮਰਿੰਦਰ ਗਿੱਲ,ਫਿਰੋਜ ਖਾਨ ਅਤੇ ਕਮਲ ਗਰੇਵਾਲ ਨੇ ਆਪਣੇ ਗੀਤਾਂ ਰਾਹੀ ਲੋਕਾਂ ਦਾ ਭਰਪੂਰ ਮਨੋਂਰੰਜਨ ਕੀਤਾ।ਨੀਰੋ ਇਟਾਲੀਅਨ ਰੈਸਟੋਰੈਂਟ ਅਤੇ ਖਾਲਸਾ ਗਰੁੱਪ ਆਫ ਕੰਪਨੀਂਜ ਦੇ ਸਹਿਯੋਗ ਨਾਲ ਓਸਿਸ ਲਈਅਰ ਸੈਂਟਰ ਵਿੱਚ ਕਰਵਾਏ ਇਸ ਮੇਲੇ ਦੀ ਸ਼ੁਰੂਆਤ ਰਿਦਮ ਭੰਗੜਾ ਗਰੁੱਪ ਦੇ ਗੱਭਰੂਆਂ ਅਤੇ ਮੁਟਿਆਰਾਂ ਦੁਆਰਾ ਪੇਸ਼ ਕੀਤੇ ਭੰਗੜੇ ਨਾਲ ਹੋਈ।ਪਰਥ ਵਸਦੇ ਸੁਰੀਲੇ ਗਾਇਕ ਕਾਲਾ ਧਾਰਨੀ ਨੇ ਪਰਦੇਸੀਆਂ ਬਾਰੇ ਗੀਤ ਗਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਇਸ ਤੋਂ ਬਾਦ ਗਾਇਕ ਕਮਲ ਗਰੇਵਾਲ ਨੇ ਆਪਣਾਂ ਮਸ਼ਹੂਰ ਗੀਤ ਸਰਦਾਰੀ ਅਤੇ ਸੁਰੀਲੇ ਗਾਇਕ ਫਿਰੋਜ ਖਾਨ ਨੇ ਆਪਣੇ ਗੀਤ ‘ਪਾਣੀ ਦੀਆਂ ਛੱਲਾਂ,ਮਾਵਾਂ ਚੇਤੇ ਆਉਂਦੀਆਂ ਨੇ,ਨਵੇਂ ਨਵੇਂ ਆਏ ਹਾਂ ਪੰਜਾਬ ਤੋਂ,ਅਤੇ ਤੂੰਬਾ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ।ਫਿਰ ਵਾਰੀ ਆਈ ਗਾਇਕ ਅਮਰਿੰਦਰ ਗਿੱਲ ਦੀ ਜਿਸਨੇ ਸਟੇਜ ਤੇ ਆਉਂਦਿਆਂ ਹੀ ਬੜੇ ਜੋਸ਼ ਨਾਲ ਆਪਣੇ ਹਿੱਟ ਗੀਤ ‘ਨਾਜਰਾ’,ਦਿਲਦਾਰੀਆਂ,ਸਲਾਮਾਂ ਹੁੰਦੀਆਂ,ਡੱਬੀ ਆਦਿ ਸੁਣਾ ਕੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੇ 26 ਮਈ ਨੂੰ ਹੋਣ ਵਾਲੇ 13ਵੇਂ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ..........ਬਲਜਿੰਦਰ ਸੰਘਾ

ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ਼), ਕੈਨੇਡਾ ਦਾ 13ਵਾਂ ਸਲਾਨਾ ਸਮਾਗਮ 26 ਮਈ 2012 ਨੂੰ ਫਾਲਕਿੱਨਰਿਜ / ਕੈਸਲਰਿੱਜ ਕਮਿਊਨਟੀ ਹਾਲ ਵਿਚ ਦੁਪਹਿਰ ਦੇ 1:30 ਤੋਂ 4:30 ਵਜੇ ਤੱਕ ਹੋਣ ਜਾ ਰਿਹਾ ਹੈ। ਜਿਸ ਦੇ ਸੰਬੰਧ ਵਿਚ 12ਮਈ ਨੂੰ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਤੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇਸ ਸਮਾਗਮ ਵਿਚ ਪ੍ਰਸਿੱਧ ਲੇਖਕ ਤੇ ਕੈਨੇਡਾ ਵਿਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਸਾਧੂ ਬਿਨਿੰਗ ਜੀ ਦਾ ਸਨਮਾਨ ਕੀਤਾ ਜਵੇਗਾ। ਸਾਧੂ ਬਿਨਿੰਗ ਨੇ ਅਨੇਕਾਂ ਕਿਤਾਬਾਂ ਲਿਖੀਆਂ। ਜਿਸ ਵਿਚ ਕਹਾਣੀਆਂ, ਕਵਿਤਾਵਾਂ, ਵਾਰਤਕ ਸ਼ਾਮਿਲ ਹੈ। ਉਹਨਾਂ ਦਾ ਪ੍ਰਸਿੱਧ ਅਤੇ ਵੱਡਅਕਾਰੀ ਨਾਵਲ ‘ਜੁਗਤੂ’ ਅੱਜ ਵੀ ਬਹੁਤ ਹਰਮਨ ਪਿਆਰਾ ਹੈ ਤੇ ਨੈਗੇਟਿਵ ਚਰਿੱਤਰ ਦਾ ਇਹ ਪੰਜਾਬੀ ਸਾਹਿਤ ਦਾ ਇਕ ਨਿਵਕੇਕਲਾ ਨਾਵਲ ਹੈ। ਮੀਟਿੰਗ ਵਿਚ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ਼) ਮਾਂ ਬੋਲੀ ਅਤੇ ਪੰਜਾਬੀ ਕਲਚਰ ਦੇ ਵਿਦੇਸ਼ਾਂ ਵਿਚ ਵਿਕਾਸ ਲਈ ਇਕ ਵਧੀਆ ਰੋਲ ਅਦਾ ਕਰ ਰਹੀ ਹੈ।

ਬੇਟੀ ਦੇ ਜਨਮ ਲੈਣ 'ਤੇ ਮੁੰਡਾ ਜੰਮਣ ਵਰਗੇ ਕਾਰ ਵਿਹਾਰ ਕੀਤੇ ਖੁਰਮੀ ਪਰਿਵਾਰ ਨੇ ..........ਮਿੰਟੂ ਹਿੰਮਤਪੁਰਾ

ਨਿਹਾਲ ਸਿੰਘ ਵਾਲਾ : ਵਿਸ਼ਵ ਭਰ ਦੇ ਪੰਜਾਬੀ ਅਖਬਾਰਾਂ ਨੂੰ ਆਪਣੀ ਵੈੱਬਸਾਈਟ 'ਹਿੰਮਤਪੁਰਾ ਡੌਟ ਕੌਮ' ਰਾਹੀਂ ਇੱਕ ਲੜੀ 'ਚ ਪ੍ਰੋਣ ਵਰਗਾ ਕਾਰਜ ਕਰਨ ਵਾਲੇ ਇੰਗਲੈਂਡ ਵਾਸੀ ਲੇਖਕ ਤੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਦੇ ਘਰ ਬੀਤੇ ਦਿਨੀਂ ਪੁੱਤਰੀ ਨੇ ਜਨਮ ਲਿਆ। ਨਵੇਂ ਜੀਅ ਦੀ ਆਮਦ 'ਤੇ ਪਿੰਡ ਹਿੰਮਤਪੁਰਾ ਵਿਖੇ ਉਹਨਾਂ ਦੇ ਘਰ ਉਹ ਸਭ ਕਾਰ ਵਿਹਾਰ ਕੀਤੇ ਗਏ ਜਿਹੜੇ ਆਮ ਕਰਕੇ ਮੁੰਡੇ ਦੇ ਜਨਮ ਲੈਣ ਸਮੇਂ ਕੀਤੇ ਜਾਂਦੇ ਹਨ। ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਚਿਰਾਂ ਤੋਂ ਚੱਲੇ ਆ ਰਹੇ ਮੁੰਡੇ ਕੁੜੀ ਦੇ ਫ਼ਰਕ ਨੂੰ ਨਿੰਮ ਬੰਨ੍ਹ ਕੇ ਬਰਾਬਰ ਕੀਤਾ।